ਜੱਜਾਂ ਦੀ ਜ਼ਿੰਦਗੀ ਨਰਕ ਬਣੀ : ਚੀਫ਼ ਜਸਟਿਸ ਦੱਤੂ

ਸੁਪਰੀਮ ਕੋਰਟ ਨੇ ਮੌਜੂਦਾ ਨਿਆਂਇਕ ਮੰਡਲ ਪ੍ਰਣਾਲੀ ਦੇ ਹੱਕ ਵਿੱਚ ਆਉਂਦਿਆਂ ਖੁੱਲ੍ਹ ਕੇ ਕਿਹਾ ਹੈ ਕਿ ਇਸ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਨਾਲ ਸਿੱਝਣ ਲਈ ਸਾਰੇ ਉਪਾਅ ਮੌਜੂਦ ਹਨ। ਚੀਫ਼ ਜਸਟਿਸ ਐਚ ਐਲ ਦੱਤੂ ਨੇ ਕਿਹਾ ਕਿ ਹਾਈ ਕੋਰਟਾਂ ਦੇ ਸਾਰੇ ਜੱਜਾਂ ਵਿਰੁੱਧ ਬੇਨਾਮੀ ਸ਼ਿਕਾਇਤਾਂ ਭੇਜਣਾ ਕੁਝ ਵਕੀਲਾਂ ਦੀ ਆਦਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਜੱਜ ਬਹੁਤ ਹੀ ਲਾਚਾਰ ਹੋ ਜਾਂਦੇ ਹਨ। ਇਸ ਲਈ ਚਿਹਰਾ ਛੁਪਾ ਕੇ ਅਜਿਹੇ ਵਕੀਲ ਜੱਜਾਂ ਉੱਤੇ ਪੱਥਰ ਸੁੱਟਦੇ ਰਹਿੰਦੇ ਹਨ। ਦੇਸ਼ ਦੇ ਚੀਫ਼ ਜਸਟਿਸ ਨੇ ਕਿਹਾ ਹੈ ਕਿ ਜੱਜਾਂ ਦੀ ਜ਼ਿੰਦਗੀ ਨਰਕ ਹੋ ਗਈ ਹੈ। ਇੱਕ ਜ਼ਿਲ੍ਹਾ ਜੱਜ ਨੂੰ ਹਾਈ ਕੋਰਟ ਵਿੱਚ ਤਰੱਕੀ ਦਿੱਤੇ ਜਾਣ ਦੇ ਵਿਰੁੱਧ ਦਾਇਰ ਕੀਤੀ ਗਈ ਇੱਕ ਪਟੀਸ਼ਨ ਨੂੰ ਰੱਦ ਕਰਦਿਆਂ ਬੈਂਚ ਨੇ ਕਿਹਾ ਹੈ ਕਿ ਨਿਆਂਇਕ ਮੰਡਲ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਨਾਲ ਸਿੱਝਣ ਲਈ ਸਾਰੇ ਉਪਾਅ ਮੌਜੂਦ ਹਨ।