ਆੜ੍ਹਤੀਏ ਵੱਲੋਂ ਜ਼ਮੀਨ ਲੈਣ ਤੋਂ ਇਨਕਾਰ ਕਰਨ 'ਤੇ ਕਿਸਾਨ ਨੇ ਮਾਰੀ ਗੋਲੀ

ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿੱਚ ਇੱਕ ਕਿਸਾਨ ਦੀ ਜ਼ਮੀਨ ਲੈਣ ਤੋਂ ਇਨਕਾਰ ਕਰਨ 'ਤੇ ਆੜ੍ਹਤੀਏ ਨੂੰ ਗੋਲੀ ਮਾਰਨ ਤਂੋ ਬਾਅਦ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਨਾਜ ਮੰਡੀ ਵਿੱਚ ਆੜ੍ਹਤੀਆ ਰਕਸ਼ ਬਿਹਾਰੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਵਿੱਚ ਲਿਖਤ-ਪੜ੍ਹਤ ਦਾ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਸਦਾ ਇੱਕ ਪੁਰਾਣਾ ਆੜ੍ਹਤੀਆ ਕਿਸਾਨ ਨਿਰੰਜਣ ਸਿੰਘ (75 ਸਾਲਾ) ਆਪਣੇ ਭਰਾ ਅਤੇ ਇੱਕ ਹੋਰ ਸਾਥੀ ਨਾਲ ਦੁਕਾਨ ਅੰਦਰ ਉਸ ਕੋਲ ਆਇਆ ਅਤੇ ਆੜ੍ਹਤੀਏ ਦੇ ਸ਼ੈਲਰ ਨਾਲ ਲੱਗਦੀ ਆਪਣੀ ਜ਼ਮੀਨ ਨੂੰ ਵੇਚਣ ਸੰਬੰਧੀ ਗੱਲ ਕਰਨ ਲੱਗਾ ਤਾਂ ਆੜ੍ਹਤੀਆ ਦੇ ਜ਼ਮੀਨ ਲੈਣ ਤੋਂ ਇਨਕਾਰ ਕਰਦਿਆਂ ਹੀ ਕਿਸਾਨ ਨਿਰੰਜਣ ਸਿੰਘ ਨੇ ਆੜ੍ਹਤੀਆ ਰਕਸ਼ ਬਿਹਾਰੀ ਨੂੰ ਆਪਣੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ, ਜਿਸ ਨਾਲ ਆੜ੍ਹਤੀਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਲੋਕਾਂ ਦੇ ਇਕੱਠ ਨੂੰ ਦੇਖਦਿਆਂ ਕਿਸਾਨ ਨਿਰੰਜਣ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜ਼ਖਮੀ ਆੜ੍ਹਤੀਏ ਅਤੇ ਕਿਸਾਨ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਬਾਅਦ ਵਿੱਚ ਕਿਸਾਨ ਦੀ ਮੌਤ ਹੋ ਗਈ।
ਦੂਸਰੇ ਪਾਸੇ ਦਿਨ-ਦਿਹਾੜੇ ਆੜ੍ਹਤੀਏ ਉਪਰ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਆੜ੍ਹਤੀਆਂ ਵੱਲੋਂ ਆਪਣੇ ਕਾਰੋਬਾਰ ਬੰਦ ਕਰਕੇ ਅਨਾਜ ਮੰਡੀ ਵਿੱਚ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਸਤਪਾਲ ਸਿੰਘ ਮੂਲੇਵਾਲਾ ਨੇ ਕਿਹਾ ਕਿ ਅੱਜ ਕਿਸਾਨ ਅਤੇ ਆੜ੍ਹਤੀਏ ਦਾ ਨਹੁੰ-ਮਾਸ ਦੇ ਰਿਸ਼ਤੇ ਵਿੱਚ ਤਰੇੜਾਂ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹਨ, ਜਿਸ ਕਾਰਨ ਕਿਸਾਨ, ਵਪਾਰੀ, ਆੜ੍ਹਤੀਆ ਵਰਗ ਨਿਰਾਸ਼ਾ ਦੇ ਆਲਮ ਵਿੱਚ ਚੱਲ ਰਿਹਾ ਹੈ।