ਜੰਮੂ-ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅੱਤਵਾਦੀ ਹਲਾਕ

ਫ਼ੌਜ ਨੇ ਜੰਮੂ-ਕਸ਼ਮੀਰ ਦੇ ਗੁਰੇਜ਼ ਸੈਕਟਰ ਵਿੱਚ ਘੁਸਪੈਠ ਦੀ ਇੱਕ ਕੋਸ਼ਿਸ਼ ਨੂੰ ਨਕਾਮ ਕਰਦਿਆਂ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਰੱਖਿਆ ਵਿਭਾਗ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਐਨ ਐਨ ਜੋਸ਼ੀ ਨੇ ਦੱਸਿਆ ਕਿ ਗੁਰੇਜ਼ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਦਸਤਿਆਂ ਨੇ ਅੱਧੀ ਰਾਤ ਨੂੰ ਅੱਤਵਾਦੀਆਂ ਦੀ ਹਲਚਲ ਨੂੰ ਦੇਖਿਆ, ਜੋ ਕਿ ਸਰਹੱਦ ਪਾਰ ਕਰ ਕੇ ਵਾਦੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜੋਸ਼ੀ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਵੱਲੋਂ ਲਲਕਾਰੇ ਜਾਣ ਤੋਂ ਬਾਅਦ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ। ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਏ ਕੇ ਸੰਤਾਲੀ ਰਾਇਫਲਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਮਾਰੇ ਗਏ ਅੱਤਵਾਦੀਆਂ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ।
ਇਸੇ ਦੌਰਾਨ ਪਾਕਿਸਤਾਨ ਵੱਲੋਂ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਭਾਰਤੀ ਚੌਕੀਆਂ ਉੱਪਰ ਭਾਰੀ ਫਾਇਰਿੰਗ ਕੀਤੀ ਗਈ ਹੈ ਅਤੇ ਮਾਰਟਾਰ ਬੰਬ ਸੁੱਟੇ ਗਏ। ਪਾਕਿਸਤਾਨ ਵੱਲੋਂ ਲਗਾਤਾਰ ਚੌਥੇ ਦਿਨ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ। ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਵੱਲੋਂ ਬਾਲਾਕੋਟ ਸੈਕਟਰ ਵਿੱਚ ਭਾਰਤੀ ਚੌਂਕੀਆਂ ਨੂੰ ਸਵੈ-ਚਾਲਕ ਹਥਿਆਰਾਂ ਅਤੇ ਮਾਰਟਾਰ ਬੰਬਾਂ ਨਾਲ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਫਾਇਰਿੰਗ ਵਿੱਚ ਇੱਕ ਨਾਗਰਿਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਮੁਹੰਮਦ ਅਸ਼ਰਫ਼ ਵਜੋਂ ਕੀਤੀ ਗਈ ਹੈ। ਸਰਹੱਦ ਪਾਰੋਂ ਫਾਇਰਿੰਗ ਵਿੱਚ ਕਈ ਪਸ਼ੂ ਵੀ ਮਾਰੇ ਗਏ ਹਨ।
ਇਸੇ ਤਰ੍ਹਾਂ ਬਾਲਾਕੋਟ ਸੈਕਟਰ ਵਿੱਚ ਸਰਹੱਦ ਪਾਰੋਂ ਹੋ ਰਹੀ ਫਾਇਰਿੰਗ ਵਿੱਚ ਫ਼ੌਜ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਪਰਮਜੀਤ ਸਿੰਘ ਨਾਂਅ ਦਾ ਸਿਪਾਹੀ 49 ਰਾਜਪੂਤ ਰਾਇਫਲਜ਼ ਨਾਲ ਸੰਬੰਧਤ ਦੱਸਿਆ ਜਾਂਦਾ ਹੈ।
ਪਰਮਜੀਤ ਸਿੰਘ ਨੂੰ ਫ਼ੌਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।