ਗੁੱਸੇ 'ਚ ਆਏ ਲੋਕਾਂ ਨੇ ਹਸਪਤਾਲ ਦੇ ਬਾਹਰ ਲਗਾਇਆ 5 ਘੰਟੇ ਜਾਮ

ਰੂਪਨਗਰ ਸ਼ਹਿਰ ਲਾਗੇ ਪਿੰਡ ਬੰਦੇ ਮਾਹਲ ਦੇ 10 ਸਾਲ ਦੇ ਬੱਚੇ ਗੁਰਵੀਰ ਸਿੰਘ ਦੀ ਸ਼ੱਕੀ ਡੇਂਗੂ ਨਾਲ ਹੋਈ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਉਸ ਦੇ ਵਾਰਸਾਂ ਨੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਦੇ ਬਾਹਰ ਸੜਕ ਉੱਤੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਜਾਮ ਲਗਾ ਦਿੱਤਾ।ਗੁੱਸੇ ਵਿੱਚ ਆਏ ਬੱਚੇ ਦੇ ਵਾਰਸ ਮੰਗ ਕਰ ਰਹੇ ਸਨ ਕਿ ਜਿਸ ਡਾਕਟਰ ਦੀ ਲਾਪ੍ਰਵਾਹੀ ਨਾਲ ਉਨ੍ਹਾਂ ਦੇ ਬੱਚੇ ਦੀ ਜਾਨ ਗਈ ਹੈ, ਉਸ ਡਾਕਟਰ ਨੂੰ ਮੁਅੱਤਲ ਕਰਕੇ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।ਕਰੀਬ ਪੰਜ ਘੰਟੇ ਚੱਲੇ ਧਰਨੇ ਦੌਰਾਨ ਆਖ਼ਰਕਾਰ ਸਿਵਲ ਸਰਜਨ ਬਲਵਿੰਦਰ ਸਿੰਘ, ਐੱਸ ਡੀ ਐੱਮ ਤੇਜਦੀਪ ਸਿੰਘ ਸੈਣੀ ਅਤੇ ਡੀ ਐੱਸ ਪੀ (ਆਰ) ਹਰਬੀਰ ਸਿੰਘ ਅਟਵਾਲ ਨੇ ਧਰਨੇ 'ਤੇ ਬੈਠੇ ਵਾਰਿਸਾਂ ਨਾਲ ਮੀਟਿੰਗ ਕੀਤੀ ਅਤੇ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਵਿੰਨੀ ਮਹਾਜਨ ਨਾਲ ਫੋਨ ਉੱਤੇ ਹੋਈ ਗੱਲ ਤੋਂ ਬਾਅਦ ਡਾਕਟਰ ਦਾ ਤਬਾਦਲਾ ਨੂਰਪੁਰ ਬੇਦੀ ਕਰ ਦਿੱਤਾ ਹੈ ਅਤੇ ਬੱਚੇ ਦਾ ਪੋਸਟ ਮਾਰਟਮ ਪਟਿਆਲਾ ਵਿੱਚ ਹੋਇਆ। ਇਸ ਕੇਸ ਦੀ ਮੈਡੀਕਲ ਜਾਂਚ ਪੀ ਜੀ ਆਈ ਦੇ ਸੀਨੀਅਰ ਡਾਕਟਰ ਦੀ ਨਿਗਰਾਨੀ ਵਿੱਚ ਹੋਰ ਡਾਕਟਰਾਂ ਦੀ ਟੀਮ ਕਰੇਗੀ।ਸਿਵਲ ਸਰਜਨ ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਡਾਕਟਰ ਦੀ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਸ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ।ਇਸ ਭਰੋਸੇ ਉਪਰੰਤ ਬੱਚੇ ਦੇ ਵਾਰਸਾਂ ਨੇ ਆਪਣਾ ਧਰਨਾ ਹਟਾਇਆ।
ਇਸੇ ਦੌਰਾਨ ਸਿਵਲ ਸਰਜਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਗੁਰਵੀਰ ਸਿੰਘ ਦੀ ਆਈ ਰਿਪੋਰਟ ਵਿੱਚ ਡੇਂਗੂ ਨਹੀਂ ਆਇਆ ਹੈ, ਜਦਕਿ ਪਰਵਾਰ ਵਾਲੇ ਵਾਰ-ਵਾਰ ਇਲਜ਼ਾਮ ਲਗਾ ਰਹੇ ਸਨ ਕਿ ਬੱਚੇ ਦੀ ਮੌਤ ਡੇਂਗੂ ਕਾਰਨ ਹੋਈ ਹੈ ਅਤੇ ਡਾਕਟਰ ਨੇ ਠੀਕ ਇਲਾਜ ਨਹੀਂ ਕੀਤਾ।ਧਰਨੇ ਦੌਰਾਨ ਕਾਂਗਰਸੀ, ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰਾਂ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਇਸ ਧਰਨੇ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਥਾਣਾ ਸਿਟੀ ਦੇ ਐੱਸ ਐੱਚ ਓ ਸੁਰਿੰਦਰਪਾਲ ਸਿੰਘ, ਥਾਣਾ ਸਦਰ ਦੇ ਐੱਸ ਐੱਚ ਓ ਗੁਰਮੀਤ ਸਿੰਘ ਬਰਾੜ, ਸੀ ਆਈ ਏ ਇੰਚਾਰਜ ਗੱਬਰ ਸਿੰਘ, ਥਾਣਾ ਸਿੰਘ ਭਗਵੰਤਪੁਰ ਦੇ ਐੱਸ.ਐੱਚ.ਓ. ਧਰਮਪਾਲ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਸਨ।ਹਸਪਤਾਲ ਦੇ ਬਾਹਰ ਧਰਨੇ ਦੌਰਾਨ ਹਸਪਤਾਲ ਵਿਚ ਦਾਖਲ ਹੋਣ ਵਾਲੇ ਦਾਖਲਾ ਗੇਟ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਬੰਦ ਕਰ ਦਿੱਤਾ ਅਤੇ ਕਈ ਮਰੀਜ਼ਾਂ ਦੇ ਵਾਰਿਸਾਂ ਨਾਲ ਗੇਟ ਬੰਦ ਕਰਨ 'ਤੇ ਬਹਿਸਬਾਜ਼ੀ ਵੀ ਹੋਈ।
ਇਲਾਜ ਕਰਨ ਵਾਲੇ ਡਾਕਟਰ 'ਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ
ਧਰਨੇ ਦੌਰਾਨ ਮ੍ਰਿਤਕ ਬੱਚੇ ਗੁਰਵੀਰ ਸਿੰਘ ਦੇ ਪਿਤਾ ਕਰਮ ਸਿੰਘ, ਜੋ ਕਿ ਦੁਬਈ ਤੋਂ ਵਾਪਸ ਆਏ, ਮਾਤਾ ਗੁਰਮੀਤ ਕੌਰ, ਤਾਇਆ ਸਰਬਜੀਤ ਸਿੰਘ, ਸਾਬਕਾ ਵਿਧਾਇਕ ਭਾਗ ਸਿੰਘ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰਭਾਗ ਸਿੰਘ ਸੈਣੀ, ਆਪ ਨੇਤਾ ਗੁਰਮੇਲ ਸਿੰਘ ਬਾੜਾ, ਕਾਮਰੇਡ ਗੁਰਦੇਵ ਸਿੰਘ ਬਾਗੀ, ਕਾਂਗਰਸੀ ਨੇਤਾ ਤਰਸੇਮ ਸਿੰਘ ਗੰਧੋਂ, ਅਜੀਤਪਾਲ ਸਿੰਘ, ਸਰਪੰਚ ਤਰਲੋਚਨ ਸਿੰਘ, ਅੰਜੂ ਬਾਲਾ, ਮਨਜੀਤ ਕੌਰ ਆਦਿ ਸਮੇਤ ਅਣਗਿਣਤ ਪਿੰਡ ਵਾਸੀ ਸਿਵਲ ਹਸਪਤਾਲ ਪੁੱਜੇ ਹੋਏ ਸਨ। ਧਰਨੇ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ, ਸਿਵਲ ਹਸਪਤਾਲ, ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਬੱਚਿਆਂ ਦੇ ਮਾਹਰ ਡਾਕਟਰ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।ਬੁਲਾਰਿਆਂ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਤੈਨਾਤ ਹਰ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦਾ ਹੈ, ਜਿਸ ਕਾਰਨ ਉਹ ਹਸਪਤਾਲ ਵਿਚ ਮਰੀਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਵੇਖਦੇ।
ਇਸ ਮੌਕੇ ਬੱਚੇ ਦੀ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ 10 ਸਤੰਬਰ ਨੂੰ ਉਨ੍ਹਾਂ ਦਾ ਬੱਚਾ ਦਰਦ ਨਾਲ ਕੁਰਲਾ ਰਿਹਾ ਸੀ, ਉਸ ਨੇ ਡਾਕਟਰ ਨੂੰ ਕਈ ਵਾਰ ਜਾ ਕੇ ਆਪਣੇ ਬੱਚੇ ਦੀ ਹਾਲਤ ਬਾਰੇ ਦੱਸਿਆ। ਲੇਕਿਨ ਅੱਗੇ ਤੋਂ ਡਾਕਟਰ ਨੇ ਕਿਹਾ ਕਿ ਇਸ ਨੂੰ ਕੁਝ ਨਹੀਂ ਹੋਇਆ, ਇਹ ਮਚਲਾ ਹੋਇਆ ਹੈ। ਇਸ ਤੋਂ ਬਾਅਦ ਦੁਪਹਿਰ ਦੋ ਵਜੇ ਜਲਦਬਾਜ਼ੀ ਵਿਚ ਡਾਕਟਰ ਬੱਚੇ ਨੂੰ ਦੇਖਣ ਆਇਆ ਅਤੇ ਵੇਖ ਕੇ ਛੁੱਟੀ ਕਰਕੇ ਚਲਾ ਗਿਆ।ਗੁਰਮੀਤ ਕੌਰ ਨੇ ਕਿਹਾ ਕਿ ਇੱਕ ਦਸ ਸਾਲ ਦਾ ਬੱਚਾ, ਜੋ ਪਿਛਲੇ ਤਿੰਨ-ਚਾਰ ਦਿਨਾਂ ਤੋਂ ਸਰਕਾਰੀ ਹਸਪਤਾਲ ਵਿੱਚ ਪਿਆ ਸੀ, ਉਸ ਨੂੰ ਡਾਕਟਰ ਵੱਲੋਂ ਅਜਿਹਾ ਬੋਲਣਾ ਕਿਥਂੋ ਦੀ ਇਨਸਾਨੀਅਤ ਵਾਲੀ ਗੱਲ ਹੈ। ਉਧਰ, ਮ੍ਰਿਤਕ ਦੇ ਪਿਤਾ ਕਰਮ ਸਿੰਘ ਨੇ ਕਿਹਾ ਕਿ ਜਦੋਂ ਤਿੰਨ ਦਿਨਾਂ ਵਿੱਚ ਡਾਕਟਰ ਨੂੰ ਬੱਚੇ ਦੇ ਰੋਗ ਦੀ ਸਮਝ ਨਹੀਂ ਲੱਗੀ ਤਾਂ ਬੱਚੇ ਨੂੰ ਪਹਿਲਾਂ ਪੀ ਜੀ ਆਈ ਚੰਡੀਗੜ੍ਹ ਰੈਫਰ ਕਿਉਂ ਨਹੀਂ ਕੀਤਾ।ਕਰਮ ਸਿੰਘ ਨੇ ਕਿਹਾ ਕਿ ਜਦੋਂ ਬੱਚੇ ਨੂੰ ਇੰਜੈਕਸ਼ਨ ਲਗਾਇਆ, ਉਸਦੇ ਬਾਅਦ ਬੱਚੇ ਦੀ ਹਾਲਤ ਇੱਕ ਦਮ ਵਿਗੜ ਗਈ, ਜਿਸ ਕਾਰਨ ਡਾਕਟਰ ਦੀ ਲਾਪ੍ਰਵਾਹੀ ਦੀ ਵਜ੍ਹਾ ਨਾਲ ਉਨ੍ਹਾਂ ਦੇ ਬੱਚੇ ਦੀ ਜਾਨ ਗਈ ।ਉੱਧਰ, ਬੱਚੇ ਦਾ ਇਲਾਜ ਕਰਨ ਵਾਲੇ ਬੱਚਿਆਂ ਦੇ ਮਾਹਰ ਡਾਕਟਰ ਅਰੁਣ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਇਲਾਜ ਵਿੱਚ ਕੋਈ ਕਮੀ ਨਹੀਂ ਛੱਡੀ ਅਤੇ ਦਿਨ ਵਿੱਚ ਚਾਰ-ਚਾਰ ਵਾਰ ਬੱਚੇ ਕੋਲ ਜਾ ਕੇ ਉਸ ਦਾ ਇਲਾਜ ਕੀਤਾ।ਉਨ੍ਹਾਂ ਦੱਸਿਆ ਕਿ ਇਹ ਬੱਚਾ ਗੁਰਵੀਰ 7 ਸਤੰਬਰ ਨੂੰ ਉਨ੍ਹਾਂ ਦੇ ਕੋਲ ਇਲਾਜ ਲਈ ਉਸਦੀ ਮਾਤਾ ਲੈ ਕੇ ਆਈ ਸੀ।ਉਸ ਵਕਤ ਗੁਰਵੀਰ ਨੂੰ ਬੁਖਾਰ ਸੀ ਅਤੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਸੀ।ਇਸਦੇ ਬਾਅਦ ਉਸਦੀ ਹਾਲਤ ਵਿਚ ਲਗਾਤਾਰ ਸੁਧਾਰ ਆਉਣ ਲਗਾ ਸੀ ਅਤੇ 9 ਸਤੰਬਰ ਨੂੰ ਉਸਨੂੰ ਬੁਖਾਰ ਵੀ ਨਹੀਂ ਚੜ੍ਹਿਆ।10 ਸਤੰਬਰ ਨੂੰ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਗੁਰਵੀਰ ਨੂੰ ਪੀ ਜੀ ਆਈ ਰੈਫਰ ਕਰ ਦਿਓ, ਜਿਸ ਦੇ ਬਾਅਦ ਗੁਰਵੀਰ ਨੂੰ ਪੀ ਜੀ ਆਈ ਰੈਫਰ ਕੀਤਾ ਗਿਆ। ਗੁਰਵੀਰ ਦੇ ਐਕਸਰੇ ਵਿੱਚ ਨਮੂਨੀਆ ਨਜ਼ਰ ਆ ਰਿਹਾ ਸੀ। ਡਾ . ਮਹਾਜਨ ਨੇ ਕਿਹਾ ਕਿ ਗੁਰਵੀਰ ਦੀ ਮੌਤ ਦਾ ਉਨ੍ਹਾਂ ਨੂੰ ਵੀ ਗਹਿਰਾ ਦੁੱਖ ਹੈ।ਡਾ. ਮਹਾਜਨ ਨੇ ਕਿਹਾ ਕਿ ਉਸ ਨੇ ਗੁਰਵੀਰ ਦੀ ਮਾਤਾ ਨੂੰ ਕਝਿ ਮੰਦਾ ਨਹੀਂ ਬੋਲਿਆ ਅਤੇ ਹਰ ਜਾਂਚ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਇਹ ਬੱਚਾ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਅਕਾਦਮੀ ਵਿੱਚ ਦੂਜੀ ਕਲਾਸ ਵਿੱਚ ਪੜ੍ਹਦਾ ਸੀ ਅਤੇ ਆਪਣੇ ਮਾਂ-ਬਾਪ ਦਾ ਇਕਲੌਤਾ ਬੇਟਾ ਸੀ। ਉਸ ਦੀ ਇੱਕ ਡੇਢ ਸਾਲ ਦੀ ਭੈਣ ਹੈ। ਪਿਤਾ ਦੁਬਈ ਵਿੱਚ ਕੰਮ ਕਰਦਾ ਹੈ।