ਲਾਲੂ ਵਿਰੁੱਧ ਕੇਸ ਠੋਕਿਆ

ਪੁਲਸ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵਿਰੁੱਧ ਕੇਸ ਦਰਜ ਕੀਤਾ ਹੈ। ਲਾਲੂ ਵਿਰੁੱਧ ਇਹ ਕੇਸ ਜਾਤੀ ਦੇ ਆਧਾਰ 'ਤੇ ਵੋਟਾਂ ਮੰਗਣ ਦੇ ਮਾਮਲੇ ਵਿੱਚ ਦਰਜ ਕੀਤਾ ਗਿਆ ਹੈ। ਇਹ ਕੇਸ ਲਾਲੂ ਵੱਲੋਂ ਰਾਧੋਪੁਰ ਰੈਲੀ ਵਿੱਚ ਦਿੱਤੇ ਗਏ ਭਾਸ਼ਣ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਲਾਲੂ ਇਹ ਚੋਣਾਂ ਜਨਤਾ ਦਲ ਯੂ ਅਤੇ ਕਾਂਗਰਸ ਨਾਲ ਮਿਲ ਕੇ ਲੜ ਰਹੇ ਹਨ ਅਤੇ ਉਹ ਭਾਜਪਾ ਦੀਆਂ ਅੱਖਾਂ ਵਿੱਚ ਰੜਕਦੇ ਆ ਰਹੇ ਹਨ।
ਇਸੇ ਦੌਰਾਨ ਰਾਖਵੇਂਕਰਨ ਦੇ ਮੁੱਦੇ 'ਤੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰ ਫ਼ਿਰ ਭਾਜਪਾ ਅਤੇ ਆਰ ਐਸ ਐਸ ਉੱਪਰ ਜ਼ੋਰਦਾਰ ਹਮਲਾ ਬੋਲਿਆ ਹੈ। ਲਾਲੂ ਨੇ ਕਿਹਾ ਕਿ ਭਾਵੇਂ ਉਸ ਨੂੰ ਫ਼ਾਂਸੀ ਦੇ ਦਿੱਤੀ ਜਾਵੇ, ਪਰ ਉਹ ਲੜਾਈ ਨਹੀਂ ਛੱਡਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁਣ ਤਾਂ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੂੰ ਭਾਰਤ ਰਤਨ ਐਵਾਰਡ ਨਾਲ ਨਵਾਜ਼ ਸਕਦੇ ਹਨ। ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੇ ਹਾਲ ਵਿੱਚ ਬਿਆਨ ਦਿੱਤਾ ਸੀ ਕਿ ਰਾਖਵੇਂਕਰਨ ਬਾਰੇ ਪੁਨਰ ਵਿਚਾਰ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਲਾਲੂ ਨੇ ਮਾਈਕਰੋ ਬਿਲਾਗਿੰਗ ਸਾਈਟ ਟਵਿਟਰ ਉੱਪਰ ਲਿਖਿਆ ਸੀ ਕਿ ਆਰ ਐਸ ਐਸ ਅਤੇ ਭਾਜਪਾ ਰਾਖਵੇਂਕਰਨ ਨੂੰ ਖ਼ਤਮ ਕਰਨ ਲਈ ਜਿੰਨਾਂ ਮਰਜ਼ੀ ਜ਼ੋਰ ਲਾ ਦੇਣ, ਦੇਸ਼ ਦਾ 80% ਫ਼ੀਸਦੀ ਦਲਿਤ ਅਤੇ ਪੱਛੜਾ ਵਰਗ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਵੇਗਾ।
ਲਾਲੂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਇਹ ਲੋਕ ਰਾਖਵੇਂਕਰਨ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ, ਪਰ ਉਹ ਆਬਾਦੀ ਦੇ ਹਿਸਾਬ ਨਾਲ ਰਾਖਵੇਂਕਰਨ ਨੂੰ ਵਧਾਉਣ ਲਈ ਪੂਰਾ ਜ਼ੋਰ ਲਾ ਦੇਣਗੇ। ਮੋਦੀ ਨੇ ਲਲਕਾਰਦਿਆਂ ਕਿਹਾ ਕਿ ਜੇ ਕਿਸੇ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਰਾਖਵਾਂਕਰਨ ਖ਼ਤਮ ਕਰ ਕੇ ਦਿਖਾਵੇ, ਪਤਾ ਲੱਗ ਜਾਵੇਗਾ, ਕਿਹੜੇ ਵਿੱਚ ਕਿੰਨੀ ਤਾਕਤ ਹੈ। ਮੋਹਨ ਭਾਗਵਤ ਨੇ ਪਿਛਲੇ ਦਿਨੀਂ ਸੁਝਾਅ ਦਿੱਤਾ ਸੀ ਕਿ ਰਾਖਵੇਂਕਰਨ ਲਈ ਪੁਨਰ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਜਾਵੇ ਅਤੇ ਇਹ ਕਮੇਟੀ ਤਹਿ ਕਰੇ ਕਿ ਕਿੰਨੇ ਲੋਕਾਂ ਨੂੰ ਕਿੰਨੇ ਸਮੇਂ ਤੱਕ ਰਾਖਵੇਂਕਰਨ ਦੀ ਲੋੜ ਹੈ।