ਪਤਾ ਨਹੀਂ ਮੋਦੀ ਜੀ ਚਾਹ ਵੇਚਦੇ ਵੀ ਸਨ ਜਾਂ ਨਹੀਂ : ਰਾਹੁਲ

ਬਿਹਾਰ ਦੀਆਂ ਚੋਣ ਤਰੀਕਾਂ ਦੇ ਨੇੜੇ ਆਉਣ ਤੋਂ ਬਾਅਦ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਚੰਪਾਰਨ 'ਚ ਮਹਿਲਾ ਚੋਣ ਜਲਸਾ ਕੀਤਾ। ਇਸ ਜਲਸੇ ਤੋਂ ਲਾਲੂ ਤੇ ਨਿਤੀਸ਼ ਦੂਰ ਹੀ ਰਹੇ। ਹਾਲਾਂਕਿ ਲਾਲੂ ਦਾ ਬੇਟਾ ਤੇਜਸਵੀ ਯਾਦਵ ਰਾਹੁਲ ਦੇ ਨਾਲ ਸੀ। ਰਾਹੁਲ ਸ਼ਨੀਵਾਰ ਨੂੰ ਜਦੋਂ ਪਟਨਾ ਹਵਾਈ ਅੱਡੇ 'ਤੇ ਪਹੁੰਚੇ ਤਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਰਾਹੁਲ ਦਾ ਸਵਾਗਤ ਕੀਤਾ। ਕਾਂਗਰਸ ਅਤੇ ਲਾਲੂ ਦੋਵਾਂ ਨੇ ਹੀ ਨਿਤੀਸ਼ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੀਤਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇੱਕ ਵਾਰੀ ਫੇਰ ਨਰਿੰਦਰ ਮੋਦੀ ਨੂੰ ਜੰਮ ਕੇ ਨਿਸ਼ਾਨਾ ਬਣਾਇਆ। ਰਾਹੁਲ ਦਾ ਸਾਰਾ ਭਾਸ਼ਣ ਮੋਦੀ ਸਰਕਾਰ ਉਪਰ ਹਮਲਿਆਂ ਦੇ ਰੂਪ 'ਚ ਸੀ। ਕਾਂਗਰਸ ਦੇ ਉਪ ਪ੍ਰਧਾਨ ਨੇ ਇੱਕ ਵਾਰੀ ਫੇਰ ਮੋਦੀ ਸਰਕਾਰ ਨੂੰ ਸੂਟ-ਬੂਟ ਦੀ ਸਰਕਾਰ ਕਿਹਾ।
ਰਾਹੁਲ ਨੇ ਕਿਹਾ, 'ਲੋਕ ਕਹਿੰਦੇ ਹਨ ਕਿ ਮੋਦੀ ਚਾਹ ਵੇਚਦੇ ਸਨ, ਪਰ ਪਤਾ ਨਹੀਂ ਇਹ ਕਿੰਨਾ ਸੱਚ ਕਿ ਉਹ ਵੇਚਦੇ ਸਨ ਕਿ ਨਹੀਂ। ਹਾਲ ਹੀ ਵਿੱਚ ਮੋਦੀ ਜੀ ਨੇ ਅਰਥਚਾਰੇ ਬਾਰੇ ਵਿਚਾਰ ਕਰਨ ਲਈ ਮੀਟਿੰਗ ਬੁਲਾਈ ਸੀ, ਸਾਰੇ ਲੋਕ ਸੂਟ ਬੂਟ 'ਚ ਸਨ, ਮਹਿੰਗੇ ਕੱਪੜੇ, ਮਹਿੰਗੀਆਂ ਘੜੀਆਂ, ਮਹਿੰਗੇ ਪੈੱਨਾਂ ਨਾਲ ਇਹ ਲੋਕ ਰੋਜ਼ਗਾਰ ਦੇਣ ਦੀਆਂ ਗੱਲਾਂ ਕਰ ਰਹੇ ਸਨ, ਜਿਨ੍ਹਾਂ ਨੂੰ ਰੋਜ਼ਗਾਰ ਦੇਣਾ ਹੈ, ਉਨ੍ਹਾਂ ਨਾਲ ਤਾਂ ਗੱਲ ਕਰ ਲਵੋ, ਦੇਸ਼ 'ਚ ਸਫ਼ਾਈ ਕਰਨੀ ਹੈ ਤਾਂ ਇੱਕ ਵਾਰੀ ਜਾ ਕੇ ਸਫ਼ਾਈ ਕਰਮਚਾਰੀਆ ਨਾਲ ਗੱਲ ਤਾਂ ਕਰੋ ਕਿ ਦੇਸ਼ ਦੀ ਸਫ਼ਾਈ ਕਿਵੇਂ ਹੋਵੇਗੀ।'
ਰਾਹੁਲ ਨੇ ਕਿਹਾ, 'ਮੋਦੀ ਜੀ ਪਹਿਲਾਂ ਚਾਹ ਵਾਲੇ ਸਨ, ਹੌਲੀ-ਹੌਲੀ ਉਨ੍ਹਾ ਦੇ ਤਨ 'ਤੇ ਕੁੜਤਾ ਆਇਆ, ਫੇਰ ਅਚਾਨਕ ਦੇਹ ਉੱਪਰ 15 ਲੱਖ ਦਾ ਸੂਟ ਆ ਗਿਆ। ਇੱਕ ਗਾਂਧੀ ਜੀ ਸਨ, ਜੋ ਕੱਪੜੇ ਉਤਾਰ ਰਹੇ ਸਨ। ਦੂਜੇ ਪਾਸੇ ਮੋਦੀ ਜੀ ਕੱਪੜੇ ਲੱਦੀ ਜਾ ਰਹੇ ਹਨ, ਪਤਾ ਨਹੀਂ ਮੋਦੀ ਜੀ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਵੀ ਸਨ ਜਾਂ ਨਹੀਂ। ਇਹ ਆਪਣੇ ਸੂਟ ਬੂਟ-ਵਾਲੇ ਮਿੱਤਰਾ ਨਾਲ ਰੋਜ਼ਗਾਰ ਦੇਣ ਦਾ ਵਾਅਦਾ ਕਰਦੇ ਹਨ। ਖੇਤੀ ਸੁਧਾਰਨ ਦਾ ਵਾਅਦਾ ਕਰਦੇ ਹਨ। ਪਿਛਲੀਆਂ ਚੋਣਾਂ 'ਚ ਮੋਦੀ ਜੀ ਆਏ ਸਨ, ਉਨ੍ਹਾ ਚੰਪਾਰਨ ਖੰਡ ਮਿੱਲ ਨੂੰ ਚਲਾਉਣ ਦਾ ਵਾਅਦਾ ਕੀਤਾ ਸੀ ਅਤੇ ਅਸੀਂ ਪੁੱਛਣਾ ਚਾਹੁੰਦੇ ਹਨ ਕਿ ਹੁਣ ਮਿੱਲ ਦਾ ਕੀ ਬਣਿਆ। ਕਾਂਗਰਸ ਦੇ ਉਪ ਪ੍ਰਧਾਨ ਨੇ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਮੋਦੀ ਜੀ ਨੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਗੱਲ ਕੀਤੀ ਸੀ ਤਾਂ ਉਨ੍ਹਾ ਖੁਦ ਕਿਸਾਨਾਂ ਨਾਲ ਗੱਲ ਕੀਤੀ ਸੀ, ਕਿਸੇ ਨੇ ਨਹੀਂ ਕਿਹਾ ਸੀ ਕਿ ਭੋਂ ਪ੍ਰਾਪਤੀ ਬਿੱਲ ਆਉਣਾ ਚਾਹੀਦਾ ਹੈ। ਸਾਰਿਆਂ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਜ਼ਮੀਨ ਹੈ, ਉਹ ਸੋਨਾ ਹੈ, ਪਰ ਮੋਦੀ ਜੀ ਅਤੇ ਉਨ੍ਹਾਂ ਦੇ ਸੂਟ-ਬੂਟ ਦੋਸਤ ਉਨ੍ਹਾ ਦੀ ਜ਼ਮੀਨ ਧੱਕੇ ਨਾਲ ਹੜੱਪਣਾ ਚਾਹੁੰਦੇ ਹਨ। ਉਨ੍ਹਾ ਕਿਹਾ ਕਿ ਮੋਦੀ ਵੀ ਅੰਗਰੇਜ਼ਾਂ ਵਾਂਗ ਕਿਸਾਨਾਂ ਤੋਂ ਜ਼ਮੀਨਾ ਖੋਹਣੀਆਂ ਚਾਹੁੰਦਾ ਹੈ, ਪਰ ਕਾਂਗਰਸ ਕਦੇ ਵੀ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ।