ਮੋਦੀ ਦੇ ਦੌਰੇ ਦੌਰਾਨ ਬੰਧਕ ਬਣਿਆ ਰਿਹਾ ਚੰਡੀਗੜ੍ਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਇੱਕ ਹੋਰ ਵਿਵਾਦ ਛਿੜ ਗਿਆ ਹੈ। ਮੋਦੀ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਦੇ ਤਕਰੀਬਨ 35 ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਇਸ 'ਤੇ ਆਪਣੀ ਪ੍ਰਤੀਕ੍ਰਿਆ 'ਚ ਕਾਂਗਰਸ ਤਰਜਮਾਨ ਰਣਦੀਪ ਸਿੰਘ ਸੂਰਜੇਵਾਲਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਦੀ ਦੁਰਵਰਤੋਂ ਕੀਤੀ ਹੈ। ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਅੱਜ ਚੰਡੀਗੜ੍ਹ 'ਚ ਸਾਰੇ ਸਕੂਲ ਬੰਦ ਰੱਖੇ ਗਏ, ਜਿਸ ਨੂੰ ਕਾਂਗਰਸ ਨੇ ਗਲਤ ਦੱਸਿਆ ਹੈ। ਕੁਝ ਸਕੂਲਾਂ 'ਚ ਅੱਧੇ ਦਿਨ ਦੀ ਪੜ੍ਹਾਈ ਮਗਰੋਂ ਛੁੱਟੀ ਕਰ ਦਿੱਤੀ ਗਈ। ਸੂਰਜੇਵਾਲਾ ਨੇ ਦੋਸ਼ ਲਾਇਆ ਕਿ ਮੋਦੀ ਦੀ ਰੈਲੀ ਕਈ ਚੰਡੀਗੜ੍ਹ ਨੂੰ ਬੰਧਕ ਬਣਾਇਆ ਗਿਆ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਸ਼ਹਿਰ 'ਚ ਵੀ ਆਈ ਪੀ ਦੇ ਨਾਂਅ 'ਤੇ ਵੀ ਨਸਲਵਾਦ ਕੀਤਾ ਗਿਆ, ਕਿਉਂਕਿ ਇਹ ਕਿਸੇ ਸੇਵਕ ਦੀ ਨਹੀਂ, ਸਗੋਂ ਸਾਹਿਬ ਦੀ ਰੈਲੀ ਸੀ।
ਉਨ੍ਹਾ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਬ੍ਰਿਗੇਡੀਅਰ ਦਵਿੰਦਰ ਸਿੰਘ ਤੋਂ ਮੁਆਫ਼ੀ ਮੰਗਣ, ਜਿਨ੍ਹਾ ਦੇ ਬੇਟੇ ਦਾ ਅੱਜ ਅੰਤਮ ਸੰਸਕਾਰ ਕੀਤਾ ਜਾਣਾ ਸੀ, ਪਰ ਪ੍ਰਧਾਨ ਮੰਤਰੀ ਦੀ ਰੈਲੀ ਦੇ ਮੱਦੇਨਜ਼ਰ ਸ਼ਮਸ਼ਾਨਘਾਟ ਵੀ ਸੀਲ ਕਰ ਦਿੱਤਾ ਗਿਆ ਅਤੇ ਬ੍ਰਿਗੇਡੀਅਰ ਦੇ ਬੇਟੇ ਦਾ ਅੰਤਮ ਸੰਸਕਾਰ ਵੀ ਨਾ ਹੋ ਸਕਿਆ। ਸੂਰਜੇਵਾਲਾ ਨੇ ਕਿਹਾ ਕਿ ਪਹਿਲਾਂ ਵੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਇਸ ਸ਼ਹਿਰ 'ਚ ਆਉਂਦੇ ਰਹੇ ਹਨ, ਪਰ ਇਸ ਤਰ੍ਹਾਂ ਦਾ ਵੀ ਆਈ ਪੀ ਨਸਲਵਾਦ ਕਦੇ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾ ਕਿਹਾ ਕਿ ਇਹ ਭਾਜਪਾ ਦੀ ਸਿਆਸੀ ਰੈਲੀ ਸੀ, ਪਰ ਇਸ ਦੀ ਕੀਮਤ ਚੰਡੀਗੜ੍ਹ ਨੇ ਅਦਾ ਕੀਤੀ ਅਤੇ ਭਾਜਪਾ ਨੇ ਰੈਲੀ ਦੇ ਨਾਂਅ 'ਤੇ ਇੱਕ ਹੋਰ ਹਵਾਬਾਜ਼ੀ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਦੋਸ਼ਾਂ ਦੇ ਜੁਆਬ 'ਚ ਟਵੀਟ ਕਰਕੇ ਕਿਹਾ ਕਿ ਸਕੂਲਾਂ 'ਚ ਛੁੱਟੀ ਕਰਨਾ ਜ਼ਰੂਰੀ ਨਹੀਂ ਸੀ ਅਤੇ ਉਨ੍ਹਾ ਨੂੰ ਇਸ ਦਾ ਅਫ਼ਸੋਸ ਹੈ। ਉਨ੍ਹਾ ਕਿਹਾ ਕਿ ਉਨ੍ਹਾ ਦੇ ਦੌਰੇ ਕਾਰਨ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਹੋਈਆਂ, ਉਨ੍ਹਾਂ ਦੀ ਜਾਂਚ ਕਰਕੇ ਜੁਆਬਦੇਹੀ ਤੈਅ ਕੀਤੀ ਜਾਵੇਗੀ।