ਕਮਾਲ ਦੀ ਕੂਟਨੀਤੀ; ਬਿਨਾਂ ਕਿਸੇ ਰੌਲੇ-ਰੱਪੇ ਦੇ ਰਿਲੀਜ਼ ਹੋ ਰਹੀ ਹੈ 'ਐੱਮ ਐੱਸ ਜੀ-2'

ਪਰਸਪਰ ਵਿਰੋਧੀ ਧਿਰਾਂ ਵੱਲੋਂ ਖੁਦਗਰਜ਼ੀ ਤਹਿਤ ਅਪਣਾਈ ਯੁੱਧ ਤੇ ਕੂਟਨੀਤੀ ਦਾ ਹੀ ਕ੍ਰਿਸਮਾ ਹੈ ਕਿ ਪਾਬੰਦੀ ਤਾਂ ਕੀ ਅਜਿਹੀ ਮੰਗ ਵੀ ਨਾ ਉੱਠ ਸਕੇ, ਇਹ ਯਕੀਨੀ ਬਣਾਉਣ ਲਈ ਪੰਜਾਬ ਸਣੇ ਸਮੁੱਚੇ ਦੇਸ਼ 'ਚ 19 ਸਤੰਬਰ ਨੂੰ ਰਿਲੀਜ਼ ਹੋ ਰਹੀ ਡੇਰਾ ਸੱਚਾ ਸੌਦਾ ਮੁਖੀ ਦੀ ਦੂਜੀ ਫਿਲਮ ਬਾਰੇ ਇਸ ਵਾਰ ਨਾ ਤਾਂ ਕੋਈ ਪ੍ਰਚਾਰ ਹੋਣ ਦਿੱਤਾ ਹੈ ਅਤੇ ਨਾ ਹੀ ਪ੍ਰਸਾਰ।
ਡੇਰੇ ਦੇ ਇੱਕ ਬੁਲਾਰੇ ਨਾਲ ਹੋਈ ਗੱਲ ਤੋਂ ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੇ ਮੁਖੀ ਵੱਲੋਂ ਬਣਾਈ ਐਮ ਐਸ ਜੀ-2 ਫਿਲਮ ਦਾ ਪ੍ਰੀਮੀਅਮ ਅੱਜ ਗੁੜਗਾਉਂ ਵਿਖੇ ਹੋ ਰਿਹਾ ਹੈ, 19 ਸਤੰਬਰ ਤੋਂ ਜਿਸ ਦਾ ਪ੍ਰਦਰਸ਼ਨ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਸ਼ੁਰੂ ਹੋਵੇਗਾ। ਪਤਾ ਲੱਗਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਡੇਰਾ ਪ੍ਰਬੰਧਕਾਂ ਵੱਲੋਂ ਸਿਨੇਮਾ ਹਾਲ ਵੀ ਬੁੱਕ ਕਰਵਾਏ ਜਾ ਚੁੱਕੇ ਹਨ।
ਵਿਲੱਖਣ ਤੇ ਦਿਲਚਸਪ ਪਹਿਲੂ ਇਹ ਹੈ ਕਿ ਬੁੱਧਵਾਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਨਾਲ ਪ੍ਰਚਾਰ ਪ੍ਰਸਾਰ ਨਹੀਂ ਹੋ ਰਿਹਾ। ਪੰਜਾਬ ਸਰਕਾਰ ਵੱਲੋਂ ਜਿਸ ਐਮ ਐਸ ਜੀ -1 ਫਿਲਮ 'ਤੇ ਪਾਬੰਦੀ ਆਇਦ ਕੀਤੀ ਹੋਈ ਹੈ, ਉਸ ਦੇ ਪ੍ਰਦਰਸ਼ਨ ਸੰਬੰਧੀ ਸੂਬੇ ਦੇ ਹਰ ਕੋਨੇ 'ਚ ਨਾ ਸਿਰਫ ਵੱਡੇ-ਵੱਡੇ ਫਲੈਕਸ ਬੋਰਡ ਲਾਏ ਗਏ ਸਨ, ਬਲਕਿ ਵਿਆਪਕ ਪੱਧਰ 'ਤੇ ਟੀਸ਼ਰਟਾਂ ਵੀ ਤਕਸੀਮ ਕੀਤੀਆਂ ਸਨ। ਇਸ ਪ੍ਰਚਾਰ ਪ੍ਰਸਾਰ ਦੀ ਵਜ੍ਹਾ ਕਾਰਨ ਰੈਡੀਕਲ ਸਿੱਖ ਹਲਕਿਆਂ 'ਚੋਂ ਹੋਈ ਵਿਰੋਧਤਾ ਤੇ ਮੰਗ ਕਾਰਨ ਹੀ ਬਾਦਲ ਸਰਕਾਰ ਨੂੰ ਐਮ ਐਸ ਜੀ -1 'ਤੇ ਪਾਬੰਦੀ ਲਾਉਣ ਲਈ ਮਜਬੂਰ ਹੋਣਾ ਪਿਆ ਸੀ।
ਇਸ ਵਾਰ ਫਿਲਮ ਦਾ ਪ੍ਰਚਾਰ ਕਿਉਂ ਨਹੀਂ ਹੋ ਰਿਹਾ, ਇਸ ਸੁਆਲ 'ਤੇ ਡੇਰੇ ਦੇ ਬੁਲਾਰੇ ਨੇ ਪੁੱਛਿਆ ਕਿ ਕੀ ਇਹ ਪੰਜਾਬ ਦੇ ਸਿਨੇਮਿਆਂ ਵਿੱਚ ਨਹੀਂ ਚੱਲਣੀ ਚਾਹੀਦੀ, ਅੱਗੋਂ ਜਦ ਵਿਰੋਧਤਾ ਨਾ ਹੋਈ ਤਾਂ ਉਸ ਨੇ ਸਪੱਸ਼ਟ ਕਰ ਦਿੱਤਾ ਕਿ ਖ਼ੁਫੀਆ ਵਿਭਾਗ ਵੱਲੋਂ ਭੇਜੀਆਂ ਨਾਂਹ ਪੱਖੀ ਰਿਪੋਰਟਾਂ ਦੇ ਚਲਦਿਆਂ ਹੀ ਐਮ ਐਸ ਜੀ -1 'ਤੇ ਪਾਬੰਦੀ ਲੱਗੀ ਸੀ, ਇਸ ਲਈ ਪ੍ਰਬੰਧਕ ਨਹੀਂ ਚਾਹੁੰਦੇ ਕਿ ਦੂਜੀ ਫਿਲਮ ਪ੍ਰਤੀ ਵੀ ਅਜਿਹਾ ਹੀ ਵਰਤਾਓ ਹੋਵੇ।
ਸੁਆਲਾਂ ਦਾ ਸੁਆਲ ਇਹ ਹੈ ਕਿ ਸੂਬੇ ਦੇ ਸਿਨੇਮਿਆਂ ਵਿੱਚ ਇਸ ਫਿਲਮ ਨੂੰ ਵਿਖਾਉਣ ਲਈ ਕੀ ਖੁਫੀਆ ਏਜੰਸੀਆਂ ਜਾਂ ਪੰਜਾਬ ਸਰਕਾਰ ਅਣਜਾਣ ਹੈ, ਜੇ ਅਜਿਹਾ ਹੈ ਤਾਂ ਇਸ ਤੋਂ ਨਿਕੰਮੀ ਹਕੂਮਤ ਹੋਰ ਕੋਈ ਹੋ ਹੀ ਨਹੀਂ ਸਕਦੀ। ਜੇ ਅਜਿਹਾ ਨਹੀਂ, ਤਾਂ ਸਪੱਸ਼ਟ ਹੈ ਕਿ ਜੋ ਕੁਝ ਵੀ ਹੋ ਰਿਹੈ ਉਹ ਪਰਸਪਰ ਵਿਰੋਧੀ ਧਿਰਾਂ ਦੀ ਖੁਦਗਰਜ਼ੀ ਦੇ ਚਲਦਿਆਂ ਉਹਨਾਂ ਦਰਮਿਆਨ ਬਣੀ ਆਪਸੀ ਯੁੱਧ ਅਤੇ ਕੂਟਨੀਤੀ ਦਾ ਹੀ ਕ੍ਰਿਸਮਾ ਹੈ।
ਇੱਥੇ ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰਜ਼ 'ਤੇ ਡੇਰਾ ਮੁਖੀ ਵੱਲੋਂ ਜਾਮ-ਏ-ਇੰਸਾਂ ਛਕਾਉਣ ਦੀ ਵਜ੍ਹਾ ਕਾਰਨ ਦੋਵਾਂ ਧਿਰਾਂ ਦਰਮਿਆਨ ਏਨੀ ਕੁੜੱਤਣ ਵਧ ਗਈ ਸੀ ਕਿ ਹਿੰਸਕ ਘਟਨਾਵਾਂ ਕਾਰਨ ਕਈ ਜਾਨਾਂ ਦਾ ਨੁਕਸਾਨ ਹੋਣ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਵੀ ਜਾਰੀ ਹੋ ਗਿਆ ਸੀ ਕਿ ਕੋਈ ਵੀ ਸਿੱਖ ਕਿਸੇ ਵੀ ਡੇਰਾ ਪ੍ਰੇਮੀ ਨਾਲ ਸਮਾਜਕ, ਧਾਰਮਿਕ ਅਤੇ ਰਾਜਨੀਤਕ ਸੰਬੰਧ ਨਹੀਂ ਰੱਖੇਗਾ, ਇਹ ਹੁਕਮਨਾਮਾ ਅੱਜ ਤੱਕ ਵੀ ਜਾਰੀ ਹੈ।
ਇਸ ਫਿਲਮ ਨੂੰ ਪੰਜਾਬ ਵਿੱਚ ਦਿਖਾਉਣ ਲਈ ਤਿਆਰ ਕੀਤੀ ਜ਼ਮੀਨ ਨੂੰ ਸਿਆਸੀ ਵਿਸ਼ਲੇਸ਼ਕ 2017 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਤਾਂ ਉਮੀਦ ਹੀ ਨਹੀਂ ਕਿ ਰੈਡੀਕਲ ਸਿੱਖ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤਣਗੇ, ਇਸ ਲਈ ਇਹ ਯਕੀਨੀ ਬਣਾਉਣ ਲਈ ਕਿ ਘੱਟੋ-ਘੱਟ ਡੇਰਾ ਪ੍ਰੇਮੀਆਂ ਦੀ ਹਮਾਇਤ ਤਾਂ ਹਾਸਲ ਹੋ ਜਾਵੇ। ਐਮ ਐਸ ਜੀ -2 ਦੇ ਪ੍ਰਦਰਸ਼ਨ ਵਿੱਚ ਕਿਸੇ ਕਿਸਮ ਦਾ ਅੜਿੱਕਾ ਨਾ ਪਵੇ, ਕੀਤੀਆਂ ਪੇਸ਼ਬੰਦੀਆਂ ਤਹਿਤ ਹੀ ਇਸ ਦਾ ਪ੍ਰਚਾਰ ਪ੍ਰਸਾਰ ਰੋਕਿਆ ਗਿਆ ਹੈ।
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅਜਿਹੇ ਯਤਨਾਂ ਨੂੰ ਵੋਟ ਸਿਆਸਤ ਦੀ ਘਟੀਆ ਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਜਿਸ ਸੁੱਖਾ-ਜਿੰਦਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਕਰਾਰ ਦਿੱਤਾ ਜਾ ਚੁੱਕਾ ਹੈ, ਉਹਨਾਂ ਸੰਬੰਧੀ ਬਣੀ ਫਿਲਮ 'ਤੇ ਲੱਗੀ ਪਾਬੰਦੀ ਪ੍ਰਤੀ ਜਿਸ ਕਿਸਮ ਦਾ ਪ੍ਰਤੀਕਰਮ ਹੋਣਾ ਚਾਹੀਦਾ ਸੀ, ਉਹ ਤਾਂ ਹੋਇਆ ਨਹੀਂ, ਜੇਕਰ ਹੁਕਮਨਾਮੇ ਦੇ ਬਾਵਜੂਦ ਡੇਰਾ ਮੁਖੀ ਦੀ ਫਿਲਮ ਪੰਜਾਬ ਵਿੱਚ ਦਿਖਾਈ ਜਾਂਦੀ ਹੈ ਤਾਂ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।