ਕਲਬੁਰਗੀ ਤੋਂ ਬਾਅਦ ਹੁਣ ਭਗਵਾਨ ਨੂੰ ਧਮਕੀ

ਪ੍ਰਸਿੱਧ ਕੰਨੜ ਵਿਦਵਾਨ ਐੱਮ ਅੱੈਮ ਕਲਬੁਰਗੀ ਦੇ ਕਤਲ ਤੋਂ ਇੱਕ ਹਫ਼ਤੇ ਮਗਰੋਂ ਇੱਕ ਹੋਰ ਲੇਖਕ ਕੇ ਐਸ ਭਗਵਾਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਭਗਵਾਨ ਨੇ ਦਸਿਆ ਕਿ ਇਹ ਪੱਤਰ ਬੁੱਧਵਾਰ ਨੂੰ ਉਨ੍ਹਾ ਦੇ ਪਰਵਾਰ ਨੂੰ ਮਿਲਿਆ। ਉਨ੍ਹਾ ਦਸਿਆ ਕਿ ਇਹ ਪੱਤਰ ਪੜ੍ਹਨ ਮਗਰੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੱਤਰ ਅਜੇ ਵੀ ਪੁਲਸ ਕੋਲ ਹੈ। ਇਸ ਸਾਲ ਮੈਸੂਰ 'ਚ ਇੱਕ ਲੈਕਚਰ 'ਚ ਕਥਿਤ ਤੌਰ 'ਤੇ ਭਾਗਵਤ ਗੀਤਾ ਖਿਲਾਫ਼ ਇਤਰਾਜ਼ਯੋਗ ਟਿਪਣੀ ਕਰਨ ਮਗਰੋਂ ਦੱਖਣ ਪੰਥੀ ਕੱਟੜਵਾਦੀ ਗਰੁੱਪ ਭਗਵਾਨ ਤੋਂ ਨਰਾਜ਼ ਹੋ ਗਏ ਸਨ।
ਇੱਕ ਪੁਲਸ ਅਧਿਕਾਰੀ ਨੇ ਦਸਿਆ ਕਿ ਪੁਲਸ ਪੱਤਰ ਦੀ ਜਾਂਚ ਕਰ ਰਹੀ ਹੈ ਅਤੇ ਇਸ ਗੱਲ ਦਾ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਇਹ ਪੱਤਰ ਕਿੱਥੋਂ ਭੇਜਿਆ ਗਿਆ। ਸਾਊਥ ਰੇਂਜ ਦੇ ਆਈ ਜੀ ਪੁਲਸ ਸ੍ਰੀ ਬੀ ਕੇ ਸਿੰਘ ਨੇ ਭਗਵਾਨ ਨੂੰ ਧਮਕੀ ਪੱਤਰ ਭੇਜੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਭਗਵਾਨ ਦੇ ਸਾਥੀ ਕਲਬੁਰਗੀ ਦੇ ਕਤਲ ਦੇ ਸੰਬੰਧ 'ਚ ਦੱਖਣ ਕੰਨੜ ਜ਼ਿਲ੍ਹੇ ਤੋਂ ਬਜਰੰਗ ਦਲ ਦੇ ਇੱਕ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।