ਸ਼ਰਮਿੰਦਗੀ ਦੇ ਸਬੱਬ ਸੋਮਨਾਥ ਨੂੰ ਆਤਮ ਸਮਰੱਪਣ ਲਈ ਕਿਹਾ ਕੇਜਰੀਵਾਲ ਨੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਗ੍ਰਿਫਤਾਰੀ ਤੋਂ ਬਚਦੇ ਆ ਰਹੇ ਸਾਬਕਾ ਕਾਨੂੰਨ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਹੁਣ ਪੁਲਸ ਸਾਹਮਣੇ ਆਤਮ ਸਮੱਰਪਣ ਕਰ ਦੇਣਾ ਚਾਹੀਦਾ ਹੈ, ਕਿਉਂਕਿ ਉਹ ਇਸ ਵੇਲੇ ਪਾਰਟੀ ਲਈ ਸ਼ਰਮਿੰਦਗੀ ਦਾ ਸਬੱਬ ਬਣੇ ਹੋਏ ਹਨ।
ਜ਼ਿਕਰਯੋਗ ਹੈ ਕਿ ਸੋਮਨਾਥ ਭਾਰਤੀ ਦੀ ਭਾਲ 'ਚ ਜੁਟੀ ਦਿੱਲੀ ਪੁਲਸ ਨੇ ਭਾਰਤੀ ਦਾ ਪਤਾ ਲਾਉਣ ਲਈ ਉਹਨਾਂ ਦੇ ਭਰਾ ਏਕਨਾਥ ਭਾਰਤੀ ਅਤੇ ਉਹਨਾਂ ਦੇ ਨਿੱਜੀ ਸਹਾਇਕ ਨੂੰ ਗ੍ਰਿਫਤਾਰ ਕੀਤਾ ਸੀ, ਤਾਂ ਜੋ ਭਾਰਤੀ ਉਪਰ ਆਤਮ-ਸਮੱਰਪਣ ਕਰਨ ਲਈ ਦਬਾਅ ਬਣਾਇਆ ਜਾ ਸਕੇ। ਦਿੱਲੀ ਪੁਲਸ ਨੇ ਮੰਗਲਵਾਰ ਰਾਤ ਨੂੰ ਸੋਮਨਾਥ ਭਾਰਤੀ ਦੇ ਭਰਾ ਅਤੇ ਉਹਨਾ ਦੀ ਭੈਣ ਨੂੰ ਬਸੰਤ ਕੁੰਜ ਥਾਣੇ ਬੁਲਾਇਆ ਸੀ ਅਤੇ ਦੋਹਾਂ ਤੋਂ ਢਾਈ ਘੰਟੇ ਲੰਮੀ ਪੁੱਛਗਿੱਛ ਕੀਤੀ ਗਈ ਸੀ। ਪਰ ਦੋਹਾਂ ਨੇ ਦੱਸਿਆ ਕਿ ਉਹਨਾ ਨੂੰ ਸੋਮਨਾਥ ਭਾਰਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਭਾਰਤੀ ਦੀ ਪਤਨੀ ਲਿਪਿਕਾ ਵੱਲੋਂ ਉਹਨਾ ਵਿਰੁੱਧ ਇਰਾਦਾ ਕਤਲ ਅਤੇ ਘਰੇਲੂ ਹਿੰਸਾ ਦੇ ਦਰਜ ਕਰਵਾਏ ਗਏ ਮਾਮਲੇ 'ਚ ਦਿੱਲੀ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਕਾਰਨ ਆਪ ਵਿਧਾਇਕ ਵਿਰੁੱਧ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਭਾਰਤੀ ਨੇ ਕਿਹਾ ਹੈ ਕਿ ਉਹਨਾਂ ਦੇ ਵਕੀਲ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾਣਗੇ ਅਤੇ ਇਸ ਤੋਂ ਬਾਅਦ ਹੀ ਉਹ ਕੋਈ ਅਗਲਾ ਕਦਮ ਚੁੱਕਣਗੇ। ਭਾਰਤੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਉਹ ਰੂਪੋਸ਼ ਹੋ ਗਏ ਹਨ। ਦਿੱਲੀ ਪੁਲਸ ਨੇ ਭਾਰਤੀ ਦੀ ਭਾਲ ਲਈ ਉਹਨਾ ਦੀ ਰਿਹਾਇਸ਼ ਅਤੇ ਦਫਤਰ 'ਤੇ ਛਾਪਾ ਮਾਰਿਆ ਸੀ, ਪਰ ਪੁਲਸ ਦੇ ਹੱਥ ਕੁਝ ਨਹੀਂ ਆਇਆ ਸੀ। ਜਾਇੰਟ ਪੁਲਸ ਕਮਿਸ਼ਨਰ ਦੇਪਿੰਦਰ ਪਾਠਕ ਨੇ ਦੱਸਿਆ ਕਿ ਸੋਮਨਾਥ ਭਾਰਤੀ ਦੇ ਨਿੱਜੀ ਸਕੱਤਰ ਗੁਰਪ੍ਰੀਤ ਨੂੰ ਵਿਧਾਇਕ ਦੇ ਦਫਤਰ ਅਤੇ ਉਹਨਾਂ ਦੇ ਭਰਾ ਨੂੰ ਉਹਨਾ ਦੀ ਬਸੰਤ ਵਿਹਾਰ ਕੁੰਜ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਆਪਣੇ ਪਤੀ ਅਤੇ ਆਪ ਦੇ ਵਿਧਾਇਕ ਸੋਮਨਾਥ ਭਾਰਤੀ ਵਿਰੁੱਧ ਘਰੇਲੂ ਹਿੰਸਾ ਅਤੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕਰਾਉਣ ਵਾਲੀ ਲਿਪਿਕਾ ਮਿੱਤਰਾ ਨੇ ਭਾਰਤੀ ਨੂੰ ਆਤਮ-ਸਮੱਰਪਣ ਦੀ ਸਲਾਹ ਦੇਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।
ਦਿੱਲੀ ਹਾਈ ਕੋਰਟ ਨੇ ਇਸ ਮਾਮਲੇ 'ਚ ਮਾਲਵੀਆ ਨਗਰ ਤੋਂ ਵਿਧਾਇਕ ਭਾਰਤੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਦਿੱਲੀ ਪੁਲਸ ਕੱਲ੍ਹ ਤੋਂ ਹੀ ਭਾਰਤੀ ਦੀ ਤਲਾਸ਼ ਕਰ ਰਹੀ ਹੈ। ਲੀਪਿਕਾ ਨੇ ਕਿਹਾ ਕਿ ਭਾਵੇਂ ਕੇਜਰੀਵਾਲ ਨੇ ਇਹ ਸਟੈਂਡ ਲੈਣ 'ਚ ਕਾਫੀ ਸਮਾਂ ਲਗਾ ਦਿੱਤਾ, ਪਰ ਇਹ ਚੰਗੀ ਗੱਲ ਹੈ ਕਿ ਆਖਰ ਉਹ ਬੋਲੇ ਤਾਂ ਹਨ। ਨਾਲ ਹੀ ਲਿਪਿਕਾ ਨੇ ਕਿਹਾ ਕਿ ਆਪ ਨੇ ਅਗਸਤ 'ਚ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਭਾਰਤੀ ਨੂੰ ਮਹਿਲਾ ਸ਼ਕਤੀ ਕਰਨ ਬਾਰੇ ਕਿਉਂ ਬੋਲਣ ਦਿੱਤਾ। ਲਿਪਿਕਾ ਨੇ ਕਿਹਾ ਕਿ ਉਸ ਵੇਲੇ ਆਪਣੇ ਆਗੂ ਭਾਰਤੀ ਦਾ ਬਚਾਅ ਕਰ ਰਹੇ ਸਨ ਅਤੇ ਉਹਨਾ ਨੂੰ ਬੋਲਣ ਦਾ ਮੌਕਾ ਦੇ ਰਹੇ ਸਨ। ਉਹਨਾ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਮੁੱਖ ਮੰਤਰੀ ਅਤੇ ਬਾਅਦ 'ਚ ਦੋਸਤ ਵਾਂਗ ਬਿਹਾਰ ਕਰਨਾ ਚਾਹੀਦਾ ਹੈ।
ਸੋਮਨਾਥ ਭਾਰਤੀ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖ਼ੜਕਾਉਣ ਦੀ ਕੋਸ਼ਿਸ਼ ਕਰਨ ਬਾਰੇ ਪੁੱਛੇ ਜਾਣ 'ਤੇ ਲਿਪਿਕਾ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਉਹਨਾ ਨੂੰ ਅਜਿਹੀ ਸਲਾਹ ਦੇ ਰਹੇ ਸਨ, ਉਹ ਉਹਨਾਂ ਦੇ ਸ਼ੁੱਭਚਿੰਤਕ ਨਹੀਂ ਹੋ ਸਕਦੇ। ਉਨ੍ਹਾ ਕਿਹਾ ਕਿ ਦਿੱਲੀ ਪੁਲਸ ਇਸ ਮਾਮਲੇ 'ਚ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਲਿਪਿਕਾ ਨੇ ਕਿਹਾ ਕਿ ਭਾਰਤੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਪੁਲਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਸੋਮਨਾਥ ਸੁਪਰੀਮ ਕੋਰਟ ਦੀ ਸ਼ਰਨ 'ਚ
ਨਵੀਂ ਦਿੱਲੀ, (ਨ ਜ਼ ਸ)-ਲਗਾਤਾਰ ਗ੍ਰਿਫਤਾਰੀ ਤੋਂ ਬਚ ਰਹੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੇ ਕਾਨੂੰਨੀ ਰਾਹਤ ਲੈਣ ਦੇ ਆਖਰੀ ਹੀਲੇ ਵਜੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਭਾਰਤੀ ਨੇ ਆਪਣੇ ਵਕੀਲ ਰਾਹੀਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਗ੍ਰਿਫਤਾਰੀ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਸੋਮਨਾਥ ਭਾਰਤੀ ਦੀ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰਨ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤੀ ਉਪਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਅਤੇ ਉਹ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਕਾਨੂੰਨੀ ਚਾਰਾਜੋਈ ਕਰ ਰਹੇ ਹਨ।