Latest News
ਮੋਦੀ ਕਾਲੇ ਧਨ ਤੇ ਮਹਿੰਗਾਈ ਬਾਰੇ ਹੁਣ ਚੁੱਪ : ਸੁਧਾਕਰ ਰੈਡੀ
By ਮੋਹਾਲੀ (ਗਿਆਨ ਸੈਦਪੁਰੀ)

Published on 18 Sep, 2015 12:14 PM.

ਇੱਥੋਂ ਦੇ ਦੁਸਹਿਰਾ ਗਰਾਉਂਡ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ 13ਵੀਂ ਕੌਮੀ ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੀ ਗਈ ਵਿਸ਼ਾਲ ਰੈਲੀ, ਜਿੱਥੇ ਮਜ਼ਦੂਰਾਂ ਦੇ ਮਨਾਂ ਅੰਦਰ ਆਪਣੇ ਹੱਕਾਂ ਲਈ ਸੰਘਰਸ਼ਾਂ ਨੂੰ ਤਿਖੇਰਾ ਕਰਨ ਦਾ ਹੁਲਾਰਾ ਦੇ ਗਈ, ਉਥੇ ਖੇਤਾਂ ਵਿੱਚ ਮਜ਼ਦੂਰਾਂ ਨਾਲ ਮਿਹਨਤਾਂ ਦੇ ਹਮਜੋਲੀ ਬਣਨ ਵਾਲੇ ਕਿਸਾਨਾਂ ਦੀ ਉਤਸ਼ਾਹਜਨਕ ਤੇ ਭਰਵੀਂ ਹਾਜ਼ਰੀ ਕਿਸਾਨ-ਮਜ਼ਦੂਰ ਏਕਤਾ ਨੂੰ ਆਮਲੀ ਜਾਮਾ ਪਹਿਨਾਉਂਦੀ ਹੋਈ ਨਜ਼ਰ ਆਈ। ਖੇਤਾਂ ਵਿੱਚ ਕੰਮ ਕਰਨ ਵਾਲਿਆਂ ਦੇ ਨਾਲ ਹੋਰਨਾਂ ਖੇਤਰਾਂ ਦੀਆਂ ਕਿਰਤੀ ਔਰਤਾਂ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੁਲੀਅਤ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਭਾਵਨਾ ਅਸਮਾਨੀ ਪ੍ਰਵਾਜ਼ ਭਰਦੀ ਪ੍ਰਤੀਤ ਹੋਈ। ਪੰਜਾਬ ਖੇਤ ਮਜ਼ਦੂਰ ਸਭਾ, ਸੀ ਪੀ ਆਈ ਪੰਜਾਬ, ਪੰਜਾਬ ਕਿਸਾਨ ਸਭਾ, ਏਟਕ ਆਦਿ ਦੇ ਸੱਦੇ ਨੂੰ ਪੰਜਾਬ ਦੇ ਕਿਰਤੀ ਵਰਗ ਨੇ ਇੰਨਾ ਵੱਡਾ ਹੁੰਗਾਰਾ ਦਿੱਤਾ ਕਿ ਪ੍ਰਬੰਧਕਾਂ ਵੱਲੋਂ ਬੈਠਣ ਵਾਸਤੇ ਕੀਤੇ ਗਏ ਪ੍ਰਬੰਧ ਨਾ ਕਾਫੀ ਸਾਬਤ ਹੋ ਗਏ। ਲਾਲੋ-ਲਾਲ ਹੋਇਆ ਮੁਹਾਲੀ ਸ਼ਹਿਰ ਕਿਰਤੀ ਵਰਗ ਦੇ ਸੰਘਰਸ਼ੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜਦਾ ਮਹਿਸੂਸ ਹੋਇਆ।
ਆਪਣੀ ਤਕਰੀਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਨੇ ਜਿੱਥੇ ਭਾਰਤ ਵਿੱਚ ਕਿਰਤੀ ਲੋਕਾਂ ਦੀ ਦਿਨੋਂ-ਦਿਨ ਨਿੱਘਰ ਰਹੀ ਆਰਥਕ ਦਸ਼ਾ ਲਈ ਨਰਿੰਦਰ ਮੋਦੀ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ, ਉਥੇ ਅਮਰੀਕੀ ਸਮਰਾਜਵਾਦ ਤੇ ਉਸ ਦੇ ਪਿੱਠੂ ਸਾਊਦੀ ਅਰਬ ਵਰਗੇ ਮੁਲਕਾਂ ਵੱਲੋਂ ਦੁਨੀਆ ਵਿੱਚ ਫੈਲਾਏ ਜਾ ਰਹੇ ਫਾਸੀਜ਼ਮ ਦੀ ਸਖਤ ਨਿਖੇਧੀ ਕੀਤੀ। ਕਾਮਰੇਡ ਰੈਡੀ ਨੇ ਕਿਹਾ ਕਿ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਲਿਆ ਕੇ ਭਾਰਤੀਆਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਉਣ ਦੀਆਂ ਟਾਹਰਾਂ ਮਾਰਨ ਵਾਲਾ ਮੋਦੀ ਅੱਜ ਇਨ੍ਹਾਂ ਮਾਮਲਿਆਂ 'ਤੇ ਚੁੱਪ ਹੈ। ਮਹਿੰਗਾਈ ਨੂੰ ਨੱਥ ਪਾਉਣ ਦੇ ਵੀ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਹਨ। ਅੱਜ ਹਾਲਾਤ ਇਹ ਹਨ ਕਿ ਬਜ਼ਾਰ ਵਿੱਚ ਚਾਵਲ ਇੱਕ ਸੌ ਰੁਪਏ ਅਤੇ ਪਿਆਜ਼ 80 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ ਗਰੀਬਾਂ ਦੀ ਜ਼ਮੀਨ ਖੋਹ ਕੇ ਅਮੀਰਾਂ ਨੂੰ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਡਿਜੀਟਲ ਇੰਡੀਆ ਤੇ ਇਹੋ ਜਿਹੇ ਹੋਰ ਥੋਥੇ ਨਾਅਰਿਆਂ ਨਾਲ ਅਵਾਮ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਕਾਮਰੇਡ ਪੰਸਾਰੇ, ਡਾ. ਦਾਭੋਲਕਰ ਅਤੇ ਕੁਲਬਰਗੀ ਵਰਗੇ ਖੱਬੇ ਪੱਖੀ ਅਤੇ ਚਿੰਤਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੇਖਕ ਕੀ ਲਿਖਣ, ਲੋਕ ਕੀ ਖਾਣ ਤੇ ਕੀ ਪਹਿਨਣ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਕਾਮਰੇਡ ਰੈਡੀ ਨੇ ਕਿਹਾ ਕਿ ਇਸ ਕਿਸਮ ਦੇ ਫਾਸੀਜ਼ਮ ਵਿਰੁੱਧ ਲੋਕਾਂ ਅੰਦਰ ਗੁੱਸਾ ਵਧ ਰਿਹਾ ਹੈ ਅਤੇ ਉਹ ਸੰਘਰਸ਼ਾਂ ਦੇ ਰਾਹ ਪੈ ਰਹੇ ਹਨ। ਲੰਘੀ ਦੋ ਸਤੰਬਰ ਦੀ ਦੇਸ਼ ਵਿਆਪੀ ਮਜ਼ਦੂਰ ਹੜਤਾਲ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਉਸ ਹੜਤਾਲ ਵਿੱਚ 15 ਕਰੋੜ ਲੋਕਾਂ ਦਾ ਭਾਗ ਲੈਣਾ ਕਿਰਤੀ ਲੋਕਾਂ ਲਈ ਹੌਸਲੇ ਵਾਲੀ ਗੱਲ ਸੀ।
ਅੱਜ ਦੀ ਰੈਲੀ ਦੀ ਸਫਲਤਾ ਲਈ ਕਾਮਰੇਡ ਰੈਡੀ ਨੇ ਯੂਨੀਅਨ ਦੀ ਲੀਡਰਸ਼ਿਪ ਅਤੇ ਕਿਰਤੀ ਲੋਕਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਉਹ ਸੰਘਰਸ਼ਾਂ ਦੀ ਅਗਵਾਈ ਕਰਨ ਅਤੇ ਸੀ ਪੀ ਆਈ ਸਮੇਤ ਖੱਬੀਆਂ ਧਿਰਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਤਨਦੇਹੀ ਨਾਲ ਸਾਥ ਦੇਣਗੀਆਂ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਨਾਗੇਂਦਰ ਨਾਥ ਓਝਾ ਨੇ ਆਪਣੀ ਤਕਰੀਰ ਵਿੱਚ ਖੇਤ ਮਜ਼ਦੂਰਾਂ ਵੱਲੋਂ 1962 ਤੋਂ ਸ਼ੁਰੂ ਕੀਤੇ ਗਏ ਸੰਘਰਸ਼ ਦੀ ਗਾਥਾ ਬਿਆਨ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਬੇਸ਼ੱਕ ਮਜ਼ਦੂਰਾਂ ਨੇ ਗੋਲੀਆਂ ਖਾਧੀਆਂ, ਪਰ ਗਿਣਨਯੋਗ ਪ੍ਰਾਪਤੀਆਂ ਵੀ ਕੀਤੀਆਂ। ਇਨ੍ਹਾਂ ਵਿੱਚ ਭੂਮੀ ਸੁਧਾਰ ਵਰਗੇ ਕਾਨੂੰਨ ਪਾਸ ਕਰਵਾਉਣੇ ਸ਼ਾਮਲ ਹਨ।
ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਦੀ ਗੱਲ ਕਰਦਿਆਂ ਮਜ਼ਦੂਰ ਆਗੂ ਨੇ ਕਿਹਾ ਕਿ ਉਹ ਮਨ ਦੀ ਗੱਲ ਨਹੀਂ ਸਗੋਂ ਮਨਮਾਨੀ ਕਰਦਾ ਹੈ। ਉਨ੍ਹਾ ਕਿਹਾ ਕਿ ਲਾਲ ਝੰਡੇ ਵਾਲੇ ਲੋਕ ਮੋਦੀ ਦੀ ਮਨਮਾਨੀ ਬੰਦ ਕਰਵਾ ਕੇ ਹੀ ਸਾਹ ਲੈਣਗੇ।
ਮੋਦੀ ਸਰਕਾਰ ਅਤੇ ਆਰ ਐੱਸ ਐੱਸ ਵੱਲੋਂ ਧਰਮ ਦੀ ਪਹਿਰੇਦਾਰੀ ਦੇ ਅਲੰਬਰਦਾਰ ਹੋਣ ਦੇ ਦਾਅਵਿਆਂ ਦੀ ਗੱਲ ਕਰਦਿਆਂ ਕਾਮਰੇਡ ਓਝਾ ਨੇ ਕਿਹਾ ਕਿ ਧਰਮ ਨਾਲ ਇਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਇਨ੍ਹਾਂ ਦਾ ਦੇਵਤਾ ਅੰਬਾਨੀ ਹੈ ਅਤੇ ਭਗਵਾਨ ਅਡਾਨੀ ਹੈ। ਮਜ਼ਦੂਰ ਆਗੂ ਨੇ ਆਪਣੇ ਸਹਿਯੋਗੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਨਾ ਕਰਨ, ਸਗੋਂ ਲੜਾਈ ਲੜਨ।
ਕਾਮਰੇਡ ਓਝਾ ਨੇ ਵਿਸ਼ਾਲ ਰੈਲੀ ਤੋਂ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਪੰਜਾਬ ਵਿੱਚੋਂ ਹੀ ਕਿਰਤੀ ਲੋਕਾਂ ਦੀ ਲਹਿਰ ਨੂੰ ਨਵੇਂ ਖੰਭ ਲੱਗਣਗੇ।
ਸੀ ਪੀ ਆਈ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਰੈਲੀ ਲੋਕ ਸੰਘਰਸ਼ਾਂ ਨੂੰ ਨਵਾਂ ਤੇ ਤਿਖੇਰਾ ਰੂਪ ਦੇਣ ਦੇ ਆਗਾਜ਼ ਦੀ ਸੂਚਿਕ ਹੈ। ਰੈਲੀ ਵਿੱਚ ਕਿਰਤੀ ਔਰਤਾਂ ਦਾ ਆਪਣੇ ਬੱਚੇ ਗੋਦ ਵਿੱਚ ਲੈ ਕੇ ਸ਼ਾਮਲ ਹੋਣਾ, ਵੀ ਵੱਡੀ ਅਹਿਮੀਅਤ ਰੱਖਦਾ ਹੈ। ਉਨ੍ਹਾ ਪੰਜਾਬ ਦੇ ਬਹਾਦਰ ਲੋਕਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਰੈਲੀ ਵਿੱਚ ਮਜ਼ਦੂਰ ਕਿਸਾਨਾਂ ਦੀਆਂ ਆਪਸੀ ਗਲਵਕੜੀਆਂ ਇਨ੍ਹਾਂ ਦੋਹਾਂ ਕਿਰਤੀ ਧਿਰਾਂ ਦੀ ਅਸਲੀ ਏਕਤਾ ਦਾ ਮੰਜ਼ਰ ਪੇਸ਼ ਕਰ ਰਹੀਆਂ ਹਨ।
ਕਾਮਰੇਡ ਅਰਸ਼ੀ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਕੱਤਰ ਸੈਂਕੜੇ ਡੈਲੀਗੇਟਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਉਂਦੇ ਤਿੰਨ ਦਿਨਾਂ ਦੇ ਮੰਥਨ ਦੁਆਰਾ ਭਾਰਤੀ ਲੋਕਾਂ ਦੀ ਖੇਤੀ ਆਰਥਿਕਤਾ ਦੀ ਰੂਪ-ਰੇਖਾ ਉਲੀਕਣਗੇ।
ਖੇਤ ਮਜ਼ਦੂਰ ਯੂਨੀਅਨ ਦੀ ਸਥਾਪਨਾ ਪੰਜਾਬ 'ਚ ਹੀ ਹੋਈ ਸੀ : ਦਿਆਲ
ਸੀ ਪੀ ਆਈ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਖੇਤ ਮਜ਼ਦੂਰਾਂ ਦੀ ਯੂਨੀਅਨ ਦੀ ਸਥਾਪਨਾ ਵੀ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਹੋਈ ਸੀ ਤੇ ਅੱਜ ਕਿਰਤੀ ਲੋਕਾਂ ਵਿੱਚ ਨਵੀਂ ਨਰੋਈ ਰੂਹ ਵੀ ਪੰਜਾਬ ਵਿੱਚ ਹੀ ਫੂਕੀ ਗਈ ਹੈ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ ਨੇ ਸਟੇਜ ਦੀ ਸਮੁੱਚੀ ਕਾਰਵਾਈ ਚਲਾਈ। ਸਭਾ ਦੇ ਪ੍ਰਧਾਨ ਕਾਮਰੇਡ ਸਵਰਨ ਸਿੰਘ ਨਾਗੋਕੇ ਨੇ ਰੈਲੀ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ। ਖੇਤ ਮਜ਼ਦੂਰਾਂ, ਅਨਾਜ ਸਨਅਤ, ਕੱਪੜਾ ਸਨਅਤ ਅਤੇ ਹੋਰ ਸਨਅਤਾਂ ਦੀ ਕੌਮਾਂਤਰੀ ਯੂਨੀਅਨ ਦੇ ਜਨਰਲ ਸਕੱਤਰ ਯੂਲੀਅਨ ਹੱਕ ਨੇ ਰੈਲੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਰੈਲੀ ਨੂੰ ਸੀ ਪੀ ਆਈ ਦੀ ਕੌਮੀ ਸਕੱਤਰ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਤੋਂ ਇਲਾਵਾ ਏਟਕ ਦੇ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਵੀ ਐੱਸ ਨਿਰਮਲ, ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਭੁਪਿੰਦਰ ਸਾਂਬਰ, ਕਾਮਰੇਡ ਕੇ ਈ ਇਸਲਾਈਲ, ਏ ਰਾਮਾ ਮੂਰਤੀ, ਵੀ ਵਾਲੇਸ਼, ਐੱਚ ਹਲੀਫਾ ਆਦਿ ਨੇ ਵੀ ਸੰਬੋਧਨ ਕੀਤਾ।
ਕਿਰਤੀਆਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ
ਰੈਲੀ ਵਿਚ ਲੋਕ ਸਵੇਰੇ 9 ਵਜੇ ਆਉਣੇ‘ਸ਼ੁਰੂ ਹੋ ਗਏ ਸਨ। 12 ਵਜੇ ਤੱਕ ਹਜ਼ਾਰਾਂ ਕੁਰਸੀਆਂ ਅਤੇ ਸਟੇਜ ਅੱਗੇ ਰੱਖੀ ਖਾਲੀ ਥਾਂ ਵੀ ਪੂਰੀ ਤਰ੍ਹਾਂ ਭਰ ਗਈ। ਰੈਲੀ ਦੇ ਆਲੇ-ਦੁਆਲੇ ਹਜ਼ਾਰਾਂ ਲੋਕ ਦਰੱਖਤਾਂ ਦੀ ਛਾਂ ਹੇਠ ਦੂਰ-ਦੂਰ ਤਕ ਖੜ੍ਹੇ ਸਨ। ਇਕ ਵਿਸ਼ੇਸ਼ ਪਹਿਲੂ ਸੀ ਕਿ ਔਰਤਾਂ ਦੀ ਗਿਣਤੀ ਸਮੁੱਚੀ ਰੈਲੀ ਵਿਚ ਅੱਧ ਤੱਕ ਸੀ, ਜੋ ਕੁੱਛੜ ਬੱਚੇ ਲੈ ਕੇ ਆਈਆਂ ਸਨ। ਕਈ ਥਾਂ ਔਰਤਾਂ ਆਪਣੇ ਨਾਲ ਆਏ ਬੱਚਿਆਂ ਅਤੇ ਮਜ਼ਦੂਰ ਸਾਥੀਆਂ ਨਾਲ ਘਰੋਂ ਲਿਆਂਦੀਆਂ ਰੋਟੀਆਂ ਆਚਾਰ ਨਾਲ ਖਾਂਦੀਆਂ, ਲੰਗਰ ਲਾਉਂਦੀਆਂ ਵੀ ਵੇਖੀਆਂ ਗਈਆਂ। ਅਮੀਰ ਪਾਰਟੀਆਂ ਵਾਂਗ ਸਮੋਸੇ, ਬਰੈੱਡ ਪਕੌੜੇ ਆਦਿ ਦਾ ਪ੍ਰਬੰਧ ਨਹੀਂ ਸੀ, ਪਰ ਮਿਹਨਤਕਸ਼ ਲੋਕ ਰੁੱਖੀ-ਮਿਸੀ ਆਚਾਰ ਨਾਲ ਖਾ ਕੇ ਖੁਸ਼ੀ-ਖੁਸ਼ੀ ਖੇਤ ਮਜ਼ਦੂਰ ਜ਼ਿੰਦਾਬਾਦ ਅਤੇ ਆਪਣੀਆਂ ਮੰਗਾਂ ਦੇ ਨਾਅਰੇ ਲਾਉਂਦੇ ਰੈਲੀ ਵਿਚ ਪਹੁੰਚ ਰਹੇ ਸਨ।

877 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper