ਦੇਸ਼ ਅੰਦਰ ਦਰਪੇਸ਼ ਸੁਆਲਾਂ ਨੂੰ ਮੁਖ਼ਾਤਬ ਹੋਏਗਾ 24ਵਾਂ ਮੇਲਾ ਗ਼ਦਰੀ ਬਾਬਿਆਂ ਦਾ

ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਕ੍ਰਮਵਾਰ ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ ਸਿੰਘਾਪੁਰ ਫੌਜੀ ਬਗ਼ਾਵਤ, ਸਾਕਾ ਫੇਰੂ ਸ਼ਹਿਰ 'ਚ ਸ਼ਹੀਦ ਰਹਿਮਤ ਅਲੀ ਵਜੀਦਕੇ, ਬੰਤਾ ਸਿੰਘ ਸੰਘਵਾਲ, ਲਾਲ ਸਿੰਘ ਸਾਹਿਬਆਣਾ, ਧਿਆਨ ਸਿੰਘ ਬੰਗਸੀਪੁਰਾ, ਜਗਤ ਸਿੰਘ ਬਿੰਝਲ, ਬਖਸ਼ੀਸ਼ ਸਿੰਘ ਖਾਨਪੁਰ ਤੋਂ ਇਲਾਵਾ ਸਾਕਾ ਵੱਲਾ ਪੁਲ, 23 ਨੰਬਰ ਫੌਜੀ ਰਸਾਲੇ ਸਮੇਤ ਦੇਸ਼-ਵਿਦੇਸ਼ ਅੰਦਰ ਸ਼ਹੀਦੀ ਜਾਮ ਪੀਣ ਵਾਲੇ ਗ਼ਦਰੀ ਸੂਰਬੀਰਾਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1915-2015) ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ 30 ਅਕਤੂਬਰ ਤੋਂ 1 ਨਵੰਬਰ ਤੱਕ ਮਨਾਏ ਜਾਣ ਦੇ ਪ੍ਰੋਗਰਾਮ ਨੂੰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਆਪਣੀ ਸਾਲਾਨਾ ਜਨਰਲ ਬਾਡੀ ਮੀਟਿੰਗ 'ਚ ਅੰਤਿਮ ਛੋਹ ਦਿੱਤੀ। ਦੇਸ਼ ਅੰਦਰ ਮੌਜੂਦਾ ਚੁਣੌਤੀਆਂ ਨੂੰ ਸਨਮੁੱਖ ਹੋਵੇਗਾ 24ਵਾਂ ਮੇਲਾ ਗ਼ਦਰੀ ਬਾਬਿਆਂ ਦਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਪ੍ਰੱੈਸ ਨਾਲ ਸਾਂਝੀ ਕਰਦਿਆਂ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ 'ਮੇਲਾ ਗ਼ਦਰੀ ਬਾਬਿਆਂ ਦਾ' 30 ਅਕਤੂਬਰ ਸਵੇਰੇ 10 ਵਜੇ ਸ਼ਮ੍ਹਾਂ ਰੌਸ਼ਨ ਕਰਕੇ ਜੋਸ਼-ਖਰੋਸ਼ ਨਾਲ ਆਰੰਭ ਹੋਏਗਾ।
ਉਪਰੰਤ ਗਾਇਨ, ਭਾਸ਼ਣ ਮੁਕਾਬਲੇ ਅਤੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਨਾਟਕ ਖੇਡੇ ਜਾਣਗੇ।
31 ਅਕਤੂਬਰ ਕੁਇਜ਼, ਪੇਂਟਿੰਗ ਮੁਕਾਬਲਾ, ਦੁਪਹਿਰ ਵੇਲੇ ਤਰਕਸ਼ੀਲ ਵਿਚਾਰਾਂ, ਸ਼ਾਮ 4 ਵਜੇ ਕਵੀ ਦਰਬਾਰ ਅਤੇ 7 ਤੋਂ 9 ਵਜੇ ਤੱਕ ਪੀਪਲਜ਼ ਵਾਇਸ ਵੱਲੋਂ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗਾ।
1 ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਗੁਰਮੀਤ ਅਦਾ ਕਰਨ ਉਪਰੰਤ ਮੁੱਖ ਭਾਸ਼ਣ ਦੇਣਗੇ। ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਜੀ ਆਇਆਂ ਕਹਿਣਗੇ। ਐੱਸ.ਆਰ.ਟੀ.ਡੀ.ਏ.ਵੀ. ਪਬਲਿਕ ਸਕੂਲ ਬਿਲਗਾ (ਪ੍ਰਿੰਸੀਪਲ ਰਵੀ ਸ਼ਰਮਾ ਦੀ ਨਿਰਦੇਸ਼ਨਾ 'ਚ) ਦੀ ਬੈਂਡ ਟੀਮ ਵੱਲੋਂ ਗ਼ਦਰੀ ਝੰਡੇ ਨੂੰ ਸਲਾਮੀ ਦਿੱਤੀ ਜਾਏਗੀ। ਇਸ ਮੌਕੇ ਝੰਡੇ ਦਾ ਗੀਤ ਪੇਸ਼ ਕੀਤਾ ਜਾਏਗਾ। ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਤਕਰੀਰ, ਪੁਸਤਕ, ਸੋਵੀਨਰ ਰਿਲੀਜ਼, ਪਰਵਾਰਾਂ ਦਾ ਸਨਮਾਨ ਹੋਏਗਾ। ਸਾਰਾ ਦਿਨ ਬਹੁ-ਕਲਾ ਵੰਨਗੀਆਂ ਤੋਂ ਇਲਾਵਾ ਉਤਸਾ ਪਟਨਾਇਕ ਮੁੱਖ ਭਾਸ਼ਣ ਦੇਣਗੇ ਅਤੇ ਸਫ਼ਦਰ ਹਾਸ਼ਮੀ ਦਾ ਲਿਖਿਆ ਨਾਟਕ 'ਔਰਤ', ਹੰਸਾ ਸਿੰਘ ਦੀ ਨਿਰਦੇਸ਼ਨਾ 'ਚ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਖੇਡਿਆ ਜਾਏਗਾ। ਦੇਸ ਰਾਜ ਛਾਜਲੀ ਅਤੇ ਮੁਖਤਿਆਰ ਜਫ਼ਰ ਦੇ ਜੱਥੇ ਢਾਡੀ ਅਤੇ ਕਵੀਸ਼ਰੀ ਰੰਗ ਪੇਸ਼ ਕਰਨਗੇ। ਦਿਨ ਦੇ ਮੇਲੇ ਦੇ ਸਿਖਰ 'ਤੇ ਹੋਵੇਗਾ ਫੁਲਵਾੜੀ ਕਲਾ ਕੇਂਦਰ ਲੋਹੀਆਂ (ਜਗੀਰ ਜੋਸਣ) ਦੇ ਕਲਾਕਾਰਾਂ ਵਲੋਂ 'ਜਾਗੋ'।
ਸ਼ਾਮ 4 ਤੋਂ 6 ਵਜੇ ਤੱਕ ਡਾ. ਪਰਮਿੰਦਰ, ਜਗਰੂਪ ਅਤੇ ਡਾ. ਕਰਮਜੀਤ ਦੀ ਅਗਵਾਈ 'ਚ ਭਖਦੇ ਸੁਆਲਾਂ 'ਤੇ ਵਿਚਾਰ ਚਰਚਾ ਹੋਵੇਗੀ। ਸ਼ਾਮ ਠੀਕ 7 ਵਜੇ ਸਮਸ਼ੁਲ ਇਸਲਾਮ ਦੇ ਵਿਚਾਰਾਂ ਨਾਲ ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਆਗਾਜ਼ ਹੋਏਗਾ। ਪੰਜਾਬ ਦੇ ਨਾਮਵਰ ਨਾਟਕਕਾਰਾਂ, ਨਿਰਦੇਸ਼ਕਾਂ ਦੀ ਅਗਵਾਈ 'ਚ ਬਹੁਤ ਹੀ ਅਰਥ ਭਰਪੂਰ ਨਾਟਕਾਂ ਅਤੇ ਗੀਤ-ਸੰਗੀਤ ਦਾ ਰੰਗ ਹੋਏਗਾ ਸਵੇਰੇ 4 ਵਜੇ ਤੱਕ। ਅੱਜ ਦੀ ਮੀਟਿੰਗ 'ਚ ਦੇਸ਼ ਭਗਤ ਪ੍ਰਕਾਸ਼ਨ, ਵਿਸ਼ਨੂੰ ਗਣੇਸ਼ ਪਿੰਗਲੇ ਹਾਲ, ਬਾਬਾ ਭਗਤ ਸਿੰਘ ਬਿਲਗਾ ਯਾਦਗਾਰੀ ਕਿਤਾਬ ਘਰ, ਲੰਗਰ, ਸਕਿਉਰਟੀ, ਪ੍ਰਚਾਰ-ਮੁਹਿੰਮ, ਸ਼ਹਾਦਤਾਂ ਦੀ ਸ਼ਤਾਬਦੀ ਦੀ ਫੋਟੋ ਪ੍ਰਦਰਸ਼ਨੀ, ਮੈਡੀਕਲ ਕੈਂਪ, ਭਰਾਤਰੀ ਜੱਥੇਬੰਦੀਆਂ, ਸੰਸਥਾਵਾਂ ਨੂੰ ਸਹਿਯੋਗ ਲਈ ਅਪੀਲ ਆਦਿ ਕਿੰਨੇ ਹੀ ਪੱਖਾਂ ਨੂੰ ਯਕੀਨੀ ਬਣਾਉਣ ਦੇ ਫੈਸਲੇ ਵੀ ਲਏ ਗਏ। ਮੀਟਿੰਗ ਵਿੱਚ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਬੀਤੇ ਲੰਮੇ ਅਰਸੇ ਤੋਂ ਕਮੇਟੀ ਲਗਾਤਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਗਰਾਮੀ ਜੀਵਨ ਉਪਰ ਗੰਭੀਰ ਖੋਜ ਕਰਨ ਦੀ ਜ਼ੋਰਦਾਰ ਮੰਗ ਕਰਦੀ ਆਈ ਹੈ। ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 'ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ' ਸਥਾਪਤ ਕਰਨ ਦੇ ਬਿਆਨ ਨੂੰ ਅਮਲੀ ਜਾਮਾ ਪਹਿਨਾਉਣ ਉਪਰ ਜ਼ੋਰ ਦਿੱਤਾ ਗਿਆ। ਇਹ ਮੰਗ ਵੀ ਕੀਤੀ ਗਈ ਕਿ ਬਰਕਲੇ ਯੂਨੀਵਰਸਿਟੀ ਅਮਰੀਕਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦਗਾਰੀ ਇਤਿਹਾਸਕ ਨਿਸ਼ਾਨੀ ਕਾਇਮ ਰੱਖੀ ਜਾਵੇ। 'ਗ਼ਦਰ' ਅਖ਼ਬਾਰ ਦੀ ਪ੍ਰਕਾਸ਼ਨਾ ਕਰਨ ਵਾਲੀ ਮਸ਼ੀਨ ਨੂੰ ਇਤਿਹਾਸਕ ਯਾਦ ਵਜੋਂ ਸੰਭਾਲਿਆ ਜਾਵੇ।
ਮੀਟਿੰਗ 'ਚ ਪਿਛਲੀਆਂ ਸਰਗਰਮੀਆਂ ਦੀ ਰਿਪੋਰਟ ਵੱਖ-ਵੱਖ ਕਮੇਟੀਆਂ ਦੇ ਕਨਵੀਨਰਾਂ ਨੇ ਪੇਸ਼ ਕੀਤੀ।
ਮੀਟਿੰਗ 'ਚ ਕਾਮਰੇਡ ਜਗਜੀਤ ਸਿੰਘ ਆਨੰਦ, ਕਮੇਟੀ ਦੇ ਮੀਤ ਪ੍ਰਧਾਨ ਕਾਮਰੇਡ ਅਜਮੇਰ ਸਿੰਘ ਦੇ ਵੱਡੇ ਭਰਾ ਗੁਰਪਾਲ ਸਿੰਘ ਦੇ ਦਰਦਨਾਕ ਵਿਛੋੜੇ ਅਤੇ ਉੱਘੇ ਕੰਨੜ ਲੇਖਕ ਕਲਬੁਰਗੀ ਦੇ ਕਤਲ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।