ਮੋਦੀ ਸਰਕਾਰ ਦੌਰਾਨ ਤਾਨਾਸ਼ਾਹੀ ਲਾਗੂ ਕਰਨ ਦੇ ਖਤਰੇ ਵੱਧ ਰਹੇ : ਯੇਚੁਰੀ

ਸੀ ਪੀ ਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਪਿੰਡ ਬੁੰਡਾਲਾ 'ਚ ਕੀਤੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੌਰਾਨ ਤਾਨਾਸ਼ਾਹੀ ਨੂੰ ਲਾਗੂ ਕਰਨ ਦੇ ਖਤਰੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਟੈਂਡ ਲੈਣ ਨਾਲ ਅਤੇ ਖੱਬੇ ਪੱਖੀਆਂ ਦੀ ਹਮਾਇਤ ਨਾਲ ਮੋਦੀ ਦੇ ਰਾਜ ਦੇ ਇਸ ਅਰਸੇ ਦੌਰਾਨ 11 ਬਿੱਲ ਵਾਪਸ ਹੋਏ ਹਨ। ਇਹ ਕਾਨਫਰੰਸ ਸੀ ਪੀ ਆਈ (ਐਮ) ਦੇ ਜਨਰਲ ਸਕੱਤਰ ਮਰਹੂਮ ਹਰਕਿਸ਼ਨ ਸਿੰਘ ਸੁਰਜੀਤ ਦੀ 7ਵੀਂ ਬਰਸੀ ਮੌਕੇ ਅਯੋਜਿਤ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਭੂਮੀ ਅਧਿਗ੍ਰਹਿਣ ਬਿੱਲ ਤਿੰਨ ਵਾਰ ਪੇਸ਼ ਕੀਤਾ ਗਿਆ, ਜਿਸ ਨੂੰ ਹੁਣ ਸਿਰਫ ਬਿਹਾਰ ਦੀਆਂ ਚੋਣ ਕਾਰਨ ਹੀ ਵਾਪਸ ਲਿਆ ਗਿਆ ਹੈ, ਕਿਉਂਕਿ ਇਹ ਬਿੱਲ ਕਿਸਾਨਾਂ ਦੀ ਜ਼ਮੀਨ ਨੂੰ ਖੋਹੇਗਾ ਅਤੇ ਇਸ ਫਿਕਰਮੰਦੀ 'ਚ ਹੀ ਇਸ ਬਿੱਲ ਨੂੰ ਇੱਕ ਵਾਰ ਫਿਰ ਤੋਂ ਪੇਸ਼ ਨਹੀਂ ਕੀਤਾ ਗਿਆ। ਕਾਮਰੇਡ ਯੇਚੁਰੀ ਨੇ ਅੱਗੇ ਕਿਹਾ ਕਿ ਬਿਹਾਰ ਚੋਣਾਂ ਉਪੰਰਤ ਇਸ ਬਿੱਲ ਨੂੰ ਦੋਬਾਰਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਖੇਤੀ ਛੱਡ ਕੇ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਉਦਯੋਗਪਤੀਆਂ, ਵਿਦੇਸ਼ੀ ਕੰਪਨੀਆਂ ਅਤੇ ਬਿਲਡਰਾਂ ਨੂੰ ਜ਼ਮੀਨ ਕੌਡੀਆਂ ਦੇ ਭਾਅ ਦੇਣ ਤੁਰ ਪਈ ਹੈ। ਨੇਤਾ ਜੀ ਨਾਲ ਸੰਬੰਧਤ ਫਾਇਲਾਂ ਸੰਬੰਧੀ ਉਨ੍ਹਾਂ ਕਿਹਾ ਕਿ ਜਦੋਂ ਫਾਈਲਾਂ ਜੱਗ ਜ਼ਾਹਿਰ ਕੀਤੀਆਂ ਜਾ ਰਹੀਆਂ ਹਨ ਤਾਂ ਇਹ ਚੁਣ-ਚੁਣ ਕੇ ਕਿਉਂ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਨੂੰਨ ਮੁਤਾਬਿਕ ਸਾਰੀਆਂ ਫਾਈਲਾਂ ਹੀ ਜੱਗ ਜ਼ਾਹਿਰ ਕੀਤੀਆ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਫਿਰਕਪ੍ਰਤੀ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੀ ਹੈ ਅਤੇ ਦੇਸ਼ 'ਚ ਘੱਟ ਗਿਣਤੀਆਂ 'ਚ ਫਿਕਰਮੰਦੀ ਵਾਲਾ ਮਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ 56 ਇੰਚ ਦੀ ਛਾਤੀ ਦਾ ਦਾਅਵਾ ਕਰਨ ਵਾਲਾ ਮੋਦੀ ਕਦੇ ਹਿੰਦੂ ਬਰਗੇਡ, ਘਰ ਵਾਪਸੀ ਅਤੇ ਕਦੇ ਲਵ ਜਹਾਦ ਦੀਆਂ ਗੱਲਾਂ ਕਰਕੇ ਦੇਸ਼ 'ਚ ਤਣਾਓ ਪੈਦਾ ਕਰ ਰਿਹਾ ਹੈ। ਯੇਚੁਰੀ ਨੇ ਅੱਗੇ ਕਿਹਾ ਕਿ ਬਿਹਾਰ 'ਚ ਵੀ ਮੋਦੀ ਹਿੰਦੂਆਂ ਦੀ ਗੱਲ ਕਰਕੇ ਨਫਰਤ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਾਰ 'ਚ ਖੱਬੀ ਧਿਰ ਆਪਣੀ ਏਕਤਾ ਬਣਾ ਕੇ ਫਿਰਕਾਪ੍ਰਤੀ ਨੂੰ ਹਰਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ 24 ਵਾਰ ਵਿਦੇਸ਼ ਯਾਤਰਾ ਕਰ ਚੁੱਕਾ ਹੈ ਤੇ ਉਹ ਹੁਣ ਅਮਰੀਕਾ ਦੇ ਸ਼ਹਿਰ ਸਨਫਰਾਂਸਿਸਕੋ ਜਾ ਰਿਹਾ ਹੈ, ਜਿਥੇ ਗਦਰ ਪਾਰਟੀ ਦੀ ਸਥਾਪਨਾ ਹੋਈ ਸੀ ਅਤੇ ਹੁਣ ਉਸ ਨੂੰ ਉਥੇ ਗਦਰ ਪਾਰਟੀ ਨੂੰ ਯਾਦ ਕਰਨ ਲਈ ਜਾਣਾ ਚਾਹੀਦਾ ਹੈ। ਦੇਸ਼ ਦੀ ਬਣ ਰਹੀ ਆਰਥਿਕ ਤਸਵੀਰ ਬਾਰੇ ਚਰਚਾ ਕਰਦੇ ਹੋਏ ਯੇਚੁਰੀ ਨੇ ਕਿਹਾ ਕਿ ਦੇਸ਼ ਦੇ 90 ਫੀਸਦੀ ਲੋਕਾਂ ਕੋਲ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਘੱਟ ਦੀ ਆਮਦਨ ਅਤੇ ਦੂਜੇ ਪਾਸੇ ਦੇਸ਼ ਦੇ 100 ਪਰਵਾਰਾਂ ਕੋਲ 65000 ਕਰੋੜ ਰੁਪਏ ਦੀ ਪੂੰਜੀ ਇਕੱਠੀ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੁੱਲ ਜੀ ਡੀ ਪੀ ਦਾ ਅੱਧਾ ਹਿਸਾ ਇਨ੍ਹਾਂ 100 ਪਰਵਾਰਾਂ ਕੋਲ ਹੀ ਜਾਂਦਾ ਹੈ।
ਪੰਜਾਬ ਸੰਬੰਧੀ ਉਨ੍ਹਾਂ ਕਿਹਾ ਕਿ ਸਿੱਖ ਦੇਸ਼ ਦੀ ਸਰਹੱਦ ਅਤੇ ਅਨਾਜ ਪੈਦਾ ਕਰਨ 'ਚ ਅਹਿਮ ਰੋਲ ਅਦਾ ਕਰ ਰਹੇ ਹਨ ਅਤੇ ਹੁਣ ਨਸ਼ਿਆਂ ਕਾਰਨ ਤਬਾਹੀ ਹੋ ਰਹੀ ਹੈ। ਉਨ੍ਹਾਂ ਸੂਬਾ ਪਾਰਟੀ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕਾਮਰੇਡ ਸੁਰਜੀਤ ਦੇ ਨਾਂਅ 'ਤੇ ਨਸ਼ਾ ਛੁਡਾਊ ਕੇਂਦਰ ਅਤੇ ਨੌਜਵਾਨਾਂ ਨੂੰ ਪੁਨਰ ਸਥਾਪਤੀ ਲਈ ਯਤਨ ਕਰਨ। ਇਸ ਕਾਨਫਰੰਸ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਆਪਣੀ ਹਾਜ਼ਰੀ ਲਵਾਈ। ਉਨ੍ਹਾਂ ਵਲੋਂ ਕਹੇ ਸ਼ਬਦਾਂ 'ਤੇ ਟਿੱਪਣੀ ਕਰਦੇ ਹੋਏ ਯੇਚੁਰੀ ਨੇ ਕਿਹਾ ਕਿ ਜੇ ਰਾਮੂਵਾਲੀਆਂ ਨੂੰ ਫਿਰਕਾਪ੍ਰਤੀ ਦਾ ਫਿਕਰ ਹੈ ਤਾਂ ਉਨ੍ਹਾਂ ਨੂੰ ਅਕਾਲੀ ਦਲ 'ਚੋਂ ਬਾਹਰ ਆਉਣਾ ਚਾਹੀਦਾ ਹੈ। ਇਸ ਮੌਕੇ ਅਕਾਲੀ ਆਗੂ ਪਰਮਜੀਤ ਸਿੰਘ ਸਿੱਧਮ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਵਲੋਂ ਵੀ ਸਤਿਕਾਰ ਭੇਟ ਕੀਤਾ।
ਇਸ ਮੌਕੇ ਉਨ੍ਹਾਂ ਤਿੰਨ ਸਾਲ ਪਹਿਲਾਂ ਡਿਪਟੀ ਮੁੱਖ ਮੰਤਰੀ ਵਲੋਂ ਸਕੂਲ ਲਈ ਐਲਾਨੇ ਪੰਜ ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਕਾਨਫਰੰਸ ਨੂੰ ਸੀ ਪੀ ਆਈ ਐਮ ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ, ਸੀ ਪੀ ਆਈ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ, ਵਿਜੇ ਮਿਸ਼ਰਾ, ਰਘੂਨਾਥ ਸਿੰਘ, ਦੇਸ਼ ਭਗਤ ਯਾਦਗਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਭੂਪ ਚੰਦ ਚੰਨੋ, ਰਘਬੀਰ ਸਿੰਘ ਵਿਰਕ, ਗੁਰਮੇਸ਼ ਸਿੰਘ, ਸੁਖਵਿੰਦਰ ਸਿੰਘ ਸੇਖੋਂ, ਰਾਮ ਸਿੰਘ ਨੂਰਪੁਰੀ, ਗੁਰਚੇਤਨ ਸਿੰਘ ਬਾਸੀ ਨੇ ਵੀ ਸੰਬੋਧਨ ਕੀਤਾ। ਸਟੇਜ 'ਤੇ ਕਾਮਰੇਡ ਸੁਰਜੀਤ ਦੇ ਪਰਵਾਰਕ ਮੈਂਬਰ ਵੀ ਮੌਜੂਦ ਸਨ। ਸਮਾਗਮ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਬਜ਼ੁਰਗ ਨੂੰ ਵੀ ਪਿੰਡ ਬੁੰਡਾਲਾ ਵਲੋਂ ਸਨਮਾਨਿਤ ਕੀਤਾ ਗਿਆ।