ਚੋਣ ਕਮਿਸ਼ਨ ਵੱਲੋਂ 'ਮਨ ਕੀ ਬਾਤ' 'ਤੇ ਰੋਕ ਲਾਉਣ ਤੋਂ ਇਨਕਾਰ

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਉਪਰ ਬਿਹਾਰ ਚੋਣਾਂ ਦੇ ਮੱਦੇਨਜ਼ਰ ਰੋਕ ਲਾਉਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਚੋਣ ਕਮਿਸ਼ਨ ਦੀ ਇਹ ਟਿੱਪਣੀ ਉਹਨਾ ਖਬਰਾਂ ਦਰਮਿਆਨ ਆਈ ਹੈ ਕਿ ਕਾਂਗਰਸ ਇਹ ਦੋਸ਼ ਲਗਾ ਕੇ ਚੋਣ ਕਮਿਸ਼ਨ ਤੋਂ ਮੰਗ ਕਰ ਸਕਦੀ ਹੈ ਕਿ ਬਿਹਾਰ ਚੋਣਾਂ ਦਰਮਿਆਨ ਇਸ ਪ੍ਰੋਗਰਾਮ ਦਾ ਪ੍ਰਸਾਰਨ ਚੋਣ ਜ਼ਾਬਤੇ ਦੀ ਉਲੰਘਣਾ ਹੈ। ਚੋਣ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਕੇਵਲ ਇਹ ਦੇਖਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਕਿ ਪ੍ਰੋਗਰਾਮ ਦੀ ਸਮੱਗਰੀ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਮਨ ਕੀ ਬਾਤ ਪ੍ਰੋਗਰਾਮ ਦੀ ਅਗਲੀ ਕੜੀ ਦਾ ਪ੍ਰਸਾਰਣ ਐਤਵਾਰ ਨੂੰ ਹੋਣਾ ਹੈ। ਇਹ ਇੱਕ ਨਿਯਮਤ ਰੇਡੀਓ ਪ੍ਰੋਗਰਾਮ ਹੈ, ਜਿਸ ਵਿੱਚ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ।
ਅਧਿਕਾਰੀ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਅਤੇ ਮਨ ਕੀ ਬਾਤ ਵਰਗੇ ਪ੍ਰੋਗਰਾਮਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਾਈ ਜਾ ਸਕਦੀ, ਪਰ ਚੋਣ ਕਮਿਸ਼ਨ ਆਪਣੇ ਤੌਰ 'ਤੇ ਕਾਰਵਾਈ ਕਰ ਸਕਦਾ ਹੈ, ਜਦੋਂ ਉਸ ਨੂੰ ਲੱਗੇ ਕਿ ਪ੍ਰੋਗਰਾਮ ਦੀ ਸਮਗਰੀ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਉਨ੍ਹਾ ਕਿਹਾ ਕਿ ਕਾਂਗਰਸ ਜਾਂ ਹੋਰ ਕਿਸੇ ਪਾਰਟੀ ਨੇ ਮਨ ਕੀ ਬਾਤ ਪ੍ਰੋਗਰਾਮ 'ਤੇ ਰੋਕ ਲਾਏ ਜਾਣ ਦੀ ਮੰਗ ਕਰਨ ਬਾਰੇ ਉਹਨਾ ਨੂੰ ਕੋਈ ਇਲਮ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਜੇ ਇੱਕ ਤਰ੍ਹਾਂ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਚੋਣ ਕਮਿਸ਼ਨ ਪ੍ਰੋਗਰਾਮ ਦੀ ਰਿਕਾਰਡਿੰਗ ਦਾ ਅਧਿਐਨ ਕਰ ਸਕਦਾ ਹੈ। ਉਨ੍ਹਾ ਜ਼ਿਕਰ ਕੀਤਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪ੍ਰੋਗਰਾਮ ਵਿਰੁੱਧ ਕਾਂਗਰਸ ਨੇ ਇਸ ਤਰ੍ਹਾਂ ਦੀ ਮੰਗ ਕੀਤੀ ਸੀ, ਪਰ ਚੋਣ ਕਮਿਸ਼ਨ ਨੂੰ ਪ੍ਰੋਗਰਾਮ 'ਚ ਕੁਝ ਵੀ ਇਤਰਾਜ਼ਯੋਗ ਗੱਲ ਨਹੀਂ ਮਿਲੀ ਸੀ।
ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਉੱਪਰ ਪਾਬੰਦੀ ਲਾਏ ਜਾਣ ਦੀ ਵਕਾਲਤ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਉਹਨਾ ਨੂੰ ਪ੍ਰਧਾਨ ਮੰਤਰੀ ਵੱਲੋਂ ਸਿਆਸੀ ਹਿੱਤ ਸਾਧਨ ਲਈ ਇੱਕ ਸਰਕਾਰੀ ਮੀਡੀਆ ਦੀ ਵਰਤੋਂ ਕੀਤੇ ਜਾਣ 'ਤੇ ਸਖਤ ਇਤਰਾਜ਼ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਹਿਮ ਚੋਣਾਂ ਦਰਮਿਆਨ ਰੇਡੀਓ ਪ੍ਰੋਗਰਾਮ ਤੋਂ ਬਚਣਾ ਚਾਹੀਦਾ ਹੈ।
ਕਾਂਗਰਸ ਤੋਂ ਇਲਾਵਾ ਜਨਤਾ ਦਲ ਯੂ ਅਤੇ ਆਰ ਜੇ ਡੀ ਨੇ ਵੀ ਮਨ ਕੀ ਬਾਤ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਬਿਹਾਰ ਵਿਚਲੇ ਮਹਾ-ਗਠਜੋੜ ਨੇ ਇਸ ਪ੍ਰੋਗਰਾਮ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਜਨਤਾ ਯੂ ਦੇ ਆਗੂ ਅਲੀ ਅਨਵਰ ਨੇ ਕਿਹਾ ਹੈ ਕਿ ਚੋਣਾਂ ਖਤਮ ਹੋਣ ਤੱਕ ਇਸ ਪ੍ਰੋਗਰਾਮ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਬਿਹਾਰ ਅੰਦਰਲੇ ਮਹਾ-ਗਠਜੋੜ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਮਨ ਕੀ ਬਾਤ ਪ੍ਰੋਗਰਾਮ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ।