ਸ਼ਹੀਦ ਭਗਤ ਦੇ ਜਨਮ ਦਿਨ ਨੂੰ ਸਮਰਪਿਤ ਮਾਰਚ ਤੇ ਸੰਮੇਲਨ ਭਲਕੇ

ਪਰਮਗੁਣੀ ਸ਼ਹੀਦ ਭਗਤ ਸਿੰਘ ਦਾ 108ਵਾਂ ਜਨਮ ਦਿਨ 28 ਸਤੰਬਰ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ। ਇਸ ਜਨਮ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਲੜ ਲਾਉਣਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਵਲੰਟੀਅਰ ਸੰਮੇਲਨ ਦੀ ਤਿਆਰੀ ਕਮੇਟੀ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਮੰਡ ਨੇ ਕਿਹਾ ਕਿ ਇਸ ਵਾਰ ਦੇ ਜਨਮ ਦਿਨ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੁ ਹਾਕਮ ਜਮਾਤਾਂ ਤੇ ਸਮੂਹ ਸਿਆਸੀ ਧਿਰਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾ ਸਕੇ ਕਿ ਬੇਰੁਜ਼ਗਾਰੀ ਦੀ ਮਾਰ ਝੱਲਦੀ ਅਤੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਪੰਜਾਬ ਦੀ ਜਵਾਨੀ ਦੀਆਂ ਮੰਗਾਂ ਕੀ ਹਨ। ਉਨ੍ਹਾਂ ਕਿਹਾ ਕਿ ਵਲੰਟੀਅਰ ਸੰਮੇਲਨ ਤੇ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਹਰ ਵਰਗ ਤੇ ਜਥੇਬੰਦੀ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਵਾਰ ਦੇ ਸਮਾਗਮ 'ਚ ਜਿੱਥੇ ਵਿਚਾਰਾਂ ਦੀ ਪਕਿਆਈ ਦਾ ਪ੍ਰਗਟਾਵਾ ਹੋਵੇਗਾ, ਉਥੇ ਵਰਦੀਧਾਰੀ ਮੁੰਡੇ-ਕੁੜੀਆਂ ਵੱਲੋਂ ਮਾਰਚ 'ਚ ਹਿੱਸਾ ਲਿਆ ਜਾਵੇਗਾ।
ਸ੍ਰੀ ਮੰਡ ਨੇ ਕਿਹਾ ਕਿ ਸੰਮੇਲਨ ਤੋਂ ਬਾਅਦ ਸ਼ਹਿਰ ਦੇ ਮੁੱਖ ਹਿੱਸਿਆਂ 'ਚੋਂ ਭਗਤ ਸਿੰਘ ਦੇ ਅਸਮਾਨ ਗੁੰਜਾਊ ਨਾਅਰਿਆਂ ਵਾਲਾ ਮਾਰਚ ਲੰਘੇਗਾ। ਇਹ ਮਾਰਚ ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ੁਰੂ ਹੋ ਕੇ ਪ੍ਰੈਸ ਕਲੱਬ ਤੇ ਸ਼ਾਸਤਰੀ ਚੌਕ ਤੋਂ ਹੁੰਦਾ ਹੋਇਆ 'ਨਵਾਂ ਜ਼ਮਾਨਾ' ਤੇ 'ਅਜੀਤ' ਪਹੁੰਚੇਗਾ। ਉਸ ਤੋਂ ਬਾਅਦ ਮਾਰਚ ਸ਼ਹੀਦ ਭਗਤ ਸਿੰਘ ਚੌਕ ਵਿਖੇ ਪੁੱਜੇਗਾ, ਜਿੱਥੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਹਾਰ ਪਾਏ ਜਾਣਗੇ। ਉਪਰੰਤ ਅਕਾਲੀ ਪੱਤ੍ਰਿਕਾ, ਮਿਲਾਪ ਚੌਕ, ਹਿੰਦ ਸਮਾਚਾਰ ਸਮੂਹ ਤੋਂ ਹੁੰਦਾ ਹੋਇਆ ਨਹਿਰੂ ਗਾਰਡਨ ਰੋਡ ਵਿਖੇ ਪੁੱਜੇਗਾ, ਜਿੱਥੇ ਇਸ ਦੀ ਸਮਾਪਤੀ ਹੋਵੇਗੀ। ਸ੍ਰੀ ਮੰਡ ਨੇ ਕਿਹਾ ਕਿ ਇਸ ਮਾਰਚ ਦੌਰਾਨ ਸ਼ਹਿਰ 'ਚ ਥਾਂ-ਥਾਂ ਲੱਡੂ ਵੰਡੇ ਜਾਣਗੇ ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।