ਭਾਰਤ ਕੋਲ ਹੈ ਪ੍ਰਮਾਣੂ ਸਮੱਗਰੀ ਦਾ ਵੱਡਾ ਜ਼ਖੀਰਾ : ਪਾਕੀ ਮੀਡੀਆ

ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਤ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਕੋਲ ਦੋ ਹਜ਼ਾਰ ਮਿਜ਼ਾਈਲਾਂ ਲਈ ਲੋੜੀਂਦੇ ਪ੍ਰਮਾਣੂ ਹਥਿਆਰ ਹਨ। ਪਾਕਿਸਤਾਨ ਦੀ ਨੈਸ਼ਨਲ ਕਮਾਂਡ ਅਥਾਰਟੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤ ਆਪਣੇ ਪ੍ਰਮਾਣੂ ਪ੍ਰੋਗਰਾਮ ਦਾ ਲਗਾਤਾਰ ਵਿਸਥਾਰ ਕਰ ਰਿਹਾ ਹੈ ਅਤੇ ਵਿਵਾਦ ਸੁਲਝਾਉਣ ਲਈ ਕਿਸੇ ਢਾਂਚੇ ਦੀ ਘਾਟ ਕਾਰਨ ਇਸ ਖੇਤਰ 'ਚ ਰਣਨੀਤਕ ਸਥਿਰਤਾ 'ਤੇ ਵੀ ਅਸਰ ਪੈ ਰਿਹਾ ਹੈ।
ਪਾਕਿਸਤਾਨ ਦੀ ਪ੍ਰਸਿੱਧ ਅਖ਼ਬਾਰ ਡਾਨ ਵੱਲੋਂ ਨੈਸ਼ਨਲ ਕਮਾਂਡ ਅਥਾਰਟੀ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਨੂੰ ਅਜਿਹੇ ਹਾਲਾਤ ਦੇ ਮੱਦੇਨਜ਼ਰ ਮਜਬੂਰੀ 'ਚ ਆਪਣੀ ਪ੍ਰਮਾਣੂ ਮੁਕਾਬਲਾ ਸਮਰੱਥਾ ਨੂੰ ਬਰਕਰਾਰ ਰੱਖਣਾ ਪੈ ਰਿਹਾ ਹੈ। ਪਾਕਿਸਤਾਨੀ ਫ਼ੌਜ ਦੀ ਪ੍ਰਚਾਰ ਸ਼ਾਖਾ ਨੇ ਕਿਹਾ ਹੈ ਕਿ ਦੇਸ਼ ਦੇ ਪ੍ਰਮਾਣੂ ਹਥਿਆਰਾਂ 'ਤੇ ਨੀਤੀਆਂ ਬਣਾਉਣ ਵਾਲੀ ਸਭ ਤੋਂ ਵੱਡੀ ਏਜੰਸੀ ਨੇ ਇੱਕ ਮੀਟਿੰਗ 'ਚ ਪਾਕਿਸਤਾਨ ਦੇ ਐਟਮੀ ਪ੍ਰੋਗਰਾਮ ਅਤੇ ਖੇਤਰ 'ਚ ਸੁਰੱਖਿਆ ਦੇ ਮਾਹੌਲ ਦਾ ਜਾਇਜ਼ਾ ਲਿਆ।
ਮੀਡੀਆ ਰਿਪੋਰਟਾਂ 'ਚ ਕੌਮਾਂਤਰੀ ਅਨੁਮਾਨਾਂ ਦੇ ਉਲਟ ਪਾਕਿਸਤਾਨੀ ਅਨੁਮਾਨਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਕੋਲ ਲੋੜੀਂਦੀ ਮਾਤਰਾ 'ਚ ਪ੍ਰਮਾਣੂ ਸਮੱਗਰੀ ਦਾ ਜਖੀਰਾ ਹੈ, ਜਿਸ 'ਚ ਰਿਐਕਟਰਾਂ ਤੋਂ ਲੈ ਕੇ ਪ੍ਰਮਾਣੂ ਹਥਿਆਰ ਬਣਾਉਣ 'ਚ ਕੰਮ ਆ ਸਕਣ ਵਾਲੇ ਗਰੇਡ ਦਾ ਪਲੂਟੋਨੀਅਮ ਵੀ ਸ਼ਾਮਲ ਹੈ।