ਗਿਣੀ-ਮਿਥੀ ਫ਼ਿਰਕਾਪ੍ਰਸਤੀ ਦਾ ਨਵਾਂ ਉਛਾਲਾ


ਭਾਰਤ ਇੱਕ ਵਾਰੀ ਫਿਰ ਇੱਕ ਖ਼ਾਸ ਧਰਮ ਦੇ ਨਾਂਅ ਉੱਤੇ ਫ਼ਿਰਕਾਪ੍ਰਸਤੀ ਦੇ ਉਛਾਲੇ ਮਹਿਸੂਸ ਕਰਨ ਲੱਗ ਪਿਆ ਹੈ। ਇਹ ਫ਼ਿਰਕਾਪ੍ਰਸਤੀ ਕਈ ਰੂਪਾਂ ਵਿੱਚ ਸਿਰ ਚੁੱਕ ਰਹੀ ਹੈ। ਪਹਿਲਾਂ ਵੀ ਇਹ ਇੱਕ ਰਾਜਸੀ ਪੱਖ ਦੀ ਮਦਦਗਾਰ ਬਣਨ ਲਈ ਸਿਰ ਚੁੱਕਦੀ ਰਹੀ ਹੈ ਤੇ ਹੁਣ ਵੀ ਉਸੇ ਪੱਖ ਵਾਸਤੇ ਅਗਲੀਆਂ ਸਿਆਸੀ ਛਾਲਾਂ ਦਾ ਪੜੁੱਲ ਤਿਆਰ ਕਰਨ ਵਾਸਤੇ ਸਰਗਰਮ ਜਾਪਦੀ ਹੈ। ਦੇਸ਼ ਦੇ ਲੋਕਾਂ ਨੂੰ ਇਸ ਬਾਰੇ ਸਮਝਣਾ ਪਵੇਗਾ।
ਕੇਂਦਰ ਦੀ ਸਰਕਾਰ ਵਿੱਚ ਮੰਤਰੀ ਇੱਕ ਸਾਧਵੀ ਨੇ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਸੀ ਤਕਰੀਰ ਕਰਦੀ ਨੇ ਰਾਮ-ਭਗਤਾਂ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਗੰਦੀ ਗਾਲ੍ਹ ਕੱਢ ਦਿੱਤੀ ਸੀ। ਬਹੁਤ ਵੱਡਾ ਮੁੱਦਾ ਬਣ ਜਾਣ ਪਿੱਛੋਂ ਉਸ ਸਾਧਵੀ ਨੇ ਪਾਰਲੀਮੈਂਟ ਵਿੱਚ ਨੀਵੀਂ ਪਾ ਕੇ ਮੁਆਫੀ ਮੰਗੀ ਸੀ। ਹੁਣ ਬਿਹਾਰ ਚੋਣ ਮੌਕੇ ਓਸੇ ਬੀਬੀ ਨੂੰ ਵੱਡੀ ਚੋਣ ਜ਼ਿੰਮੇਵਾਰੀ ਦੇ ਕੇ ਓਥੇ ਭੇਜ ਦਿੱਤਾ ਗਿਆ ਹੈ। ਨਰਿੰਦਰ ਮੋਦੀ ਦੇ ਰਾਜਸੀ ਵਿਰੋਧੀਆਂ ਨੂੰ ਪਾਕਿਸਤਾਨ ਭੇਜ ਦੇਣ ਦੀ ਧਮਕੀ ਦੇਣ ਵਾਲਾ ਕੇਂਦਰੀ ਮੰਤਰੀ ਵੀ ਓਸੇ ਰਾਜ ਵਿੱਚ ਬੈਠਾ ਹੈ। ਇਸ ਤੋਂ ਜ਼ਰਾ ਹਟਵੇਂ ਖੜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਆਗੂ ਨੇ ਕੱਲ੍ਹ ਇਹ ਗੱਲ ਕਹਿ ਦਿੱਤੀ ਹੈ ਕਿ ਉਹ ਵੀ ਅਗਲੇ ਦਿਨਾਂ ਵਿੱਚ ਆਪਣੀ ਰਾਮ ਮੰਦਰ ਦੀ ਉਸਾਰੀ ਦੀ ਮੁਹਿੰਮ ਫਿਰ ਤੇਜ਼ ਕਰਨ ਨੂੰ ਤਿਆਰ ਹਨ। ਕਾਫ਼ੀ ਅਰਸੇ ਤੋਂ ਜਿਹੜੇ ਮੁੱਦੇ ਨੂੰ ਠੱਪਿਆ ਪਿਆ ਸੀ, ਉਹ ਹੁਣ ਚੁੱਕਣ ਦੇ ਪਿੱਛੇ ਰਾਜਨੀਤੀ ਕਈ ਲੋਕਾਂ ਨੂੰ ਨਜ਼ਰ ਆਈ ਹੈ।
ਜਿਹੜੀ ਗੱਲ ਗੌਲਣ ਤੋਂ ਬਹੁਤ ਸਾਰੇ ਲੋਕ ਪਹਿਲਾਂ ਪਾਸਾ ਵੱਟਦੇ ਰਹੇ ਸਨ, ਉਹ ਇਸ ਹਫਤੇ ਦਿੱਲੀ ਦੀ ਫਿਰਨੀ ਨੇੜਲੇ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਵੀ ਵਿਚਾਰ ਗੋਚਰੇ ਲਿਆਉਣੀ ਪੈ ਸਕਦੀ ਹੈ। ਅਚਾਨਕ ਇੱਕ ਸ਼ਾਮ ਉਸ ਪਿੰਡ ਵਿੱਚ ਭੀੜ ਇਕੱਠੀ ਹੋ ਗਈ ਕਿ ਅਖਲਾਕ ਨਾਂਅ ਦੇ ਇੱਕ ਵਿਅਕਤੀ ਦੇ ਘਰ ਗਊ ਦਾ ਮਾਸ ਬਣਦਾ ਹੈ। ਪਿੰਡ ਦੇ ਮੰਦਰ ਦੇ ਸਪੀਕਰ ਤੋਂ ਅਨਾਊਂਸਮੈਂਟ ਨਾਲ ਭੀੜ ਨੂੰ ਉਕਸਾਇਆ ਗਿਆ ਤੇ ਫਿਰ ਅਖਲਾਕ ਦੇ ਘਰ ਉੱਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਤੇ ਉਸ ਦੇ ਪੁੱਤਰ ਨੂੰ ਏਨਾ ਜ਼ਖਮੀ ਕੀਤਾ ਗਿਆ ਕਿ ਉਸ ਦੇ ਬਚਣ ਦੀ ਆਸ ਨਹੀਂ ਹੈ। ਬਾਅਦ ਵਿੱਚ ਖ਼ਬਰ ਇਹ ਮਿਲੀ ਕਿ ਈਦ ਦੇ ਦਿਨ ਹੋਣ ਕਾਰਨ ਅਖਲਾਕ ਦੇ ਘਰ ਮੀਟ ਜ਼ਰੂਰ ਸੀ, ਪਰ ਇਹ ਗਊ ਮਾਸ ਨਹੀਂ ਸੀ, ਸਗੋਂ ਬੱਕਰੇ ਦਾ ਮਾਸ ਸੀ, ਜਿਹੜਾ ਉਸ ਦੇ ਫਰਿੱਜ ਵਿੱਚ ਰੱਖਿਆ ਹੋਇਆ ਸੀ। ਭੀੜ ਨੂੰ ਝੂਠੀ ਉਕਸਾਹਟ ਮੋਬਾਈਲ ਫੋਨ ਦੇ ਵਟਸ-ਐਪ ਦੀ ਮਦਦ ਨਾਲ ਪੁਚਾਈ ਗਈ ਅਤੇ ਫਿਰ ਇਹ ਸੁਨੇਹਾ ਇੱਕ ਤੋਂ ਦੂਸਰੇ ਮੋਬਾਈਲ ਵਿੱਚ ਘੁੰਮਦਾ ਹੋਇਆ ਉਸ ਇਲਾਕੇ ਵਿੱਚ ਘਰ-ਘਰ ਪੁੱਜ ਕੇ ਇਸ ਵੱਡੀ ਵਾਰਦਾਤ ਦਾ ਕਾਰਨ ਬਣ ਗਿਆ।
ਪਿਛਲੇਰੇ ਸਾਲ ਮੁਜ਼ੱਫ਼ਰਨਗਰ ਵਿੱਚ ਦੰਗੇ ਹੋਏ ਸਨ। ਓਥੇ ਵੀ ਘੱਟ-ਗਿਣਤੀ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕਾਂ ਨੂੰ ਇੱਕ ਉਕਸਾਊ ਸੂਚਨਾ ਇਸੇ ਤਰ੍ਹਾਂ ਪੁਚਾਈ ਗਈ ਸੀ। ਉਸ ਦੰਗੇ ਦੀ ਜਾਂਚ ਦੀ ਰਿਪੋਰਟ ਪਿਛਲੇ ਦਿਨੀਂ ਆ ਗਈ ਹੈ ਤੇ ਉਸ ਵਿੱਚ ਓਥੇ ਰਾਜ ਕਰਦੀ ਸਮਾਜਵਾਦੀ ਪਾਰਟੀ ਅਤੇ ਕੇਂਦਰ ਵਿੱਚ ਰਾਜ ਸੰਭਾਲਦੀ ਭਾਰਤੀ ਜਨਤਾ ਪਾਰਟੀ ਵਾਲਿਆਂ ਦੋਵਾਂ ਧਿਰਾਂ ਨੂੰ ਦੋਸ਼ੀ ਮੰਨਿਆ ਗਿਆ ਹੈ। ਹੁਣ ਵਾਲੇ ਕੇਸ ਵਿੱਚ ਵੀ ਹਿੰਦੂ ਸੰਗਠਨਾਂ ਦੇ ਵੱਲ ਸਿੱਧਾ ਇਸ਼ਾਰਾ ਹੁੰਦਾ ਹੈ, ਪਰ ਸਮਾਜਵਾਦੀ ਪਾਰਟੀ ਵੀ ਆਪਣੀ ਸਰਕਾਰ ਦੇ ਹੁੰਦਿਆਂ ਇਹੋ ਜਿਹੇ ਜੁਰਮਾਂ ਨੂੰ ਹੋਣ ਤੋਂ ਰੋਕਣ ਵੱਲ ਮੁਜਰਮਾਨਾ ਲਾਪਰਵਾਹੀ ਦੀ ਦੋਸ਼ੀ ਹੈ। ਇੱਕ ਮੰਤਰੀ ਦੀਆਂ ਮੱਝਾਂ ਚੋਰੀ ਹੋਣ ਮੌਕੇ ਜਿਸ ਉੱਤਰ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਦੀ ਪੁਲਸ ਮੱਝਾਂ ਲੱਭਣ ਲਈ ਤੋਰ ਦਿੱਤੀ ਗਈ ਸੀ, ਉਸ ਦੀ ਪੁਲਸ ਇਸ ਵਾਰ ਏਡੀ ਵੱਡੀ ਵਾਰਦਾਤ ਹੋਣ ਦਾ ਅਗਾਊਂ ਪਤਾ ਲੱਗਣ ਦੇ ਬਾਵਜੂਦ ਨਿਕੰਮੀ ਸਾਬਤ ਹੋਈ ਹੈ।
ਜਦੋਂ ਮੁਜ਼ੱਫ਼ਰਨਗਰ ਦਾ ਦੰਗਾ ਹੋਇਆ ਸੀ, ਓਦੋਂ ਪਾਰਲੀਮੈਂਟ ਚੋਣਾਂ ਹੋਣ ਵਾਲੀਆਂ ਸਨ ਅਤੇ ਉਸ ਵਿੱਚ ਜਿੱਤ ਯਕੀਨੀ ਬਣਾਉਣ ਲਈ ਫ਼ਿਰਕੂ ਰੰਗ ਦੀ ਕਤਾਰਬੰਦੀ ਕੀਤੀ ਜਾਣੀ ਕਈ ਲੋਕਾਂ ਨੂੰ ਜ਼ਰੂਰੀ ਜਾਪਣ ਲੱਗੀ ਤੇ ਉਹ ਲੋਕ ਦੰਗੇ ਵਿੱਚ ਤਿੱਖੀ ਤੋਰ ਵਗਦੇ ਦਿਖਾਈ ਦਿੱਤੇ ਸਨ। ਹੁਣ ਜਦੋਂ ਬਿਹਾਰ ਚੋਣਾਂ ਦੀ ਸਰਗਰਮੀ ਆਪਣੀ ਸਿਖ਼ਰ ਉੱਤੇ ਹੈ ਤੇ ਇਸ ਦੇ ਬਾਅਦ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵੀ ਦੂਰ ਨਹੀਂ ਤਾਂ ਅਖਲਾਕ ਦੇ ਕਤਲ ਤੇ ਇਸ ਨਾਲ ਗਊ ਮਾਸ ਦੀ ਕਹਾਣੀ ਜੋੜ ਕੇ ਫਿਰ ਉਹੋ ਜਿਹਾ ਦੰਗਾ ਕਰਨ ਦੇ ਲਈ ਭੀੜ ਉਕਸਾਈ ਗਈ ਹੈ। ਇਹ ਸਾਰਾ ਕੁਝ ਸੁੱਤੇ ਸਿੱਧ ਨਹੀਂ ਹੋ ਰਿਹਾ। ਰਾਜਨੀਤੀ ਦੇ ਵਿਸ਼ਲੇਸ਼ਣਕਾਰਾਂ ਨੂੰ ਇਸ ਵਿੱਚ ਇੱਕ ਖ਼ਾਸ ਕਿਸਮ ਦੀ ਰਾਜਸੀ ਲੋੜ ਨਾਲ ਬੱਝੀ ਹੋਈ ਗਿਣੀ-ਮਿਥੀ ਫ਼ਿਰਕਾਪ੍ਰਸਤੀ ਨੂੰ ਸੁੰਘਣ ਵਿੱਚ ਮੁਸ਼ਕਲ ਪੇਸ਼ ਨਹੀਂ ਆ ਰਹੀ। ਭਾਰਤ ਦੇ ਲੋਕਾਂ ਨੂੰ ਵੀ ਉਸ ਫ਼ਿਰਕਾਪ੍ਰਸਤੀ ਨੂੰ ਪਛਾਣਨਾ ਹੋਵੇਗਾ।