ਮਨਰੇਗਾ ਅਧੀਨ ਕੋਈ ਅਦਾਇਗੀ ਬਾਕੀ ਨਹੀਂ : ਮਲੂਕਾ

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਵਿਧਾਨ ਸਭਾ ਵਿਚ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਰਕਾਰ ਵੱਲ ਕੋਈ ਅਦਾਇਗੀ ਬਾਕੀ ਨਹੀਂ। ਸ੍ਰੀ ਮਲੂਕਾ ਨੇ ਕਾਂਗਰਸ ਵਿਧਾਇਕ ਚਰਨਜੀਤ ਸਿੰਘ ਚੰਨੀ ਵੱਲੋਂ ਉਠਾਏ ਧਿਆਨ ਦਿਵਾਊ ਨੋਟਿਸ ਦਾ ਜੁਆਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ 19 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ, ਜਿਸ ਕਾਰਨ ਹੁਣ ਕੋਈ ਦੇਣਦਾਰੀ ਬਾਕੀ ਨਹੀਂ ਹੈ। ਜਦਕਿ ਸ੍ਰੀ ਚੰਨੀ ਨੇ ਕਿਹਾ ਕਿ ਲਾਭਪਾਤਰੀਆਂ ਦੇ 19 ਕਰੋੜ ਰੁਪਏ ਬਕਾਇਆ ਪਏ ਹਨ, ਪਰ ਮਲੂਕਾ ਨੇ ਇਸ ਗੱਲ ਤੋਂ ਇਨਕਾਰ ਕੀਤਾ।
ਇਸ ਸੰਬੰਧ ਵਿਚ ਸੁਆਲ-ਜੁਆਬ ਦੌਰਾਨ ਰਾਜਿੰਦਰ ਕੌਰ ਭੱਠਲ ਨੇ ਵੀ ਕਿਹਾ ਕਿ ਹਲਕਾ ਲਹਿਰਾਗਾਗਾ ਦੇ ਕੁਝ ਪਿੰਡਾਂ ਦੇ ਮਨਰੇਗਾ ਸਕੀਮਾਂ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਬਣਦੀ ਦਿਹਾੜੀ ਦੀ ਰਕਮ ਹਾਲਾਂ ਨਹੀਂ ਮਿਲੀ, ਜਿਸ 'ਤੇ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਇਸ ਸੰਬੰਧੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਦਾਅਵਾ ਕੀਤਾ ਕਿ ਕੋਈ ਰਕਮ ਬਕਾਇਆ ਨਹੀਂ।
ਸ੍ਰੀ ਚੰਨੀ ਵੱਲੋਂ ਹੀ ਇਕ ਹੋਰ ਧਿਆਨ ਦੁਆਊ ਨੋਟਿਸ ਦਾ ਜਵਾਬ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਵਾਰ ਕਲਿਆਣ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਉਨ੍ਹਾ ਕਿਹਾ ਕਿ ਭਾਵੇਂ ਉਤਰੀ ਭਾਰਤ ਵਿਚ ਡੇਂਗੂ ਦਾ ਕਾਫੀ ਪ੍ਰਭਾਵ ਹੈ, ਪਰ ਪੰਜਾਬ ਵਿਚ ਸਥਿਤੀ ਕੰਟਰੋਲ ਵਿਚ ਹੈ। ਉਨ੍ਹਾ ਕਿਹਾ ਕਿ ਇਸ ਸਾਲ ਪੰਜਾਬ ਵਿਚ 3766 ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 1861 ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਵਿਚੋਂ 197 ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਦਾਖ਼ਲ ਹਨ। ਮਰੀਜ਼ਾਂ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਹਾਲਾਂਕਿ ਦੋ ਹੀ ਮੌਤਾਂ ਡੇਂਗੂ ਕਾਰਨ ਹੋਈਆਂ ਹਨ। ਸ੍ਰੀ ਚੰਨੀ ਵੱਲੋਂ ਡੇਂਗੂ ਕਾਰਨ ਹੋਈਆਂ ਮੌਤਾਂ ਦੇ ਮੁਆਵਜ਼ੇ ਲਈ ਮੰਗ ਦਾ ਸੁਆਲ ਦਾ ਜੁਆਬ ਸਿਹਤ ਮੰਤਰੀ ਟਾਲ ਗਏ।