ਸੁਰੱਖਿਆ ਪ੍ਰੀਸ਼ਦ ਦੀ ਪੱਕੀ ਮੈਂਬਰੀ ਲਈ ਅਮਰੀਕਾ ਵੱਲੋਂ ਭਾਰਤ ਦੀ ਹਮਾਇਤ

ਵਿਸ਼ਵ ਪੱਧਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਸੁਧਾਰਾਂ ਬਾਰੇ ਮਹਾ ਸਭਾ ਦੀ ਵਾਰਤਾ ਦਸਤਾਵੇਜ਼ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਕੁਝ ਦਿਨਾਂ ਬਾਅਦ ਅਮਰੀਕਾ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੱਕੇ ਮੈਂਬਰ ਵਜੋਂ ਭਾਰਤ ਨੂੰ ਸ਼ਾਮਲ ਕੀਤੇ ਜਾਣ ਲਈ ਉਹ ਵਚਨਬੱਧ ਹੈ।
ਮੰਗਲਵਾਰ ਨੂੰ ਹੋਈ ਪਹਿਲੀ ਭਾਰਤ-ਅਮਰੀਕੀ ਰਣਨੀਤਿਕ ਅਤੇ ਵਣਜ ਵਾਰਤਾ ਦੀ ਪਿੱਠ-ਭੂਮੀ 'ਚ ਅਮਰੀਕਾ ਨੇ ਭਾਰਤ ਦੀ ਸੁਰੱਖਿਆ ਪ੍ਰੀਸ਼ਦ 'ਚ ਪੱਕੀ ਮੈਂਬਰੀ ਦੀ ਹਮਾਇਤ ਕੀਤੀ ਹੈ। ਨਿਊ ਯਾਰਕ 'ਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ 'ਚ ਹਾਲ ਹੀ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਕੁਝ ਹਲਕਿਆਂ ਵੱਲੋਂ ਖਦਸੇ ਪ੍ਰਗਟ ਕੀਤੇ ਜਾਣ ਦੇ ਬਾਵਜੂਦ ਅਮਰੀਕਾ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਇੱਕ ਪੱਕੇ ਮੈਂਬਰ ਦੇ ਤੌਰ 'ਤੇ ਭਾਰਤ ਨੂੰ ਸ਼ਾਮਲ ਕੀਤੇ ਜਾਣ ਦੀ ਹਮਾਇਤ ਕਰਦਾ ਹੈ। ਰਣਨੀਤਿਕ ਅਤੇ ਵਣਜ ਵਾਰਤਾ ਦੀ ਸਮਾਪਤੀ ਤੋਂ ਬਾਅਦ ਜਾਰੀ ਇੱਕ ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ ਅਮਰੀਕਾ ਆਪਣੇ ਵੱਲੋਂ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਦੇ ਨਾਲ ਸਥਾਈ ਮੈਂਬਰ ਦੇ ਤੌਰ 'ਤੇ ਭਾਰਤ ਦੀ ਹਮਾਇਤ ਕਰਨ ਦੀ ਪੁਸ਼ਟੀ ਕਰਦਾ ਹੈ। ਦੋਵਾਂ ਧਿਰਾਂ ਇਸ ਗੱਲ ਲਈ ਸਹਿਮਤ ਹਨ ਕਿ ਉਹ ਕੌਮਾਂਤਰੀ ਪੱਧਰ 'ਤੇ ਸ਼ਾਂਤੀ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ ਮਿਲ ਕੇ ਇੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਰਹਿਣਗੇ।
ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਅਤੇ ਅਮਰੀਕਾ ਦੋਵੇਂ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰਾਂ ਲਈ ਵਚਨਬੱਧ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਿੰਦ ਮਹਾਂਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਖੇਤਰ ਅਤੇ ਦੁਨੀਆ ਭਰ ਵਿੱਚ ਸ਼ਾਂਤੀ ਅਤੇ ਵਿਕਾਸ ਲਈ ਭਾਰਤ ਅਤੇ ਅਮਰੀਕਾ ਭਾਈਵਾਲੀ ਦਾ ਅਹਿਮ ਯੋਗਦਾਨ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਸ਼ੀਆ ਵਿੱਚ ਸਫਲ ਸਹਿਯੋਗ ਅਤੇ ਏਸ਼ੀਆ ਪ੍ਰਸ਼ਾਂਤ ਹਿੰਦ ਮਹਾਂਸਾਗਰ ਖੇਤਰ ਲਈ ਸਾਂਝੇ ਰਣਨੀਤਿਕ ਦ੍ਰਿਸ਼ਟੀਕੋਣ ਤਹਿਤ ਦੋਵੇਂ ਮੁਲਕ ਸਹਿਯੋਗ ਜਾਰੀ ਰੱਖਣਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਜਾਰੀ ਰੱਖਣ ਲਈ ਸਹਿਮਤ ਹਨ। ਅਮਰੀਕਾ ਨੇ ਯਮਨ ਵਿੱਚ ਲੜਾਈ ਦੌਰਾਨ ਅਮਰੀਕੀ ਨਾਗਰਿਕਾਂ ਸਮੇਤ ਬਦੇਸ਼ੀ ਨਾਗਰਿਕਾਂ ਨੂੰ ਉੱਥੋਂ ਕੱਢਣ ਵਿੱਚ ਭਾਰਤ ਵੱਲੋਂ ਅਗਵਾਈ ਦੇਣ ਅਤੇ ਨੇਪਾਲ ਵਿੱਚ ਭੁਚਾਲ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਅਮਰੀਕਾ ਅਤੇ ਭਾਰਤ ਵਿਚਾਲੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਸੰਕਟ ਦੌਰਾਨ ਨਾਗਰਿਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਭਾਰਤ ਅਤੇ ਅਮਰੀਕਾ ਇੱਕ ਸਹਿਯੋਗੀ ਦੇ ਤੌਰ 'ਤੇ ਕੰਮ ਕਰਨ ਲਈ ਦ੍ਰਿੜ੍ਹ ਸੰਕਲਪ ਹਨ। ਅਫਗਾਨਿਸਤਾਨ ਵਿੱਚ ਉੱਚ ਪੱਧਰੀ ਸਲਾਹ-ਮਸ਼ਵਰਾ ਜਾਰੀ ਰੱਖਣ ਦੀ ਵਕਾਲਤ ਕਰਦਿਆਂ ਦੋਵੇਂ ਮੁਲਕ ਇਸ ਗੱਲ ਲਈ ਸਹਿਮਤ ਹੋਏ ਹਨ ਕਿ ਪ੍ਰਭੂਸੱਤਾ ਸੰਪਨ ਆਜ਼ਾਦ ਅਤੇ ਇੱਕ ਪ੍ਰਗਤੀਸ਼ੀਲ ਅਫਗਾਨਿਸਤਾਨ ਵਿੱਚ ਅਮਨ ਅਤੇ ਸ਼ਾਂਤੀ ਅਤੇ ਵਿਕਾਸ ਲਈ ਭਵਿੱਖ ਵਿੱਚ ਵੀ ਕੰਮ ਕੀਤਾ ਜਾਵੇਗਾ। ਬਿਆਨ ਵਿੱਚ ਕਿਹਾ ਗਿਆ ਕਿ ਦੋਵੇਂ ਮੁਲਕ ਅੱਤਵਾਦ ਅਤੇ ਵੱਖਵਾਦ ਦੇ ਮੁਕਾਬਲੇ ਲਈ ਵਿਸ਼ਵ ਪੱਧਰੀ ਜਤਨ ਜਾਰੀ ਰੱਖਣਗੇ।