ਅਮਰੀਕਾ ਦੇ ਤਰਲੇ ਪਾਉਣ ਨਾਲ ਨਿਵੇਸ਼ ਨਹੀਂ ਮਿਲ ਸਕੇਗਾ : ਕੇਜਰੀਵਾਲ

ਆਪਣੇ ਅਮਰੀਕਾ ਦੌਰੇ ਦੌਰਾਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਗੂਗਲ, ਫੇਸਬੁੱਕ, ਮਾਈਕਰੋ ਸਾਫ਼ਟ ਅਤੇ ਐਪਲ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਉਨ੍ਹਾ ਨੂੰ ਨਿਵੇਸ਼ ਲਈ ਪ੍ਰੇਰਿਤ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੋਦੀ ਦੀਆਂ ਨੀਤੀਆਂ ਹੀ ਗਲਤ ਹਨ। ਇੱਕ ਬਿਆਨ 'ਚ ਕੇਜਰੀਵਾਲ ਨੇ ਕਿਹਾ ਕਿ ਭਾਰਤ ਦੇ ਲੋਕ ਸਭ ਤੋਂ ਅਕਲਮੰਦ ਹਨ ਅਤੇ ਜੇ ਅਸੀਂ ਆਪਣੇ ਦੇਸ਼ 'ਚ ਬਿਹਤਰ ਸਿੱਖਿਆ, ਸਿਹਤ ਸੁਵਿਧਾਵਾਂ, ਸੁਰੱਖਿਆ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਂਦੇ ਹਾਂ ਤਾਂ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਖੁਦ ਭਾਰਤ 'ਚ ਨਿਵੇਸ਼ ਲਈ ਆਉਣਗੀਆਂ।
ਮੋਦੀ ਦੀ ਨੀਤੀ ਨੂੰ ਗਿੜਗਿੜਾਉਣ ਵਾਲੀ ਨੀਤੀ ਦਸਦਿਆਂ ਕੇਜਰੀਵਾਲ ਨੇ ਕਿਹਾ ਕਿ ਨਿਵੇਸ਼ ਲਈ ਦੂਜਿਆਂ ਦੇ ਤਰਲੇ ਕਰਨ ਨਾਲ ਕੁਝ ਨਹੀਂ ਹੋਵੇਗਾ, ਸਗੋਂ ਸਾਨੂੰ ਪਹਿਲਾਂ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਤਿਆਰ ਕਰਨਾ ਪਵੇਗਾ। ਉਨ੍ਹਾ ਕਿਹਾ ਕਿ ਪਹਿਲਾਂ ਮੇਕ ਇੰਡੀਆ ਕਰੋ, ਫੇਰ ਮੇਕ ਇਨ ਇੰਡੀਆ ਸੰਭਵ ਹੈ ਅਤੇ ਉਸ ਸਥਿਤੀ 'ਚ ਪੂਰੀ ਦੁਨੀਆ ਮੇਕ ਇਨ ਇੰਡੀਆ ਲਈ ਬੇਤਾਬ ਹੋਵੇਗੀ। ਕੇਜਰੀਵਾਲ ਦੇ ਬਿਆਨ ਦੀ ਆਲੋਚਨਾ ਕਰਦਿਆਂ ਭਾਜਪਾ ਐਮ ਪੀ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਡੇਂਗੂ ਦਾ ਇਲਾਜ ਕਰਨ ਅਤੇ ਲੋਕਾਂ ਨੂੰ ਪਾਣੀ ਮੁਹੱਈਆ ਕਰਾਉਣ 'ਚ ਨਾਕਾਮ ਰਹਿਣ ਵਾਲੇ ਵਿਅਕਤੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾ ਕਿਹਾ ਕਿ ਮੇਕ ਇਨ ਇੰਡੀਆ ਇੱਕ ਨੀਤੀ ਹੈ, ਜਿਸ ਰਾਹੀਂ ਦੇਸ਼ 'ਚ ਨਿਵੇਸ਼ ਵਧਾਇਆ ਜਾ ਸਕਦਾ ਹੈ ਅਤੇ ਦੇਸ਼ ਦਾ ਵਿਕਾਸ ਕੀਤਾ ਜਾ ਸਕਦਾ ਹੈ ਅਤੇ ਇਸ ਨੀਤੀ ਨਾਲ ਲੋਕਾਂ ਨੂੰ ਕੰਮ ਮਿਲੇਗਾ।