ਵਿਧਾਇਕ ਉਪਰ ਆਪਣੇ ਹੀ ਜਥੇਦਾਰ ਦੀ ਕੁੱਟਮਾਰ ਕਰਨ ਦਾ ਦੋਸ਼

ਬਾਬਾ ਬਕਾਲਾ ਵਿਧਾਨ ਸਭਾ ਹਲਕੇ ਵਿੱਚ ਅਕਾਲੀ ਵਿਧਾਇਕ ਤੇ ਉਸ ਦੇ ਭਰਾ ਵੱਲੋਂ ਕਥਿਤ ਤੌਰ 'ਤੇ ਥਾਣੇ 'ਚ ਨਜ਼ਰਬੰਦ ਕੀਤੇ ਅਕਾਲੀ ਵਰਕਰ ਦੇ ਸਮਰਥਕਾਂ ਨੂੰ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਕੁੱਟਮਾਰ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਰਿਜ਼ਰਵ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਉਸ ਦੇ ਭਰਾ ਰਣਜੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੀ ਏ ਹਰਪ੍ਰੀਤ ਸਿੰਘ ਖੱਖ ਦੇ ਨਾਂਅ ਕਥਿਤ ਗੁੰਡਾਗਰਦੀ ਕਰਨ 'ਚ ਸਾਹਮਣੇ ਆਏ ਹਨ। ਵਿਧਾਇਕ ਦੇ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਹੋਏ ਬੁਰੀ ਤਰ੍ਹਾਂ ਜ਼ਖਮੀ ਹੋਏ ਜਥੇਦਾਰ ਪੂਰਨ ਸਿੰਘ ਖਿਲਚੀਆਂ ਸਾਬਕਾ ਪ੍ਰਧਾਨ ਸਰਕਲ ਖਿਲਚੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੁੱਤਰ ਯਾਦਵਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ 'ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਪਿਤਾ ਦੇ ਨਾਲ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੀ ਵੀ ਕੁੱਟਮਾਰ ਕੀਤੀ ਗਈ ਹੈ। ਯਾਦ ਰਹੇ ਕਿ ਜਥੇਦਾਰ ਪੂਰਨ ਸਿੰਘ ਮੈਡੀਕਲ ਵਾਰਡ ਵਿਖੇ ਦਾਖਲ ਹਨ, ਜਿਥੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗਣ ਕਰਕੇ ਹਾਲਤ ਅਜੇ ਸਥਿਰ ਨਹੀਂ ਹੈ। ਪੀੜਤ ਅਕਾਲੀ ਜਥੇਦਾਰ ਦੇ ਪੁੱਤਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਕਾਲੀ ਵਿਧਾਇਕ ਅਕਾਲੀ ਵਰਕਰ ਰਣਜੀਤ ਸਿੰਘ ਉਰਫ ਬਿੱਲੂ 'ਤੇ ਝੂਠਾ ਬਲਾਤਕਾਰ ਦਾ ਪਰਚਾ ਦਰਜ ਕਰਵਾਉਣਾ ਚਾਹੁੰਦਾ ਸੀ, ਜਿਸ ਕਰਕੇ ਉਸ ਨੂੰ ਖਿਲਚੀਆਂ ਪੁਲਸ ਕੋਲੋਂ ਪਹਿਲਾਂ ਚੁਕਵਾਇਆ ਗਿਆ ਤੇ ਫਿਰ ਬੀਤੀ ਰਾਤ ਸ਼ਰਾਬ ਪੀ ਕੇ ਐੱਮ ਐੱਲ ਏ ਮਨਜੀਤ ਸਿੰਘ, ਉਸ ਦਾ ਭਰਾ ਰਣਜੀਤ ਸਿੰਘ ਤੇ ਉਸ ਦਾ ਪੀ ਏ ਖੱਖ ਥਾਣੇ ਆਏ ਤੇ ਪੁਲਸ ਨੂੰ ਕਿਹਾ ਕਿ ਰਣਜੀਤ ਨੂੰ ਬਾਹਰ ਕੱਢੋ ਤੇ ਸਾਡੇ ਸਾਹਮਣੇ ਉਸ ਦੀ ਡੰਡਾ ਪਰੇਡ ਕਰੋ, ਪਰ ਜਦੋਂ ਪੁਲਸ ਨੇ ਡਰਦਿਆਂ ਅਜਿਹਾ ਕਰਨ ਤੋਂ ਨਾਂਹ ਕੀਤੀ ਤਾਂ ਉਨ੍ਹਾਂ ਨੇ ਗੁੱਸੇ 'ਚ ਆ ਕੇ ਮੇਰੇ ਪਿਤਾ, ਜੋ ਕਿ ਰਣਜੀਤ ਸਿੰਘ ਦੇ ਕੇਸ ਦੀ ਪੈਰਵੀ ਕਰ ਰਹੇ ਸਨ, ਬਾਰੇ ਪਤਾ ਕੀਤਾ ਕਿ ਉਹ ਕਿਥੇ ਹੈ ਤਾਂ ਜਥੇਦਾਰ ਜਸਵਿੰਦਰ ਸਿੰਘ ਖਾਲਸਾ ਦੇ ਘਰ ਜਥੇਦਾਰ ਪੂਰਨ ਸਿੰਘ ਬੈਠੇ ਸਨ। ਵਿਧਾਇਕ ਤੇ ਉਸ ਦੇ ਉਪਰੋਕਤ ਹਮਾਇਤੀਆਂ ਨੇ ਪਹਿਲਾਂ ਜਥੇਦਾਰ ਨੂੰ ਲਲਕਾਰਿਆ, ਫਿਰ ਘਰੋਂ ਬਾਹਰ ਕੱਢ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਨੱਕ ਦੀ ਹੱਡੀ ਕ੍ਰੈਕ ਹੋ ਗਈ ਹੈ ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੇ ਦੱਸਿਆ ਕਿ ਵਿਧਾਇਕ ਨੇ ਜਥੇਦਾਰ ਪੂਰਨ ਸਿੰਘ 'ਤੇ ਹਮਲੇ ਵੇਲੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੂੰ ਸੱਟਾਂ ਮਾਰੀਆਂ ਹਨ। ਉਸ ਨੇ ਕਿਹਾ ਕਿ ਪੁਲਸ ਅਜੇ ਤੱਕ ਸਾਡੇ ਬਿਆਨ ਨਹੀਂ ਲੈਣ ਆਈ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਵਿਧਾਇਕ ਤੇ Àਸ ਦੇ ਸਮਰਥਕਾਂ ਖਿਲਾਫ ਹਮਲੇ ਦਾ ਪਰਚਾ ਦਰਜ ਕੀਤਾ ਜਾਵੇ ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਵਿਧਾਇਕ ਮਨਜੀਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਮੈਂ ਤਾਂ ਪਿੰਡ ਖਿਲਚੀਆਂ ਵਿੱਚ ਹੀ ਨਹੀਂ ਗਿਆ, ਕਿਉਂਕਿ ਮੈਂ ਤਾਂ ਚੰਡੀਗੜ੍ਹ ਸੀ ਮਜੀਠੀਆ ਨਾਲ ਵਾਪਸ ਆਇਆ ਹਾਂ। ਮੇਰਾ ਇਸ ਝਗੜੇ ਨਾਲ ਕੋਈ ਸੰਬੰਧ ਨਹੀਂ ਹੈ। ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਜਸਦੀਪ ਸਿੰਘ ਸੈਣੀ, ਐੱਸ ਪੀ ਹੈੱਡਕੁਆਟਰ ਬਲਬੀਰ ਸਿੰਘ ਤੇ ਐੱਸ ਐੱਚ ਓ ਖਿਲਚੀਆਂ ਅਮੋਲਕ ਸਿੰਘ ਨੇ ਫੋਨ ਨਹੀਂ ਚੁੱਕਿਆ।