ਨੇਤਾ ਜੀ ਸੁਭਾਸ਼ ਬਾਰੇ ਜਿੰਨੇ ਮੂੰਹ, ਓਨੀਆਂ ਗੱਲਾਂ

ਵੀਰਵਾਰ ਦੇ ਅਖਬਾਰਾਂ ਵਿੱਚ ਇਸ ਖਬਰ ਨੇ ਬਹੁਤ ਜ਼ਿਆਦਾ ਖਿੱਚ ਪੈਦਾ ਕਰ ਦਿੱਤੀ ਸੀ ਕਿ ਕੇਂਦਰ ਦੀ ਸਰਕਾਰ ਭਾਵੇਂ ਸੁਭਾਸ਼ ਚੰਦਰ ਬੋਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਫਾਈਲ ਖੋਲ੍ਹਣ ਦੇ ਲਈ ਤਿਆਰ ਨਹੀਂ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਫਾਈਲਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਗੁਪਤ ਫਾਈਲਾਂ ਖੋਲ੍ਹ ਦਿੱਤੀਆਂ ਗਈਆਂ। ਹਰ ਕੋਈ ਇਹ ਸੱਚ ਜਾਣਨਾ ਚਾਹੁੰਦਾ ਸੀ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਆਖਰੀ ਵਕਤ ਕੀ ਵਾਪਰਿਆ ਸੀ, ਉਹ ਮਾਰੇ ਗਏ ਸਨ ਜਾਂ ਜ਼ਿੰਦਾ ਬਚ ਗਏ ਸਨ, ਪਰ ਜਦੋਂ ਫਾਈਲਾਂ ਦੇ ਫੀਤੇ ਖੁੱਲ੍ਹੇ ਤਾਂ ਉਨ੍ਹਾਂ ਵਿੱਚੋਂ ਕੁਝ ਖਾਸ ਨਿਕਲਿਆ ਹੀ ਨਹੀਂ। ਇਸ ਨੇ ਹੋਰ ਭੁਲੇਖੇ ਪੈਦਾ ਕਰ ਦਿੱਤੇ ਹਨ।
ਇੱਕ ਗੱਲ ਹੁਣ ਬੜੇ ਜ਼ੋਰ ਨਾਲ ਚੁੱਕੀ ਗਈ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਤਾਂ 1964 ਤੱਕ ਜ਼ਿੰਦਾ ਰਹੇ ਸਨ। ਇਹ ਸਾਲ ਪਤਾ ਨਹੀਂ ਕਿੱਦਾਂ ਆਧਾਰ ਮੰਨਿਆ ਗਿਆ ਹੈ? ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਵੀ ਏਸੇ ਸਾਲ ਹੀ ਹੋਈ ਸੀ। ਕੀ ਨੇਤਾ ਜੀ ਸੁਭਾਸ਼ ਚੰਦਰ ਬੋਸ ਓਦੋਂ ਤੱਕ ਜ਼ਿੰਦਾ ਰਹਿਣਾ ਚਾਹੁੰਦੇ ਸਨ, ਜਦੋਂ ਤੱਕ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਨਹੀਂ ਹੋ ਜਾਂਦੀ? ਇਹ ਅਜੀਬ ਸੰਜੋਗ ਜਾਪਦਾ ਹੈ। ਫਾਈਲਾਂ ਤੋਂ ਇਹ ਗੱਲ ਜਿਨ੍ਹਾਂ ਲੋਕਾਂ ਨੇ ਲੱਭੀ ਹੈ, ਉਨ੍ਹਾਂ ਨੇ ਇਸ ਬਾਰੇ ਨਾਲ ਕੋਈ ਠੋਸ ਸਬੂਤ ਨਾ ਦੇ ਕੇ ਚਿੱਠੀਆਂ ਦੇ ਹਵਾਲੇ ਨਾਲ ਆਪਣੀ ਖਬਰ ਬਣਾ ਦਿੱਤੀ ਹੈ। ਜਿੰਨੀਆਂ ਕੁ ਚਿੱਠੀਆਂ ਤੇ ਦਸਤਾਵੇਜ਼ ਸਾਹਮਣੇ ਆ ਰਹੇ ਹਨ, ਉਨ੍ਹਾਂ ਨਾਲ ਸਥਿਤੀ ਸਪੱਸ਼ਟ ਨਹੀਂ ਹੋ ਰਹੀ ਅਤੇ ਹਰ ਕਿਸੇ ਫਾਈਲ ਵਿਚਲੀ ਚਿੱਠੀ ਦੂਸਰੀ ਤੋਂ ਵੱਖਰੀ ਕਹਾਣੀ ਪੇਸ਼ ਕਰਨ ਵਾਲੀ ਨਜ਼ਰ ਆਉਂਦੀ ਹੈ। ਗੱਲ ਫਿਰ ਓਥੇ ਖੜੀ ਰਹੀ ਹੈ ਕਿ ਅੰਤਲਾ ਸੱਚ ਕਿਸੇ ਨੂੰ ਪਤਾ ਹੀ ਨਹੀਂ।
ਪਹਿਲੀਆਂ ਰਿਪੋਰਟਾਂ ਇਹ ਸਨ ਕਿ ਨੇਤਾ ਜੀ ਤਾਈਵਾਨ ਵਿੱਚ ਇੱਕ ਹਵਾਈ ਹਾਦਸੇ ਦਾ ਸ਼ਿਕਾਰ ਹੋ ਕੇ ਪ੍ਰਾਣ ਤਿਆਗ ਗਏ ਸਨ। ਫਿਰ ਇਹ ਗੱਲ ਜ਼ੋਰ ਫੜ ਗਈ ਕਿ ਉਹ ਜ਼ਿੰਦਾ ਬਚ ਗਏ ਸਨ ਅਤੇ ਇਸ ਦਾ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਨੂੰ ਪਤਾ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪਤਾ ਹੋਣ ਬਾਰੇ ਕੋਈ ਸਿੱਧਾ ਸਬੂਤ ਨਹੀਂ ਮਿਲਦਾ, ਪਰ ਮਹਾਤਮਾ ਗਾਂਧੀ ਬਾਰੇ ਕਿਹਾ ਜਾਂਦਾ ਹੈ ਕਿ ਕੁਝ ਲੋਕਾਂ ਨੇ ਨੇਤਾ ਜੀ ਸੁਭਾਸ਼ ਦਾ ਸਰਾਧ ਕਰਨ ਦੀ ਤਿਆਰੀ ਕੀਤੀ ਸੀ ਅਤੇ ਗਾਂਧੀ ਜੀ ਨੇ ਕਹਿ ਕੇ ਰੋਕ ਦਿੱਤਾ ਸੀ ਕਿ ਜਦੋਂ ਤੱਕ ਸੁਭਾਸ਼ ਚੰਦਰ ਬੋਸ ਦੇ ਜ਼ਿੰਦਾ ਜਾਂ ਮੁਰਦਾ ਹੋਣ ਦਾ ਭੁਲੇਖਾ ਦੂਰ ਨਹੀਂ ਹੋ ਜਾਂਦਾ, ਸਰਾਧ ਨਹੀਂ ਕੀਤਾ ਜਾ ਸਕਦਾ। ਇਹ ਵੀ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਉਨ੍ਹਾ ਦਾ ਆਪਣਾ ਖਿਆਲ ਹੈ ਕਿ ਨੇਤਾ ਜੀ ਸੁਭਾਸ਼ ਅਜੇ ਜ਼ਿੰਦਾ ਹਨ ਅਤੇ ਇੱਕ ਦਿਨ ਸਾਹਮਣੇ ਆ ਸਕਦੇ ਹਨ। ਦੂਸਰੇ ਪਾਸੇ ਇਹ ਗੱਲ ਕਈ ਵਾਰੀ ਚਰਚਾ ਵਿੱਚ ਆਈ ਹੈ ਕਿ ਜਿਹੜੇ ਹਵਾਈ ਅੱਡੇ ਤੋਂ ਨੇਤਾ ਜੀ ਦੇ ਉਡਾਰੀ ਭਰਨ ਮੌਕੇ ਹਵਾਈ ਹਾਦਸਾ ਹੋਣ ਦੀ ਖਬਰ ਉੱਠੀ ਸੀ ਅਤੇ ਜਿਹੜਾ ਦਿਨ ਦੱਸਿਆ ਗਿਆ ਸੀ, ਉਸ ਦਿਨ ਓਥੇ ਕੋਈ ਹਵਾਈ ਹਾਦਸਾ ਹੀ ਨਹੀਂ ਹੋਇਆ। ਫਿਰ ਹਾਦਸੇ ਦੀ ਖਬਰ ਕਿਵੇਂ ਆ ਗਈ? ਪੱਛਮੀ ਬੰਗਾਲ ਸਰਕਾਰ ਵੱਲੋਂ ਕੱਲ੍ਹ ਖੋਲ੍ਹੀਆਂ ਗਈਆਂ ਸਾਰੀਆਂ ਫਾਈਲਾਂ ਵਿੱਚ ਇਸ ਬਾਰੇ ਕੋਈ ਸਿੱਧੀ ਜਾਣਕਾਰੀ ਨਹੀਂ ਤੇ ਮਨ-ਮਰਜ਼ੀ ਦੇ ਟੋਟਕੇ ਹਰ ਕੋਈ ਆਪਣੀ ਸੋਚ ਮੁਤਾਬਕ ਜੋੜ ਕੇ ਬਹਿਸ ਵਿੱਚ ਸ਼ਾਮਲ ਹੋਈ ਜਾਂਦਾ ਹੈ।
ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਟੇਕ ਇਸ ਸਨਸਨੀ ਖੇਜ਼ ਚਰਚਾ ਉੱਤੇ ਹੈ ਕਿ ਆਜ਼ਾਦੀ ਮਿਲਣ ਦੇ ਵੀਹ ਸਾਲ ਬਾਅਦ ਤੱਕ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ ਕਰਵਾਈ ਜਾਂਦੀ ਰਹੀ ਸੀ। ਇਹ ਚਰਚਾ ਵੀ ਬੇਵਕੂਫੀ ਭਰੀ ਹੈ। ਪਹਿਲੀ ਗੱਲ ਇਹ ਕਿ ਪੰਡਿਤ ਨਹਿਰੂ ਆਜ਼ਾਦੀ ਮਿਲਣ ਤੋਂ ਵੀਹ ਸਾਲ ਬਾਅਦ ਤੱਕ ਜ਼ਿੰਦਾ ਨਹੀਂ ਰਹੇ, ਸਤਾਰਾਂ ਸਾਲ ਪੂਰੇ ਕਰਨ ਤੋਂ ਪਹਿਲਾਂ ਸੰਸਾਰ ਤੋਂ ਕੂਚ ਕਰ ਗਏ ਸਨ। ਜੇ ਜਾਸੂਸੀ ਵੀਹ ਸਾਲ ਚੱਲਦੀ ਰਹੀ ਸੀ ਤਾਂ ਫਿਰ ਇਸ ਵਿੱਚ ਲਾਲ ਬਹਾਦਰ ਸ਼ਾਸਤਰੀ ਵਰਗੇ ਅਗਲੇ ਪ੍ਰਧਾਨ ਮੰਤਰੀ ਉੱਤੇ ਵੀ ਇਹੋ ਦੋਸ਼ ਲੱਗਦਾ ਹੈ। ਦੂਸਰੀ ਇਹ ਕਿ ਅੰਦਰੂਨੀ ਜਾਸੂਸੀ ਏਜੰਸੀਆਂ ਗ੍ਰਹਿ ਮੰਤਰੀ ਕੋਲ ਹੁੰਦੀਆਂ ਹਨ ਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਸਨ, ਜਿਸ ਦੀ ਜਾਣਕਾਰੀ ਬਿਨਾਂ ਇਹ ਏਜੰਸੀਆਂ ਕੋਈ ਜਾਸੂਸੀ ਨਹੀਂ ਸੀ ਕਰ ਸਕਦੀਆਂ। ਦੋ ਹੀ ਗੱਲਾਂ ਹਨ, ਜਾਂ ਤਾਂ ਪਟੇਲ ਖੁਦ ਜਾਸੂਸੀ ਕਰਵਾ ਰਹੇ ਸਨ ਤੇ ਜਾਂ ਏਨੇ ਕਮਜ਼ੋਰ ਗ੍ਰਹਿ ਮੰਤਰੀ ਸਨ ਕਿ ਲੋਹ-ਪੁਰਸ਼ ਐਵੇਂ ਅਖਵਾਈ ਗਏ, ਜਾਸੂਸੀ ਏਜੰਸੀਆਂ ਵੀ ਉਨ੍ਹਾ ਨੂੰ ਟਿੱਚ ਜਾਣਦੀਆਂ ਸਨ। ਸਰਦਾਰ ਪਟੇਲ ਬਾਰੇ ਏਦਾਂ ਦੀ ਗੱਲ ਭਾਜਪਾ ਕਦੇ ਨਹੀਂ ਕਹੇਗੀ।
ਹੁਣ ਇਹ ਖਬਰ ਆ ਗਈ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਚੀਨ ਦੇ ਇਨਕਲਾਬ ਲਈ ਮਾਓ ਜ਼ੇ ਤੁੰਗ ਦਾ ਸਾਥ ਦਿੱਤਾ ਸੀ। ਕੱਲ੍ਹ ਤੱਕ ਕਿਹਾ ਜਾਂਦਾ ਸੀ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਕਮਿਊਨਿਸਟ ਵਿਰੋਧੀ ਸਨ, ਇਸ ਲਈ ਰੂਸ ਵਾਲਿਆਂ ਨੇ ਉਨ੍ਹਾ ਨੂੰ ਮਰਵਾ ਦਿੱਤਾ ਸੀ, ਹੁਣ ਨੇਤਾ ਜੀ ਨੂੰ ਕਮਿਊਨਿਸਟ ਇਨਕਲਾਬ ਦਾ ਜੋਧਾ ਬਣਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਸਭ ਡਰਾਮੇਬਾਜ਼ੀ ਹੈ। ਤੱਥਾਂ ਦੇ ਆਧਾਰ ਉੱਤੇ ਗੱਲ ਕਰਨੀ ਹੋਵੇ ਤਾਂ ਭਾਰਤ ਸਰਕਾਰ ਦੇ ਕੋਲ ਜਿਹੜੀਆਂ ਫਾਈਲਾਂ ਹਨ, ਉਹ ਇੱਕ ਵਾਰ ਖੋਲ੍ਹ ਕੇ ਲੋਕਾਂ ਸਾਹਮਣੇ ਸੱਚ ਪੇਸ਼ ਕਰ ਦੇਣਾ ਚਾਹੀਦਾ ਹੈ। ਅਟਲ ਬਿਹਾਰੀ ਵਾਜਪਾਈ ਕਹਿੰਦੇ ਸਨ ਕਿ ਸਾਡਾ ਰਾਜ ਜਦੋਂ ਕਦੇ ਆਇਆ ਤਾਂ ਅਸੀਂ ਸੁਭਾਸ਼ ਚੰਦਰ ਬੋਸ ਬਾਰੇ ਸੱਚ ਸਭ ਦੇ ਸਾਹਮਣੇ ਰੱਖ ਦਿਆਂਗੇ, ਪਰ ਕੁਝ ਕੀਤੇ ਬਿਨਾਂ ਰਾਜ ਭੋਗ ਕੇ ਸੇਵਾ ਮੁਕਤ ਹੋ ਗਏ ਸਨ। ਫਿਰ ਨਰਿੰਦਰ ਮੋਦੀ ਦੇ ਆਉਣ ਵੇਲੇ ਭਾਜਪਾ ਆਗੂ ਇਹ ਆਖਦੇ ਰਹੇ ਸਨ ਕਿ ਅਸੀਂ ਆਣ ਕੇ ਸਾਰੀਆਂ ਫਾਈਲਾਂ ਖੋਲ੍ਹ ਦੇਵਾਂਗੇ। ਹੁਣ ਉਹ ਕਹਿੰਦੇ ਹਨ ਕਿ ਖੋਲ੍ਹ ਨਹੀਂ ਸਕਦੇ। ਅਸਲ ਕਥਾ ਤਾਂ ਉਨ੍ਹਾਂ ਫਾਈਲਾਂ ਵਿੱਚੋਂ ਮਿਲਣੀ ਹੈ, ਜਿਨ੍ਹਾਂ ਵਿੱਚੋਂ ਕੁਝ ਗ੍ਰਹਿ ਮੰਤਰਾਲੇ ਕੋਲ, ਕੁਝ ਵਿਦੇਸ਼ ਮੰਤਰਾਲੇ ਕੋਲ ਤੇ ਕੁਝ ਪ੍ਰਧਾਨ ਮੰਤਰੀ ਦਫਤਰ ਵਿੱਚ ਪਈਆਂ ਹਨ। ਜਦੋਂ ਤੱਕ ਓਥੋਂ ਵਾਲੇ ਤੱਥ ਨਹੀਂ ਬਾਹਰ ਨਹੀਂ ਆ ਜਾਂਦੇ, ਸੱਚਾਈ ਲੋਕਾਂ ਤੱਕ ਨਹੀਂ ਪੁੱਜ ਸਕਦੀ। ਓਨਾ ਚਿਰ ਤਾਂ ਜਿੰਨੇ ਮੂੰਹ ਹਨ, ਓਨੀਆਂ ਗੱਲਾਂ ਹੁੰਦੀਆਂ ਰਹਿਣਗੀਆਂ।