ਹੈਲੀਕਾਪਟਰ ਸੌਦਾ; ਸਾਬਕਾ ਹਵਾਈ ਫੌਜ ਮੁਖੀ ਦੇ ਪਰਵਾਰ ਦੀ ਜਾਇਦਾਦ ਦੀ ਕੁਰਕੀ

ਇਨਫੋਰਸਮੈਂਟ ਡਾਇਰੈਕਟੋਰੇਟ ਨੇ 3600 ਕਰੋੜ ਦੇ ਵੀ ਵੀ ਆਈ ਪੀ ਹੈਲੀਕਾਪਟਰ ਸੌਦੇ 'ਚ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਦੀ ਜਾਂਚ ਦੇ ਸੰਬੰਧ 'ਚ ਹਵਾਈ ਫੌਜ ਦੇ ਸਾਬਕਾ ਮੁਖੀ ਐੱਸ ਪੀ ਤਿਆਗੀ ਦੇ ਰਿਸ਼ਤੇਦਾਰਾਂ ਦੇ ਨਾਂਅ ਪੰਜ ਮਹਿੰਗੇ ਫਲੈਟਾਂ ਦੀ ਕੁਰਕੀ ਕੀਤੀ ਹੈ।
ਜਾਂਚ ਏਜੰਸੀ ਨੇ ਤਿਆਗੀ ਦੇ ਭਰਾ ਸੰਜੀਵ, ਸੰਦੀਪ ਅਤੇ ਰਾਜੀਵ ਵਿਰੁੱਧ ਜਾਰੀ ਆਪਣੇ ਹੁਕਮਾਂ 'ਚ ਕਿਹਾ ਹੈ ਕਿ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸੌਦੇ 'ਚ ਹੋਏ ਅਪਰਾਧ ਦੀ ਕਮਾਈ ਨਾਲ ਜਾਇਦਾਦ ਖਰੀਦੀ ਗਈ ਸੀ, ਜੋ ਕਾਨੂੰਨ ਤਹਿਤ ਕੁਰਕ ਕੀਤੀ ਗਈ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਬਿਆਨ 'ਚ ਕਿਹਾ ਹੈ ਕਿ ਜਾਂਚ 'ਚ ਕਾਫੀ ਮਿਹਨਤ ਤੋਂ ਬਾਅਦ ਤਿਆਗੀ ਭਰਾਵਾਂ ਦੀ 6 ਕਰੋੜ 20 ਲੱਖ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਕੁਰਕ ਕੀਤੀ ਗਈ ਜਾਇਦਾਦ 'ਚ ਇੱਕ ਫਲੈਟ ਗੁੜਗਾਓਂ ਦੇ ਫੇਜ਼ 6 'ਚ, ਦੋ ਫਲੈਟ ਨੋਇਡਾ ਦੇ ਸੈਕਟਰ 50 'ਚ, ਇੱਕ ਫਲੈਟ ਦਿੱਲੀ ਦੇ ਕੇ ਜੀ ਮਾਰਗ ਅਤੇ ਇੱਕ ਫਲੈਟ ਗਾਜ਼ੀਆਬਾਦ ਦੇ ਨਾਲ ਲੱਗਦੇ ਕੌਸ਼ਾਬੀ ਅਤੇ ਇੱਕ ਬਿਜ਼ਨੈੱਸ ਸੈਂਟਰ 'ਚ ਸਥਿਤ ਹੈ। ਸੂਤਰਾਂ ਨੇ ਦੱਸਿਆ ਕਿ ਇਹ ਰਿਹਾਇਸ਼ੀ ਇਕਾਈਆਂ ਦਾ ਦੱਸਿਆ ਗਿਆ ਮੁੱਲ ਹੈ ਅਤੇ ਅਸਲ ਕੀਮਤ ਕਈ ਗੁਣਾਂ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸਾਲ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਰੋਕਥਾਮ ਕਾਨੂੰਨ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਸੌਦੇ ਨੂੰ ਇਟਲੀ ਦੀ ਫਿਨੇਮੈਨੇਨਿਕਾ ਦੀ ਅਗਸਤਾ ਵੇਸਟਲੈਂਡ ਦੇ ਹੱਕ 'ਚ ਕਰਨ ਲਈ ਯੂਰਪੀਨ ਕਾਰੋਬਾਰੀਆਂ ਟ੍ਰਿਸਟੀਅਨ ਮਾਈਕਲ ਨਾਲਰੇ ਗੇਰੋਸਾ ਅਤੇ ਗੁਇਦੋ ਵੱਲੋਂ ਕਥਿਤ ਤੌਰ 'ਤੇ 432 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਅਦ ਸਰਕਾਰ ਨੇ ਇਹ ਸੌਦਾ ਰੱਦ ਕਰ ਦਿੱਤਾ ਸੀ। ਭਾਰਤੀ ਅਹਿਮ ਸ਼ਖਸੀਅਤਾਂ ਲਈ ਇਸ ਸੌਦੇ ਤਹਿਤ 36 ਕਰੋੜ ਦੇ ਮੁੱਲ ਦੇ 12 ਵੀ ਵੀ ਆਈ ਪੀ ਹੈਲੀਕਾਪਟਰ ਖਰੀਦੇ ਜਾਂਦੇ ਹਨ।