ਪਰਵਾਨੂੰ ਨੇੜੇ ਰੇਲ ਹਾਦਸਾ, ਦੋ ਵਿਦੇਸ਼ੀਆਂ ਦੀ ਮੌਤ

ਅੱਜ ਸਵੇਰੇ ਅੰਬਾਲਾ ਰੇਲ ਡਵੀਜ਼ਨ 'ਚ ਕਾਲਕਾ-ਸ਼ਿਮਲਾ ਰੇਲ ਲਾਈਨ 'ਤੇ ਪਰਵਾਨੂੰ ਨੇੜੇ ਇੱਕ ਖਿਡੌਣਾ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਦੋ ਮੁਸਾਫ਼ਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਮੁਸਾਫ਼ਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਅੰਬਾਲਾ ਡਵੀਜ਼ਨ ਦੇ ਡੀ ਆਰ ਐਮ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸਹਾਇਤਾ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਾਲਕਾ ਤੋਂ ਸ਼ਿਮਲਾ ਜਾ ਰਹੀ ਟਰੇਨ ਜਦੋਂ ਪਰਵਾਨੂੰ ਪੁੱਜੀ ਤਾਂ ਉਸ ਦੇ ਦੋ ਡੱਬੇ ਪੱਟੜੀ ਤੋਂ ਉੱਤਰ ਗਏ। ਗੱਡੀ 'ਚ ਸਿਰਫ਼ ਵਿਦੇਸ਼ੀ ਹੀ ਸਵਾਰ ਸਨ।
ਡੀ ਆਰ ਐਮ ਨੇ ਦਸਿਆ ਕਿ ਜਿਸ ਥਾਂ 'ਤੇ ਇਹ ਹਾਦਸਾ ਹੋਇਆ, ਉਹ ਥਾਂ ਸੜਕ ਰਸਤੇ ਨਾਲ ਨਹੀਂ ਜੁੜੀ ਹੋਈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਮਿਆਂ ਨੂੰ ਹਾਦਸੇ ਵਾਲੀ ਥਾਂ 'ਤੇ ਪਹੁੰਚਣ 'ਚ ਸਮਾਂ ਲੱਗ ਗਿਆ। ਉਨ੍ਹਾ ਨੇ ਦੋ ਮੌਤਾਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਤਾਂ ਜਾਂਚ ਮਗਰੋਂ ਹੀ ਲੱਗ ਸਕੇਗਾ। ਉਨ੍ਹਾ ਕਿਹਾ ਕਿ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।