ਡਾਕਟਰ ਬਿਮਾਰੀ 'ਤੇ ਨਹੀਂ, ਸਗੋਂ ਬਿਮਾਰ ਵਿਅਕਤੀ 'ਤੇ ਫੋਕਸ ਕਰਨ : ਮੋਦੀ

ਚੰਡੀਗੜ੍ਹ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੀ ਜੀ ਆਈ ਚੰਡੀਗੜ੍ਹ ਦੀ ਕਨਵੋਕੇਸ਼ਨ 'ਚ ਭਾਗ ਲਿਆ ਅਤੇ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਚੁੱਕੇ ਬੱਚਿਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਸਿਹਤ ਮੰਤਰੀ ਜੇ ਪੀ ਨੱਡਾ ਵੀ ਉਨ੍ਹਾ ਦੇ ਨਾਲ ਸਨ। ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰਾਂ ਨੂੰ ਬਿਮਾਰੀ 'ਤੇ ਨਹੀਂ, ਸਗੋਂ ਮਰੀਜ਼ 'ਤੇ ਜ਼ਿਆਦਾ ਫ਼ੋਕਸ ਕਰਨਾ ਚਾਹੀਦਾ ਹੈ। ਉਨ੍ਹਾ ਦੱਸਿਆ ਕਿ ਇਲਾਜ ਦੇ ਮੁਕਾਬਲੇ ਸਿਹਤ ਵੱਲ ਜ਼ਿਆਦਾ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾ ਨਵੇਂ ਬਣੇ ਡਾਕਟਰਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਸਮਾਜ ਦਾ ਕਰਜ਼ ਲਾਹੁਣ ਲਈ ਕੰਮ ਕਰਨ। ਮੋਦੀ ਨੇ ਕਿਹਾ ਕਿ ਡਾਕਟਰਾਂ ਨੂੰ ਦੁਨੀਆ 'ਚ ਪਰਮਾਤਮਾ ਦਾ ਦਰਜਾ ਦਿੱਤਾ ਗਿਆ ਹੈ, ਇਸ ਲਈ ਡਾਕਟਰ ਆਪਣੇ ਕੰਮ ਦੀ ਅਹਿਮੀਅਤ ਨੂੰ ਸਮਝਣ। ਉਨ੍ਹਾ ਕਿਹਾ ਕਿ ਦੁਨੀਆ ਹੁਣ ਦੁਆਈਆਂ ਤੋਂ ਮੁਕਤੀ ਚਾਹੁੰਦੀ ਹੈ ਅਤੇ ਉਹ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣਾ ਚਾਹੁੰਦੀ ਹੈ, ਇਸ ਲਈ ਡਾਕਟਰਾਂ ਨੂੰ ਬਿਮਾਰੀ 'ਤੇ ਘੱਟ ਅਤੇ ਬਿਮਾਰ 'ਤੇ ਜ਼ਿਆਦਾ ਫੋਰਸ ਕਰਨਾ ਚਾਹੀਦਾ ਹੈ।