ਕਾਲਾ ਧਨ ਖੁਲਾਸਿਆਂ ਤੋਂ ਪ੍ਰਾਪਤ ਹੋਏ 3770 ਕਰੋੜ

ਸਰਕਾਰ ਨੇ ਐਲਾਨ ਕੀਤਾ ਹੈ ਕਿ ਬੁੱਧਵਾਰ ਨੂੰ ਸਮਾਪਤ ਹੋਈ ਕਾਲਾਧਨ ਪਾਲਣਾ ਸਹੂਲਤ ਤਹਿਤ ਕੀਤੇ ਗਏ 638 ਖੁਲਾਸਿਆ ਤੋਂ 3770 ਕਰੋੜ ਰੁਪਏ ਦੀ ਰਕਮ ਪ੍ਰਾਪਤ ਹੋਈ ਹੈ। ਹਾਲਾਂਕਿ ਇਹ ਰਕਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਐਲਾਨੀ ਗਈ ਰਕਮ ਤੋਂ ਬਹੁਤ ਹੀ ਘੱਟ ਹੈ। ਮੋਦੀ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਸਰਕਾਰ ਨੇ ਕਾਲੇ ਧਨ ਦਾ ਖੁਲਾਸਾ ਕਰਨ ਲਈ ਥੋੜ੍ਹੀ ਹੋਰ ਮੋਹਲਤ ਦਿੱਤੀ ਸੀ ਅਤੇ ਉਹ ਕਹਿ ਸਕਦੇ ਹਨ ਕਿ ਲੋਕ ਆਪਣੀ ਅਣ-ਐਲਾਨੀ ਜਾਇਦਾਦ ਦਾ ਖੁਲਾਸਾ ਕਰਨ, ਜਿਸ ਦੀ ਰਕਮ ਕਰੀਬ 6500 ਕਰੋੜ ਰੁਪਏ ਬਣਦੀ ਹੈ। ਵਿੱਤ ਮੰਤਰਾਲੇ ਨੇ ਸੀ ਬੀ ਡੀ ਟੀ ਵੱਲੋਂ ਸੋਧੇ ਗਏ ਅੰਕੜਿਆਂ ਦੇ ਅਧਾਰ 'ਤੇ ਜਾਰੀ ਇੱਕ ਬਿਆਨ 'ਚ ਕਿਹਾ ਹੈ ਕਿ ਪਾਲਣਾ ਸਹੂਲਤ ਤਹਿਤ ਵਿਦੇਸ਼ਾਂ 'ਚ ਜਮ੍ਹਾਂ 3770 ਕਰੋੜ ਰੁਪਇਆਂ ਬਾਰੇ ਖੁਲਾਸਿਆਂ ਨਾਲ ਜੁੜੇ 636 ਹਲਫ਼ਨਾਮੇ ਮਿਲੇ ਹਨ ਅਤੇ ਇਹਨਾ ਅੰਕੜਿਆਂ ਨੂੰ ਮੇਚਨਾ ਅਜੇ ਬਾਕੀ ਹੈ। ਕਾਲਾ ਧਨ ਕਾਨੂੰਨ ਤਹਿਤ ਦਿੱਤੀ ਗਈ ਇਸ ਸਹੂਲਤ ਦੇ ਆਖਰੀ ਦਿਨ ਖੁਲਾਸਿਆਂ ਦੀ ਹੋੜ ਲੱਗੀ ਰਹੀ। ਇਸ ਲਈ ਇਕੋ ਇੱਕ ਆਮਦਨ ਕਰ ਦਫ਼ਤਰ 'ਚ ਸਮਾਂ ਸੀਮਾ ਖ਼ਤਮ ਹੋਣ ਤੋਂ ਪਹਿਲਾਂ ਖੁਲਾਸੇ ਕਰਨ ਵਾਲਿਆਂ ਦੀ ਲੰਮੀ ਕਤਾਰ ਲੱਗੀ ਰਹੀ। ਸਰਕਾਰ ਵੱਲੋਂ ਇਸ ਬਿਆਨ 'ਚ ਕਿਹਾ ਗਿਆ ਹੈ ਕਿ ਕਾਲੇ ਧਨ ਦੀ ਸਮੱਸਿਆ ਨਾਲ ਸਿੱਝਣ ਲਈ ਕਾਲਾ ਧਨ ਅਤੇ ਟੈਕਸ ਰੋਕਥਾਮ ਕਾਨੂੰਨ 2015 ਲਾਗੂ ਕੀਤਾ ਗਿਆ ਹੈ। ਇਸ ਕਾਨੂੰਨ 'ਚ ਥੋੜ੍ਹੇ ਸਮੇਂ ਲਈ ਉਨ੍ਹਾ ਲੋਕਾਂ ਨੂੰ ਸਹੂਲਤ ਦਿੱਤੀ ਗਈ ਸੀ, ਜਿਨ੍ਹਾ ਨੇ ਅਜੇ ਤੱਕ ਆਪਣੀ ਵਿਦੇਸ਼ੀ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਸੀ। ਬਿਆਨ 'ਚ ਕਿਹਾ ਗਿਆ ਕਿ ਜਿਹੜੇ ਅਫ਼ਸਰਾਂ ਨੂੰ ਹਲਫ਼ਨਾਮਾ ਪ੍ਰਾਪਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ, ਉਹ ਅੱਧੀ ਰਾਤ ਤੱਕ ਕੰਮ ਕਰਦੇ ਰਹੇ। ਖੁਲਾਸਿਆਂ ਸੰਬੰਧੀ ਅਰਜ਼ੀਆਂ ਪ੍ਰਾਪਤ ਕਰਨ ਲਈ ਈ-ਫਾਇਲਿੰਗ ਪੋਰਟਲ ਵੀ ਅੱਧੀ ਰਾਤ ਤੱਕ ਖੁੱਲ੍ਹਾ ਸੀ।