ਮੁੰਬਈ ਮਗਰੋਂ ਰਾਜਸਥਾਨ 'ਚ ਵੀ ਮੀਟ 'ਤੇ ਪਾਬੰਦੀ

ਜੈਨ ਭਾਈਚਾਰੇ ਦੇ ਇੱਕ ਤਿਉਹਾਰ ਮੌਕੇ ਰਾਜਸਥਾਨ ਸਰਕਾਰ ਨੇ ਵੀ ਮੀਟ ਅਤੇ ਮੱਛੀ ਦੀ ਵਿਕਰੀ 'ਤੇ ਤਿੰਨ ਦਿਨਾਂ ਲਈ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮੀਟ 'ਤੇ ਪਾਬੰਦੀ ਨੂੰ ਲੈ ਕੇ ਮੁੰਬਈ 'ਚ ਘਮਾਸਾਨ ਮਚਿਆ ਹੋਇਆ ਹੈ। ਸੂਬਾ ਸਰਕਾਰ ਵੱਲੋਂ ਅੱਜ ਜਾਰੀ ਹੁਕਮ ਅਨੁਸਾਰ ਜੈਨ ਤਿਉਹਾਰ ਦੇ ਮੱਦੇਨਜ਼ਰ ਸੂਬੇ ਭਰ 'ਚ 17,18 ਅਤੇ 19 ਸਤੰਬਰ ਨੂੰ ਮੀਟ ਅਤੇ ਮੱਛੀ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਅਤੇ ਰਾਜਸਥਾਨ 'ਚ ਇਸ ਵੇਲੇ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਉਨ੍ਹਾ ਦੇ ਇਸ ਫ਼ੈਸਲੇ ਨਾਲ ਵਿਰੋਧੀ ਧਿਰ ਨੂੰ ਉਨ੍ਹਾ 'ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ। ਐਨ ਸੀ ਪੀ ਅਤੇ ਕਾਂਗਰਸ ਨੇ ਮਹਾਂਰਾਸ਼ਟਰ 'ਚ ਮੀਟ 'ਤੇ ਪਾਬੰਦੀ ਦਾ ਵਿਰੋਧ ਕਰਦਿਆਂ ਕਿਹਾ ਕਿ 2017 'ਚ ਹੋਣ ਵਾਲੀਆਂ ਮਿਊਂਸਪਲ ਚੋਣਾਂ 'ਚ ਵੋਟਰਾਂ ਨੂੰ ਲੁਭਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਭਾਜਪਾ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਮੁੰਬਈ ਨਗਰ ਨਿਗਮ ਨੇ ਲਿਆ ਹੈ, ਸਰਕਾਰ ਦੀ ਉਸ 'ਚ ਕੋਈ ਭੂਮਿਕਾ ਨਹੀਂ ਹੈ।