ਸਵਾਗਤ ਯੋਗ ਹੈ ਚੰਡੀਗੜ੍ਹ ਦਾ ਕੌਮਾਂਤਰੀ ਏਅਰਪੋਰਟ

ਚੰਡੀਗੜ੍ਹ ਵਿੱਚ ਬਣਾਏ ਗਏ ਇੰਟਰਨੈਸ਼ਨਲ ਏਅਰਪੋਰਟ ਦਾ ਅੱਜ ਉਦਘਾਟਨ ਹੋ ਗਿਆ ਹੈ। ਇਸ ਨਾਲ ਦੋ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਦਿੱਲੀ ਅਤੇ ਅੰਮ੍ਰਿਤਸਰ ਦੇ ਦੋ ਇੰਟਰਨੈਸ਼ਨਲ ਏਅਰਪੋਰਟਾਂ ਦੇ ਵਿਚਾਲੇ ਹੋਰ ਕੋਈ ਕੌਮਾਂਤਰੀ ਹਵਾਈ ਅੱਡਾ ਨਾ ਹੋਣ ਕਾਰਨ ਲੋਕਾਂ ਨੂੰ ਬੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ। ਜੰਮੂ-ਕਸ਼ਮੀਰ ਵਿੱਚ ਵੀ ਕੋਈ ਕੌਮਾਂਤਰੀ ਏਅਰਪੋਰਟ ਨਹੀਂ ਹੈ। ਇਸ ਦਾ ਲਾਭ ਓਥੋਂ ਵਾਲੇ ਲੋਕਾਂ ਨੂੰ ਵੀ ਹੋਵੇਗਾ। ਇਸ ਪੱਖ ਦਾ ਧਿਆਨ ਰੱਖਦੇ ਹੋਏ ਹਰ ਪੰਜਾਬੀ ਨੂੰ ਇਸ ਏਅਰਪੋਰਟ ਦੇ ਚਾਲੂ ਹੋਣ ਦਾ ਸਵਾਗਤ ਕਰਨਾ ਚਾਹੀਦਾ ਹੈ।
ਜਦੋਂ ਅੰਮ੍ਰਿਤਸਰ ਵਾਲੇ ਰਾਜਾਸਾਂਸੀ ਹਵਾਈ ਅੱਡੇ ਨੂੰ ਕੌਮਾਂਤਰੀ ਦਰਜਾ ਦਿੱਤਾ ਗਿਆ ਸੀ, ਉਸ ਵਕਤ ਸਿਆਸੀ ਲੋੜਾਂ ਦਾ ਧਿਆਨ ਵੱਧ ਰੱਖਿਆ ਗਿਆ ਅਤੇ ਵਰਤਣ ਵਾਲਿਆਂ ਦੀ ਗਿਣਤੀ ਅੱਖੋਂ ਪਰੋਖੀ ਹੋਣ ਕਾਰਨ ਉਸ ਦਾ ਪੂਰਾ ਲਾਭ ਨਹੀਂ ਲਿਆ ਜਾ ਸਕਿਆ। ਆਮ ਮੰਗ ਇਹ ਕੀਤੀ ਜਾਂਦੀ ਸੀ ਕਿ ਦੂਸਰੇ ਦੇਸ਼ਾਂ ਵਿੱਚ ਪੰਜਾਬ ਦੇ ਜਿਹੜੇ ਲੋਕ ਰਹਿੰਦੇ ਹਨ, ਉਨ੍ਹਾਂ ਦੀ ਬਹੁ-ਗਿਣਤੀ ਦੀਆਂ ਜੜ੍ਹਾਂ ਦੋਆਬੇ ਵਿੱਚ ਹਨ ਤੇ ਇਸ ਕਾਰਨ ਕੌਮਾਂਤਰੀ ਏਅਰਪੋਰਟ ਜਲੰਧਰ ਦੇ ਨੇੜੇ-ਤੇੜੇ ਬਣਾਇਆ ਜਾਵੇ, ਪਰ ਇੰਦਰ ਕੁਮਾਰ ਗੁਜਰਾਲ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾ ਦੀ ਸਿਆਸੀ ਸੋਚ ਉੱਤੇ ਅਕਾਲੀ ਰਾਜਨੀਤੀ ਭਾਰੂ ਹੋਣ ਕਾਰਨ ਫ਼ੈਸਲਾ ਅੰਮ੍ਰਿਤਸਰ ਦਾ ਹੋ ਗਿਆ ਸੀ। ਅੰਮ੍ਰਿਤਸਰ ਤੋਂ ਪਾਕਿਸਤਾਨ ਬਾਰਡਰ ਨੇੜੇ ਹੋਣ ਕਾਰਨ ਉਸ ਦੇ ਘੇਰੇ ਦਾ ਲਹਿੰਦੇ ਪਾਸੇ ਦਾ ਬੇਲੋੜਾ ਹੋਣ ਕਰ ਕੇ ਬਾਕੀ ਚੜ੍ਹਦੇ ਪਾਸੇ ਦਾ ਅੱਧਾ ਚੱਕਰ ਕਾਰੋਬਾਰ ਤੇ ਮੁਸਾਫ਼ਰਾਂ ਨੂੰ ਖਿੱਚਣ ਯੋਗ ਬਚਦਾ ਸੀ। ਨਤੀਜਾ ਇਹ ਹੋਇਆ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਏਥੋਂ ਰੂਟ ਸ਼ੁਰੂ ਕੀਤੇ, ਪਰ ਅੰਤ ਵਿੱਚ ਘਾਟਾ ਪੈਂਦਾ ਵੇਖ ਕੇ ਬੰਦ ਹੁੰਦੇ ਗਏ ਤੇ ਸਿਰਫ਼ ਚੁਨਿੰਦਾ ਕੰਪਨੀਆਂ ਹੀ ਆਪਣੀ ਸੇਵਾ ਜਾਰੀ ਰੱਖਣ ਵਿੱਚ ਕਾਮਯਾਬ ਹੋਈਆਂ ਸਨ।
ਹੁਣ ਜਦੋਂ ਓਥੇ ਕਾਫ਼ੀ ਸਾਰੇ ਵਿਕਾਸ ਦੇ ਕੰਮ ਕਰ ਦਿੱਤੇ ਗਏ ਹਨ, ਚੰਡੀਗੜ੍ਹ ਦਾ ਚੇਤਾ ਆ ਗਿਆ, ਜਦ ਕਿ ਇਹ ਪਹਿਲਾਂ ਵਿਚਾਰਿਆ ਜਾਣਾ ਚਾਹੀਦਾ ਸੀ। ਚੰਡੀਗੜ੍ਹ ਦੇ ਚੱਲਣ ਨਾਲ ਅੰਮ੍ਰਿਤਸਰ ਵਾਲੇ ਏਅਰਪੋਰਟ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਹੋਰ ਘਟ ਸਕਦੀ ਹੈ। ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ ਤੇ ਲੁਧਿਆਣਾ ਦੇ ਲੋਕ ਅੰਮ੍ਰਿਤਸਰ ਦੀ ਥਾਂ ਚੰਡੀਗੜ੍ਹ ਨੂੰ ਪਹਿਲ ਦੇਣਗੇ। ਫਿਰ ਵੀ ਚੰਗਾ ਹੋਇਆ ਕਿ ਪਰਵਾਸੀ ਪੰਜਾਬੀਆਂ ਨੂੰ ਇੱਕ ਹੋਰ ਏਅਰਪੋਰਟ ਮਿਲ ਗਿਆ ਹੈ। ਰਾਜਨੀਤੀ ਕੌਮਾਂਤਰੀ ਏਅਰਪੋਰਟਾਂ ਦੇ ਮਾਮਲੇ ਵਿੱਚ ਹੀ ਨਹੀਂ, ਘਰੇਲੂ ਮਾਮਲਿਆਂ ਵਿੱਚ ਵੀ ਚੱਲਦੀ ਹੈ। ਦੋਆਬੇ ਦੇ ਲੋਕ ਆਦਮਪੁਰ ਹਵਾਈ ਅੱਡਾ ਘਰੇਲੂ ਉਡਾਣਾਂ ਲਈ ਮੰਗਦੇ ਹਨ। ਇਹ ਚਿਰੋਕਣੀ ਮੰਗ ਅਜੇ ਤੱਕ ਪੂਰੀ ਨਹੀਂ ਹੋ ਰਹੀ। ਇਸ ਦੌਰਾਨ ਬਠਿੰਡਾ ਏਅਰਪੋਰਟ ਵਾਸਤੇ ਕਾਫ਼ੀ ਪੈਸਾ ਲਾ ਦਿੱਤਾ ਗਿਆ, ਪਰ ਉਸ ਦਾ ਕੋਈ ਲਾਭ ਨਹੀਂ ਮਿਲ ਸਕਿਆ। ਸਾਹਨੇਵਾਲ ਤੋਂ ਦਿੱਲੀ ਲਈ ਕਈ ਵਾਰ ਉਡਾਣਾਂ ਸ਼ੁਰੂ ਕੀਤੀਆਂ ਗਈਆਂ, ਪਰ ਬਹੁਤੇ ਮੁਸਾਫ਼ਰ ਨਹੀਂ ਮਿਲਦੇ। ਦੋਆਬੇ ਦੇ ਲੋਕਾਂ ਦੀ ਇਹ ਚਿਰਾਂ ਦੀ ਮੰਗ ਹੈ ਕਿ ਕਈ ਦੇਸ਼ਾਂ ਤੋਂ ਹਵਾਈ ਕੰਪਨੀਆਂ ਸਿਰਫ਼ ਦਿੱਲੀ ਤੱਕ ਆਉਂਦੀਆਂ ਹਨ ਤੇ ਓਥੋਂ ਪੰਜਾਬ ਨੂੰ ਆਉਣ ਵਿੱਚ ਦਸ-ਗਿਆਰਾਂ ਘੰਟੇ ਲੱਗ ਜਾਂਦੇ ਹਨ। ਆਦਮਪੁਰ ਦਾ ਹਵਾਈ ਅੱਡਾ ਚੱਲਦਾ ਹੋਵੇ ਤਾਂ ਜੁੜਵੀਂ ਫਲਾਈਟ ਲੈ ਕੇ ਸਿਰਫ਼ ਪੈਂਤੀ ਮਿੰਟ ਵਿੱਚ ਉਹ ਘਰ ਪਹੁੰਚ ਸਕਦੇ ਹਨ। ਇਹ ਮੰਗ ਮੰਨ ਲਈ ਜਾਣੀ ਚਾਹੀਦੀ ਹੈ।
ਹੁਣ ਤੱਕ ਦੀ ਭੱਜ-ਦੌੜ ਵਿੱਚ ਇਸ ਕੰਮ ਵਿੱਚ ਹਰ ਵਾਰੀ ਇੱਕੋ ਅੜਿੱਕਾ ਦੱਸਿਆ ਜਾਂਦਾ ਹੈ ਕਿ ਹਵਾਈ ਫ਼ੌਜ ਦਾ ਬੇਸ ਏਥੇ ਹੋਣ ਕਰ ਕੇ ਇਸ ਨਾਲ ਮੁਸਾਫ਼ਰ ਹਵਾਈ ਅੱਡਾ ਨਹੀਂ ਜੋੜਿਆ ਜਾ ਸਕਦਾ। ਹਵਾਈ ਫ਼ੌਜ ਦੇ ਇਸ ਤਰ੍ਹਾਂ ਦੇ ਟਿਕਾਣਿਆਂ ਦੇ ਨੇੜੇ ਕਈ ਹੋਰ ਥਾਂਈਂ ਹਵਾਈ ਅੱਡੇ ਚੱਲ ਰਹੇ ਹਨ ਅਤੇ ਦੋਵਾਂ ਦਾ ਆਉਣ-ਜਾਣ ਦਾ ਰਾਹ ਕੁਝ ਕਿਲੋਮੀਟਰ ਪਹਿਲਾਂ ਵੱਖਰਾ ਕੀਤਾ ਹੋਇਆ ਹੈ। ਏਦਾਂ ਆਦਮਪੁਰ ਵੀ ਹੋ ਸਕਦਾ ਹੈ। ਜਲੰਧਰ ਦੀ ਕਪੂਰਥਲਾ ਰੋਡ ਉੱਤੇ ਇੱਕ ਵਾਰ ਇਹੋ ਜਿਹਾ ਘਰੇਲੂ ਹਵਾਈ ਅੱਡਾ ਬਣਾਉਣ ਦੀ ਗੱਲ ਲੱਗਭੱਗ ਸਿਰੇ ਚੜ੍ਹਨ ਦੇ ਬਾਅਦ ਓਥੇ ਨੀਂਹ-ਪੱਥਰ ਵੀ ਰੱਖਿਆ ਗਿਆ ਸੀ, ਪਰ ਨੀਂਹ-ਪੱਥਰ ਰੱਖਣ ਵਾਲੀ ਕਾਂਗਰਸ ਸਰਕਾਰ ਜਦੋਂ ਚੋਣ ਹਾਰ ਗਈ ਤਾਂ ਨਵੀਂ ਸਰਕਾਰ ਨੇ ਓਸੇ ਥਾਂ ਸਾਇੰਸ ਸਿਟੀ ਅਤੇ ਟੈਕਨੀਕਲ ਯੂਨੀਵਰਸਿਟੀ ਬਣਾਉਣ ਦਾ ਫ਼ੈਸਲਾ ਲੈ ਲਿਆ ਸੀ। ਉਹ ਦੋਵੇਂ ਵੀ ਬੜੇ ਜ਼ਰੂਰੀ ਸਨ, ਪਰ ਹਵਾਈ ਅੱਡਾ ਵੀ ਜ਼ਰੂਰੀ ਸੀ। ਇੱਕ ਚੰਗਾ ਕੰਮ ਕਰ ਰਹੇ ਹੋਈਏ ਤਾਂ ਉਸ ਦੇ ਲਈ ਪਹਿਲੇ ਛੋਹੇ ਜਾ ਚੁੱਕੇ ਕਿਸੇ ਚੰਗੇ ਕੰਮ ਦੀ ਸਕੀਮ ਉੱਤੇ ਕਾਟਾ ਮਾਰਨ ਦੀ ਥਾਂ ਨਵੀਂ ਜ਼ਮੀਨ ਹਾਸਲ ਕੀਤੀ ਜਾ ਸਕਦੀ ਹੈ। ਰਾਜਨੀਤੀ ਬਹੁਤ ਕੁਝ ਉਲਟਾ-ਸਿੱਧਾ ਵੀ ਕਰਵਾ ਦੇਂਦੀ ਹੈ।
ਹੁਣ ਜਦੋਂ ਚੰਡੀਗੜ੍ਹ ਦਾ ਏਅਰਪੋਰਟ ਚਾਲੂ ਕਰ ਦਿੱਤਾ ਗਿਆ ਹੈ, ਅਸੀਂ ਇਸ ਦਾ ਸਵਾਗਤ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਸਕਦੇ ਹਾਂ। ਅਜੇ ਏਥੋਂ ਵਿਦੇਸ਼ ਨੂੰ ਉਡਾਣਾਂ ਨਹੀਂ ਚੱਲਣੀਆਂ ਅਤੇ ਪਹਿਲਾ ਮਹੀਨਾ ਕੁ ਦੇਸੀ ਉਡਾਣਾਂ ਚਲਾ ਕੇ ਸਿਸਟਮ ਨੂੰ ਰਵਾਂ ਕੀਤਾ ਜਾਵੇਗਾ। ਅਕਤੂਬਰ ਤੋਂ ਕੌਮਾਂਤਰੀ ਫਲਾਈਟਾਂ ਚੱਲ ਪੈਣਗੀਆਂ। ਉਸ ਦਿਨ ਵਿਦੇਸ਼ ਵੱਸਦੇ ਪੰਜਾਬੀਆਂ ਦਾ ਆਪਣੇ ਬਾਪ-ਦਾਦੇ ਦੇ ਦੇਸ਼ ਨਾਲ ਨਾਤਾ ਹੋਰ ਵੀ ਨੇੜਲਾ ਹੋ ਜਾਵੇਗਾ।