Latest News
ਪਿਪਲੀ ਕਲਾਂ ਦੇ ਬੌਬੀ ਨੇ ਕਿਹਾ; ਭਗਤ ਸਿੰਘ ਦੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ...
By ਜਲੰਧਰ (ਸਵਰਨ ਟਹਿਣਾ)

Published on 28 Sep, 2015 11:07 AM.

ਪੰਡਾਲ ਖਚਾਖਚ ਭਰਿਆ ਹੋਇਆ ਹੈ। ਲਾਲ ਤੇ ਚਿੱਟੇ ਰੰਗ ਦਾ ਸ਼ਾਮਿਆਨਾ ਤੇ ਏਸੇ ਰੰਗ ਦੀਆਂ ਵਰਦੀਆਂ ਪਹਿਨੀ ਹਜ਼ਾਰਾਂ ਛੋਟੀਆਂ-ਵੱਡੀਆਂ ਬੱਚੀਆਂ ਦੇ ਹੱਥਾਂ 'ਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਫੜੀਆਂ ਹੋਈਆਂ ਹਨ। ਮੁੰਡਿਆਂ ਦੇ ਖਾਕੀ ਪੈਂਟਾਂ, ਲਾਲ ਰੰਗ ਦੀਆਂ ਕਮੀਜ਼ਾਂ ਤੇ ਦਗ਼-ਦਗ਼ ਕਰਦੇ ਚਿਹਰੇ ਭਗਤ ਸਿੰਘ ਦੀ ਸੋਚ ਦੇ ਜਵਾਲਾ ਬਣਨ ਦੀ ਝਲਕ ਪੇਸ਼ ਕਰ ਰਹੇ ਹਨ। ਹਰ ਤਿੰਨ-ਚਾਰ ਮਿੰਟ ਬਾਅਦ 'ਪਰਮਗੁਣੀ ਸ਼ਹੀਦ ਭਗਤ ਸਿੰਘ-ਜ਼ਿੰਦਾਬਾਦ' ਨਾਅਰੇ ਨਾਲ ਪੰਡਾਲ ਗੂੰਜ ਰਿਹੈ। ਜੋਸ਼ 'ਚ ਬਾਹਾਂ ਖੜੀਆਂ ਹੋ ਰਹੀਆਂ ਨੇ। ਜਾਪਦਾ ਨਹੀਂ ਇਨ੍ਹਾਂ 'ਤੇ ਗ਼ਰਮੀ ਦਾ ਕੋਈ ਅਸਰ ਹੈ। ਸਟੇਜ ਤੋਂ ਬੁਲਾਰਿਆਂ ਦੇ ਜੋਸ਼ੀਲੇ ਭਾਸ਼ਣ ਹਾਕਮਾਂ ਦੇ ਪੋਤੜੇ ਫੋਲ ਰਹੇ ਨੇ, 23 ਸਾਲਾ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਦੀ ਗੱਲ ਕਰ ਰਹੇ ਨੇ, ਰੁਜ਼ਗਾਰ ਗਾਰੰਟੀ ਕਾਨੂੰਨ ਸੰਸਦ ਵਿੱਚ ਪਾਸ ਕਰਾਉਣ ਲਈ ਦਸਤਖਤੀ ਮੁਹਿੰਮ ਦਾ ਹਿੱਸਾ ਬਣਨ ਲਈ ਪਰੇਰ ਰਹੇ ਹਨ।
ਇਹ ਨਜ਼ਾਰਾ ਦੇਸ਼ ਭਗਤ ਸਿੰਘ ਯਾਦਗਾਰ ਹਾਲ ਦਾ ਹੈ, ਜਿਹੜਾ ਪਹਿਲੀ ਨਜ਼ਰੇ ਵੱਡੀ ਸਿਆਸੀ ਕਾਨਫਰੰਸ ਜਾਪਦਾ ਹੈ। ਪਰ ਇਹ ਉਹ ਕਾਨਫਰੰਸ ਨਹੀਂ, ਜਿੱਥੇ ਰਾਜਨੀਤਕ ਲੋਕ ਕੁਫ਼ਰ ਤੋਲਦੇ ਹਨ। ਮੌਕਾ ਹੈ ਪਰਮਗੁਣੀ ਸ਼ਹੀਦ ਭਗਤ ਸਿੰਘ ਦੇ 108ਵੇਂ ਜਨਮ ਦਿਹਾੜੇ ਦਾ।
ਨਿਆਣਿਆਂ ਜਾਂ ਵਿਦਿਆਰਥੀਆਂ ਨੂੰ ਕਿਸੇ ਸਮਾਗਮ ਵਿੱਚ ਬਿਠਾਉਣਾ ਹੋਵੇ ਤਾਂ ਆਮ ਤੌਰ 'ਤੇ ਕਲਾਕਾਰਾਂ ਦਾ ਸਹਾਰਾ ਲਿਆ ਜਾਂਦੈ। ਗਾਣਿਆਂ ਦੇ ਲਾਲਚ 'ਚ ਨਿਆਣੇ ਟਿਕੇ ਰਹਿੰਦੇ ਹਨ, ਪਰ ਇਸ ਸਮਾਗਮ 'ਚ ਕੋਈ ਕਲਾਕਾਰ ਨਹੀਂ, ਕੋਈ ਅਜਿਹਾ ਚਿਹਰਾ ਨਹੀਂ, ਜਿਸ ਦੀ ਖਿੱਚ ਨਾਲ ਵਿਦਿਆਰਥੀ ਟਿਕੇ ਰਹਿਣ। ਹਾਂ, ਇੱਕ ਖਿੱਚ ਜ਼ਰੂਰ ਹੈ, ਭਗਤ ਸਿੰਘ ਦੇ ਵਿਚਾਰਾਂ ਦੀ ਖਿੱਚ।
ਪੰਡਾਲ 'ਚ ਬੈਠੇ ਸੱਤਰ ਸਾਲਾ ਬਜ਼ੁਰਗ ਪਾਲਾ ਸਿੰਘ ਦੀਆਂ ਅੱਖਾਂ ਵੀ ਬਾਕੀਆਂ ਵਾਂਗ ਚਮਕ ਰਹੀਆਂ ਹਨ। ਮੈਂ ਏਥੇ ਆਉਣ ਦਾ ਕਾਰਨ ਪੁੱਛਿਆ ਤਾਂ ਬੋਲਿਆ, 'ਮੈਂ ਲੀਡਰਾਂ ਦੀਆਂ ਰੈਲੀਆਂ 'ਚ ਜਾਣਾ ਬੰਦ ਕਰ ਦਿੱਤੈ, ਪਰ ਇਸ ਮਹਾਨ ਯੋਧੇ ਦੇ ਸਮਾਗਮ 'ਚ ਹਰ ਸਾਲ ਬੱਸ 'ਤੇ ਆਉਂਦਾਂ...ਕੀ ਪਤਾ ਇਕੱਠ 'ਚੋਂ ਕਿਹੜਾ ਭਗਤ ਸਿੰਘ ਬਣ ਜਾਵੇ, ਕਿਹੜਾ ਕਰਤਾਰ ਸਿੰਘ ਸਰਾਭਾ ਹੋਵੇ...।'
ਉਸ ਦਾ ਜੋਸ਼ ਹੈਰਾਨ ਕਰਨ ਵਾਲਾ ਹੈ। ਕਤਾਰਾਂ ਵਿੱਚ ਬੈਠੇ ਨਿਆਣਿਆਂ 'ਚੋਂ ਇੱਕ ਨੇ ਭਗਤ ਸਿੰਘ ਦੀ ਫੋਟੋ ਘੁੱਟ ਕੇ ਛਾਤੀ ਨਾਲ ਲਾਈ ਹੋਈ ਹੈ। ਉਸ ਦਾ ਨਾਂਅ ਬੌਬੀ ਹੈ, ਛੇਵੀਂ ਦਾ ਵਿਦਿਆਰਥੀ।
ਮੈਂ ਪੁੱਛਿਆ, 'ਕਿਵੇਂ ਲੱਗ ਰਿਹਾ ਮਾਹੌਲ...?'
ਕਹਿੰਦਾ, 'ਭਗਤ ਸਿੰਘ ਦੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ।'
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪਿਪਲੀ ਕਲਾਂ ਦੇ ਇਸ ਨੰਨ੍ਹੇ ਦਾ ਜਲੌਅ ਦੇਖ ਅਹਿਸਾਸ ਹੋ ਗਿਆ ਕਿ ਜੇ ਬੱਚਿਆਂ ਨੂੰ ਹੁਣੇ ਤੋਂ ਇਹ ਜਾਗ ਲੱਗ ਗਈ ਤਾਂ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਨੂੰ ਸਿਰਜਣ ਤੋਂ ਕੋਈ ਨਹੀਂ ਰੋਕ ਸਕੇਗਾ।
ਪੰਡਾਲ ਦੇ ਆਲੇ-ਦੁਆਲੇ ਏਂਗਲਜ਼, ਲੈਨਿਨ, ਕਾਰਲ ਮਾਰਕਸ ਤੇ ਹੋਰ ਮਹਾਨ ਵਿਦਵਾਨਾਂ ਦੇ ਵਿਚਾਰਾਂ ਵਾਲੇ ਬੈਨਰ ਲੱਗੇ ਹੋਏ ਹਨ। ਕਿਤਾਬਾਂ ਦੇ ਦਰਜਨਾਂ ਤਖਤਪੋਸ਼ਾਂ ਦੁਆਲੇ ਲੋਕਾਂ ਦਾ ਝੁਰਮਟ ਹੈ। ਲੰਗਰ ਹਾਲ 'ਚ ਵੀ ਭਗਤ ਸਿੰਘ ਦੀਆਂ ਗੱਲਾਂ ਚੱਲ ਰਹੀਆਂ ਨੇ।
ਸਟੇਜ ਤੋਂ ਕਾਨਫਰੰਸ ਦੀ ਸਮਾਪਤੀ ਦੀ ਅਵਾਜ਼ ਆ ਰਹੀ ਹੈ। ਮਾਰਚ ਦੀ ਤਿਆਰੀ ਲਈ ਪਟਾਕੇ ਚੱਲਣ ਲੱਗੇ ਨੇ। ਕਤਾਰਾਂ ਬਣ ਰਹੀਆਂ ਨੇ। ਦੋ-ਦੋ ਕਤਾਰਾਂ ਸੜਕ 'ਤੇ ਉਤਰਨ ਲੱਗੀਆਂ। ਮੂਹਰੇ ਕੁੜੀਆਂ ਨੇ, ਜਿਨ੍ਹਾਂ ਦੀ ਗਿਣਤੀ ਮੁੰਡਿਆਂ ਨਾਲੋਂ ਡੇਢੀ ਹੈ। ਸ਼ਹਿਰ ਦੇ ਜਿਹੜੇ ਵੀ ਹਿੱਸੇ ਵਿੱਚੋਂ ਮਾਰਚ ਲੰਘ ਰਿਹੈ, ਲੋਕ ਹੈਰਾਨ ਹੋ ਰਹੇ ਨੇ। ਥਾਂ-ਥਾਂ ਠੰਢੇ ਪਾਣੀ ਦਾ ਪ੍ਰਬੰਧ ਹੈ। ਲੱਡੂ ਵੰਡੇ ਜਾ ਰਹੇ ਹਨ। ਕਈ ਲੋਕਾਂ ਆਪਣੇ ਘਰਾਂ-ਦੁਕਾਨਾਂ 'ਤੇ ਬਿਜਲੀ ਵਾਲੇ ਲਾਟੂ ਜਗਾਏ ਹੋਏ ਨੇ। ਕਿਸੇ ਦੇ ਚਿਹਰੇ ਤੋਂ ਥਕਾਵਟ ਜਾਂ ਅਕੇਵਾਂ ਨਹੀਂ ਝਲਕਦਾ। ਢੋਲ ਦਾ ਡੱਗਾ ਪੱਬ ਚੁੱਕ ਰਿਹੈ।
ਕੋਲੋਂ ਲੰਘਦਾ ਇੱਕ ਰਿਕਸ਼ੇ ਵਾਲਾ ਖੜ੍ਹਾ ਹੋ ਕੇ ਮਾਰਚ ਨੂੰ ਮੱਥਾ ਟੇਕ ਰਿਹੈ। ਸ਼ਾਇਦ ਉਸ ਨੂੰ ਕਿਰਤੀ ਜਮਾਤਾਂ ਤੇ ਵਿਦਿਆਰਥੀਆਂ ਦਾ ਏਨੇ ਵੱਡੇ ਪੱਧਰ 'ਤੇ ਜਾਗਣਾ ਅੰਦਰੋਂ ਹਲੂਣ ਰਿਹਾ ਹੈ।
ਇਹ ਮਾਰਚ ਲੱਗਭੱਗ ਡੇਢ ਘੰਟੇ ਵਿੱਚ ਸਮਾਪਤ ਹੋਇਆ ਤੇ ਆਪੋ-ਆਪਣੀਆਂ ਸਕੂਲੀ ਬੱਸਾਂ ਵਿੱਚ ਚੜ੍ਹਨ ਵੇਲ਼ੇ ਨੰਨ੍ਹੇ-ਮੁੰਨੇ ਬੱਚੇ ਅਗਲੇ ਸਾਲ ਫਿਰ ਏਥੇ ਜੁੜਨ ਦਾ ਵਾਅਦਾ ਕਰ ਰਹੇ ਹਨ।
ਸੱਚੀਂ ਧੰਨ ਨੇ ਉਹ ਪ੍ਰਬੰਧਕ, ਜਿਹੜੇ ਤਿਲ-ਫੁੱਲ ਇਕੱਠਾ ਕਰਕੇ ਏਨਾ ਮਹਾਨ ਕਾਜ ਰਚਾਉਂਦੇ ਹਨ। ਜਿਹੜੇ ਹੋਕਾ ਦੇ ਰਹੇ ਨੇ ਕਿ ਜਾਗ ਜਾਓ, ਭਗਤ ਸਿੰਘ ਦੀ ਸੋਚ ਦੇ ਹਾਣੀ ਬਣੋ।
ਜੇ ਸ਼ਹੀਦੀ ਦਿਹਾੜੇ ਮੌਕੇ ਭਗਤ ਸਿੰਘ ਦੀ ਸ਼ਹਾਦਤ ਦਾ ਮੁੱਲ ਨਾ ਪੈਣ ਦੀ ਗੱਲ ਚਿਤਵਦੇ ਹਾਂ ਤਾਂ ਉਸ ਦੇ ਜਨਮ ਦਿਨ ਮੌਕੇ ਪਟਾਕੇ ਕਿਉਂ ਨਹੀਂ ਚਲਾ ਸਕਦੇ, ਭੰਗੜੇ ਕਿਉਂ ਨਹੀਂ ਪਾ ਸਕਦੇ, ਵਧਾਈਆਂ ਕਿਉਂ ਨਹੀਂ ਦੇ ਸਕਦੇ।

794 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper