ਅਕਾਲੀ-ਦਲ ਨੂੰ ਪੁੱਠੀ ਪੈ ਗਈ ਮੁਆਫ਼ੀਨਾਮੇ ਦੀ ਕਾਹਲ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਿੰਘ ਸਾਹਿਬਾਨ ਵੱਲੋਂ ਮੁਆਫ਼ੀ ਦੇਣ ਦੀ ਕਾਹਲ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਠੀ ਪੈਂਦੀ ਜਾਪ ਰਹੀ ਹੈ ਅਤੇ ਇਹ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ। ਭਾਵੇਂ ਇਸ ਮਸਲੇ ਦੇ ਹੱਲ ਲਈ ਧਾਰਮਿਕ ਆਗੂਆਂ ਅਤੇ ਬੁੱਧੀਜੀਵੀਆਂ ਦੀ ਕਮੇਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ, ਪਰ ਇਹ ਫ਼ੈਸਲਾ ਸਿੱਖ ਮਨਾਂ 'ਚ ਨਹੀਂ ਉਤਰ ਰਿਹਾ ਅਤੇ ਅਕਾਲੀ ਸਫ਼ਾਂ 'ਚ ਵੀ ਬੇਚੈਨੀ ਅਤੇ ਵਿਰੋਧ ਪਾਇਆ ਜਾ ਰਿਹਾ ਹੈ। ਮੁਆਫ਼ੀਨਾਮੇ ਲਈ ਅਪਣਾਏ ਗਏ ਢੰਗ-ਤਰੀਕੇ ਅਤੇ ਕਾਹਲ ਬਾਰੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਭਾਵੇਂ ਅਕਾਲੀ ਦਲ ਨੇ ਪਾਰਟੀ ਨੂੰ ਲੱਗੇ ਖੋਰੇ ਦੇ ਨੁਕਸਾਨ ਦੀ ਭਰੋਤੀ ਲਈ ਪ੍ਰੇਮੀਆਂ ਨੂੰ ਨਾਲ ਗੰਢਣ ਲਈ ਇਹ ਫ਼ੈਸਲਾ ਕਰਵਾਇਆ ਲੱਗਦਾ ਹੈ, ਪਰ ਇਸ ਨਾਲ ਸਿੱਖ ਭਾਈਚਾਰੇ 'ਚ ਦੁਫੇੜ ਪੈਣ ਕਾਰਨ ਅਕਾਲੀ ਦਲ ਦੇ ਪੱਕੇ ਸਿੱਖ ਵੋਟ ਬੈਂਕ ਨੂੰ ਵੀ ਖੋਰਾ ਲੱਗ ਰਿਹਾ ਹੈ। ਨਾ ਕੇਵਲ ਪੰਥਕ, ਗਰਮ ਖਿਆਲੀਆਂ ਅਤੇ ਬਾਦਲ ਵਿਰੋਧੀ ਦਲ ਨੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ, ਸਗੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਅੰਦਰੋਂ ਵੀ ਵਿਰੋਧ ਦੀ ਤਿੱਖੀ ਸੁਰ ਉੱਠ ਰਹੀ ਹੈ। ਸੰਤ ਸਮਾਜ ਅਤੇ ਅਕਾਲੀ ਦਲ ਦਿੱਲੀ ਨੇ ਵੀ ਇਸ ਫ਼ੈਸਲੇ ਨੂੰ ਭੰਡਿਆ ਹੈ।
ਸੰਤ ਸਮਾਜ ਦੀ 5 ਮੈਂਬਰੀ ਕਾਰਜਕਾਰਨੀ 'ਚ ਸ਼ਾਮਲ ਤਿੰਨ ਵੱਡੇ ਆਗੂਆਂ ਮੀਤ ਪ੍ਰਧਾਨ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਕੱਤਰ ਜਨਰਲ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਜਨਰਲ ਸਕੱਤਰ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਆਗੂ ਭਾਈ ਹਰਨਾਮ ਸਿੰਘ ਧੁੰਨਾ ਨਾਲੋਂ ਵੱਖਰੀ ਸੁਰ ਕੱਢਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਮੁਆਫ਼ੀਨਾਮੇ ਨੂੰ ਰੱਦ ਕੀਤੇ ਜਾਣ ਤੋਂ ਬਿਨਾਂ ਉਨ੍ਹਾ ਨੂੰ ਕੁਝ ਵੀ ਪ੍ਰਵਾਨ ਨਹੀਂ ਹੈ। ਕਾਹਲੀ 'ਚ ਲਏ ਇਸ ਫ਼ੈਸਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ-ਉੱਚਤਾ ਅਤੇ ਸਿੰਘ ਸਾਹਿਬਾਨ ਦੇ ਮਾਨ-ਸਨਮਾਨ ਦੀ ਕਦਰ ਘਟਾਈ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਕਾਰ ਦਾਅ 'ਤੇ ਲਾ ਦਿੱਤਾ ਹੈ। ਮੁਆਫ਼ੀਨਾਮੇ ਵਿਰੁੱਧ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ 'ਚ ਉਠ ਰਹੀਆਂ ਸੁਰਾਂ ਨੇ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਕਈ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਮੁਆਫ਼ੀਨਾਮੇ ਦੀ ਪ੍ਰੋੜ੍ਹਤਾ ਲਈ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ 'ਚ ਜਬਰੀ ਮਤਾ ਪਾਸ ਕਰਵਾਇਆ ਗਿਆ ਸੀ ਅਤੇ ਮੈਂਬਰਾਂ ਨੂੰ ਠੰਡਾ ਰੱਖਣ ਅਤੇ ਸੰਭਲਣ ਦੀ ਬੇਨਤੀ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਇਸ ਮਤੇ ਵਿਰੁੱਧ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਮੁਆਫ਼ੀਨਾਮੇ ਦਾ ਵਿਰੋਧ ਕਰਨ ਦੇ ਨਾਲ-ਨਾਲ ਜਥੇਦਾਰ ਭੌਰ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਮਤਾ ਪਾਸ ਕਰਨ ਵਾਲੇ ਮੈਂਬਰਾਂ ਦਾ ਕੋਈ ਵਜੂਦ ਹੀ ਨਹੀਂ ਹੈ।
ਦਲ ਖਾਲਸਾ ਅਤੇ ਪੰਚ ਪ੍ਰਧਾਨੀ ਸਮੇਤ ਹੋਰ ਗਰਮ ਖਿਆਲੀਆਂ ਅਤੇ ਵਿਦੇਸ਼ਾਂ 'ਚ ਸਰਗਰਮ ਧਾਰਮਿਕ ਜਥੇਬੰਦੀਆਂ ਦੇ ਤਿੱਖੇ ਵਿਰੋਧ ਨੇ ਅਕਾਲੀ ਆਗੂਆਂ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ ਕਿ ਆਖਰ ਇਸ ਉਲਝਣ 'ਚੋਂ ਨਿਕਲਣ ਲਈ ਕਿਹੜਾ ਮਤਾ ਅਪਣਾਇਆ ਜਾਵੇ।
ਮੁਆਫ਼ੀਨਾਮੇ ਕਾਰਨ ਹੋਏ ਨੁਕਸਾਨ ਦੀ ਭਰੋਤੀ ਲਈ ਅਕਾਲੀ ਦਲ ਦੀ ਪੂਰੀ ਟੀਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਅਕਾਲੀ ਆਗੂਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹੇਠਲੀ ਪੱਧਰ 'ਤੇ ਲੋਕਾਂ ਨਾਲ ਮੇਲ-ਜੋਲ ਕਰਨ ਅਤੇ ਲੋਕਾਂ ਦੀ ਹਵਾ ਨੂੰ ਮੁਆਫ਼ੀਨਾਮੇ ਦੇ ਹੱਕ 'ਚ ਕੀਤਾ ਜਾਵੇ।
ਉੱਚ ਪੱਧਰੀ ਸੂਤਰਾਂ ਮੁਤਾਬਕ ਸਿੱਖ ਮਨਾਂ ਨੂੰ ਸ਼ਾਂਤ ਕਰਨ ਲਈ ਸਿੰਘ ਸਾਹਿਬਾਨ ਉੱਪਰ ਅਸਤੀਫ਼ੇ ਦੇਣ ਲਈ ਦਬਾਅ ਪੈ ਰਿਹਾ ਹੈ, ਕਿਉਂਕਿ ਮੁਆਫ਼ੀਨਾਮੇ ਨੂੰ ਰੱਦ ਕਰਨਾ ਹੁਣ ਵੱਸ ਦੀ ਗੱਲ ਨਹੀਂ ਰਹੀ ਹੈ ਕਿਉਂ ਕਿ ਇਸ ਨਾਲ ਉਲਝਣ ਹੋਰ ਵੱਧ ਸਕਦੀ ਹੈ।
ਭਾਵੇਂ ਮੁਆਫ਼ੀਨਾਮੇ 'ਤੇ ਵਿਚਾਰ ਕਰਨ ਤੇ ਮਸਲੇ ਦੇ ਹੱਲ ਲਈ ਕੋਈ ਰਾਹ ਕੱਢਣ ਲਈ ਧਾਰਮਿਕ ਆਗੂਆਂ ਤੇ ਸਿੱਖ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾਈ ਜਾ ਰਹੀ ਹੈ, ਪਰ ਇਸ ਕਮੇਟੀ ਕੋਲ ਵੀ ਦੋ ਰਾਹ ਹੀ ਹੋ ਸਕਦੇ ਹਨ; ਕਮੇਟੀ ਜਾਂ ਤਾਂ ਮੁਆਫ਼ੀਨਾਮੇ ਨੂੰ ਪ੍ਰਵਾਨ ਕਰੇ ਜਾਂ ਫੇਰ ਮੁਆਫ਼ੀਨਾਮੇ ਨੂੰ ਰੱਦ ਕਰਨ ਦਾ ਸੁਝਾਅ ਦੇਵੇ।
ਮੁਆਫ਼ੀਨਾਮੇ 'ਚ ਵਰਤੀ ਗਈ ਸ਼ਬਦਾਵਲੀ ਵੀ ਸਿੱਖ ਮਨਾਂ 'ਚ ਨਹੀਂ ਉਤਰ ਰਹੀ ਹੈ, ਕਿਉਂਕਿ ਇਸ ਵਿੱਚ ਮੁਆਫ਼ੀ ਸ਼ਬਦ ਦਾ ਕਿਤੇ ਜ਼ਿਕਰ ਨਹੀਂ ਹੈ ਅਤੇ ਇਹ ਮੁਆਫ਼ੀਨਾਮਾ ਪਹਿਲੇ ਮੁਆਫ਼ੀਨਾਮੇ ਨਾਲ ਲੱਗਭੱਗ ਰਲਦਾ-ਮਿਲਦਾ ਹੀ ਦਸਿਆ ਜਾਂਦਾ ਹੈ, ਜਿਸ ਨੂੰ ਉਸ ਵੇਲੇ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਰੱਦ ਕਰ ਦਿੱਤਾ ਸੀ।