ਯਮਨ 'ਚ ਈਦ ਦੀ ਨਮਾਜ਼ ਵੇਲੇ ਮਸਜਿਦ 'ਚ ਧਮਾਕਾ; 25 ਮੌਤਾਂ

ਯਮਨ ਦੀ ਰਾਜਧਾਨੀ ਸਨਾ 'ਚ ਮੁਸਲਮਾਨਾਂ ਦੇ ਤਿਉਹਾਰ ਈਦ ਅਲ ਅਜਹਾ ਦੀ ਨਮਾਜ਼ ਦੌਰਾਨ ਇੱਕ ਮਸਜਿਦ 'ਚ ਧਮਾਕਾ ਹੋ ਜਾਣ ਨਾਲ 25 ਤੋਂ ਵਧ ਵਿਅਕਤੀ ਮਾਰੇ ਗਏ। ਜ਼ਿਕਰਯੋਗ ਹੈ ਕਿ ਇਸ ਸ਼ਹਿਰ 'ਤੇ ਇਸ ਵੇਲੇ ਹੂਥੀ ਬਾਗੀਆਂ ਦਾ ਕਬਜ਼ਾ ਹੈ। ਅੱਜ ਪੁਲਸ ਅਕੈਡਮੀ ਕੋਲ ਬਲੀਲੀ ਮਸਜਿਦ 'ਚ ਜਿਸ ਵੇਲੇ ਨਮਾਜ਼ ਅਦਾ ਕੀਤੀ ਜਾ ਰਹੀ ਸੀ ਤਾਂ ਉਥੇ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਧਮਾਕੇ ਮਗਰੋਂ ਹਰ ਪਾਸੇ ਧੂੜ ਦਾ ਗੁਬਾਰ ਛਾ ਗਿਆ। ਦੇਸ਼ ਦੀ ਰਾਜਧਾਨੀ 'ਚ ਹਾਲ ਦੇ ਮਹੀਨਿਆਂ 'ਚ ਅੱਤਵਾਦੀ ਜਥੇਬੰਦੀ ਆਈ ਐਸ ਆਈ ਐਸ ਨੇ ਕਈ ਵਾਰ ਸ਼ਿਆ ਮਸਜਿਦਾਂ 'ਤੇ ਬੰਬ ਧਮਾਕੇ ਕਰਨ ਦਾ ਦਾਅਵਾ ਕੀਤਾ ਹੈ। ਇਸ ਕਟੜਪੰਥੀ ਸੁੰਨੀ ਸਮੂਹ ਦਾ ਕਹਿਣਾ ਹੈ ਕਿ ਸ਼ਿਆ ਧਰਮ ਵਿਰੋਧੀ ਹਨ। ਅੱਤਵਾਦੀ ਜਥੇਬੰਦੀ ਨੇ ਕੁਵੈਤ ਅਤੇ ਸਾਊਦੀ ਅਰਬ ਦੀਆਂ ਮਸਜਿਦਾਂ 'ਚ ਵੀ ਬੰਬ ਧਮਾਕੇ ਕਰਨ ਦਾ ਦਾਅਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਈਰਾਨ ਦੀ ਹਮਾਇਤ ਪ੍ਰਾਪਤ ਹੂਥੀ ਬਾਗੀਆਂ ਨੇ ਸਨਾ ਸਮੇਤ ਯਮਨ ਦੇ ਕਈ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਸਨਾ ਤਕਰੀਬਨ ਇੱਕ ਸਾਲ ਤੋਂ ਉਨ੍ਹਾ ਦੇ ਕਬਜ਼ੇ 'ਚ ਹੈ।