ਪਾਟਕ ਦੀ ਦੰਦੀ ਉੱਤੇ ਕਾਂਗਰਸ ਪਾਰਟੀ


ਇਹ ਗੱਲ ਪਿਛਲੇ ਕਈ ਦਿਨਾਂ ਤੋਂ ਸੁਣੀ ਜਾ ਰਹੀ ਹੈ ਕਿ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਦੀ ਨੀਂਹ ਰੱਖਣ ਵਾਲਾ ਹੈ। ਉਸ ਨੇ ਆਪ ਇਹ ਗੱਲ ਅਜੇ ਤੱਕ ਨਹੀਂ ਕਹੀ, ਪਰ ਰੱਦ ਵੀ ਕਦੇ ਨਹੀਂ ਕਰਦਾ। ਸਾਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਇਸ ਮਾਮਲੇ ਵਿੱਚ ਬੁਰੀ ਤਰ੍ਹਾਂ ਪਾਟੀ ਹੋਈ ਹੈ। ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਪ੍ਰਤਾਪ ਸਿੰਘ ਕਈ ਦਿਨ ਚੁੱਪ ਵੱਟੀ ਰੱਖਣ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿਣ ਦੇ ਰਾਹ ਪੈ ਗਿਆ ਹੈ ਕਿ ਉਸ ਨੇ ਵੱਖਰੀ ਪਾਰਟੀ ਬਣਾਉਣੀ ਹੈ ਕਿ ਨਹੀਂ, ਇਸ ਬਾਰੇ ਸਥਿਤੀ ਸਾਫ਼ ਕਰੇ। ਕਾਂਗਰਸ ਦੀ ਕੇਂਦਰੀ ਕਮਾਨ ਅਜੇ ਤੱਕ ਵੀ ਇਸ ਬਾਰੇ ਕੁਝ ਨਹੀਂ ਬੋਲ ਰਹੀ। ਲੋਕ ਇਸ ਤੋਂ ਹੈਰਾਨ ਹਨ। ਜਿਹੜੀ ਗੱਲੋਂ ਲੋਕ ਹੈਰਾਨ ਹੋਈ ਜਾ ਰਹੇ ਹਨ, ਉਸ ਬਾਰੇ ਮੀਡੀਏ ਵਿਚਲੇ ਲੋਕਾਂ ਨੂੰ ਕੋਈ ਹੈਰਾਨੀ ਹੀ ਨਹੀਂ।
ਚੰਡੀਗੜ੍ਹ ਤੋਂ ਦਿੱਲੀ ਤੱਕ ਦਾ ਸਾਰਾ ਮੀਡੀਆ ਇਸ ਗੱਲ ਬਾਰੇ ਸਾਫ਼ ਹੈ ਕਿ ਕਾਂਗਰਸ ਪਾਰਟੀ ਦੀ ਅਜੋਕੀ ਹਾਈ ਕਮਾਨ ਅਸਲ ਵਿੱਚ ਕੋਈ ਕਮਾਨ ਹੀ ਨਹੀਂ। ਸੋਨੀਆ ਗਾਂਧੀ ਇਸ ਪਾਰਟੀ ਦੀ ਪ੍ਰਧਾਨ ਹੈ, ਪਰ ਪਾਰਟੀ ਦੇ ਸਮਾਗਮਾਂ ਅਤੇ ਬੈਠਕਾਂ ਦੀ ਪ੍ਰਧਾਨਗੀ ਕਰਨ ਤੋਂ ਸਿਵਾ ਉਸ ਦੀ ਪ੍ਰਧਾਨਗੀ ਦਾ ਕੋਈ ਅਰਥ ਨਹੀਂ। ਉਸ ਨੂੰ ਹੁਣ ਦਿੱਲੀ ਦੇ ਕੇਂਦਰੀ ਦਫ਼ਤਰ ਵਿੱਚ ਬਹੁਤਾ ਕੋਈ ਪੁੱਛਦਾ ਨਹੀਂ ਤੇ ਜਿਵੇਂ ਸੋਨੀਆ ਗਾਂਧੀ ਖ਼ੁਦ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਹੌਲੀ-ਹੌਲੀ ਕਮਾਨ ਸਾਂਭ ਲਵੇ, ਉਹੋ ਜਿਹਾ ਪ੍ਰਭਾਵ ਦਿੱਤਾ ਜਾ ਰਿਹਾ ਹੈ। ਇਹ ਵੀ ਸਿਰਫ਼ ਪ੍ਰਭਾਵ ਹੈ, ਉਂਜ ਅਸਲੀਅਤ ਇਹ ਹੈ ਕਿ ਪੁੱਤਰ ਰਾਹੁਲ ਗਾਂਧੀ ਵੀ ਪਾਰਟੀ ਨੂੰ ਚਲਾ ਨਹੀਂ ਰਿਹਾ, ਸਗੋਂ ਪਾਰਟੀ ਦੇ ਲੀਡਰਾਂ ਦੀ ਇੱਕ ਜੁੰਡੀ ਹੀ ਉਸ ਨੂੰ ਆਪਣੇ ਮਨੋਰਥਾਂ ਦੀ ਪੂਰਤੀ ਲਈ ਚਲਾਈ ਜਾਂਦੀ ਹੈ। ਇਹ ਜੁੰਡੀ ਇਸ ਵੇਲੇ ਦਿੱਲੀ ਵਿੱਚ ਕਾਂਗਰਸ ਦੇ ਅੰਦਰ ਓਨੀ ਹੀ ਬਦਨਾਮ ਹੈ, ਜਿੰਨੀ ਕਦੇ ਇੰਦਰਾ ਗਾਂਧੀ ਦੇ ਵਕਤ ਸੰਜੇ ਗਾਂਧੀ ਦੀ ਜੁੰਡੀ ਦੇ ਲੋਕ ਬਦਨਾਮ ਹੋਇਆ ਕਰਦੇ ਸਨ। ਸੰਜੇ ਗਾਂਧੀ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਸਨ, ਜਗਮੋਹਨ ਤੋਂ ਬੰਸੀ ਲਾਲ ਤੱਕ ਸਾਰੇ ਜਣੇ ਬਾਅਦ ਵਿੱਚ ਕਾਂਗਰਸ ਤੋਂ ਪਾਸਾ ਵੱਟ ਗਏ ਸਨ ਤੇ ਹੁਣ ਵਾਲੇ ਵੀ ਲਾਂਭੇ ਹਟ ਜਾਣਗੇ। ਪਿਛਲੇ ਸਾਲ ਹੋਈਆਂ ਪਾਰਲੀਮੈਂਟ ਚੋਣਾਂ ਵਿੱਚ ਭਾਜਪਾ ਟਿਕਟ ਉੱਤੇ ਜਿੱਤ ਕੇ ਜਿਹੜੇ ਕੁਝ ਲੋਕ ਕੇਂਦਰ ਦੇ ਮੰਤਰੀ ਜਾ ਬਣੇ ਹਨ, ਉਹ ਇਸ ਹੁਣ ਵਾਲੀ ਜੁੰਡੀ ਦੇ ਨਾਲ ਲੰਮਾ ਸਮਾਂ ਇੱਕ-ਮਿੱਕ ਹੋ ਕੇ ਚੱਲਦੇ ਰਹੇ ਸਨ।
ਕਾਫ਼ੀ ਲੰਮੇ ਅਰਸੇ ਤੋਂ ਪੰਜਾਬ ਦੀ ਕਾਂਗਰਸ ਪਾਰਟੀ ਇੱਕ ਏਦਾਂ ਦੇ ਇੰਚਾਰਜ ਦੇ ਬਸਤੇ ਵਿੱਚ ਹੈ, ਜਿਸ ਬਾਰੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਉਹ ਹਰ ਫ਼ੈਸਲਾ ਕਰਨ ਤੋਂ ਪਹਿਲਾਂ ਚੰਡੀਗੜ੍ਹੋਂ ਸਲਾਹ ਲੈਂਦਾ ਹੈ। ਸਭ ਨੂੰ ਪਤਾ ਹੈ ਕਿ ਜਦੋਂ ਪਿਛਲੀ ਵਾਰੀ ਵਿਧਾਨ ਸਭਾ ਚੋਣਾਂ ਹੋਈਆਂ ਸਨ, ਓਦੋਂ ਬਾਦਲ ਬਾਪ-ਬੇਟਾ ਪੰਜਾਬ ਭਰ ਦਾ ਅੱਧਾ ਚੱਕਰ ਕੱਟ ਚੁੱਕੇ ਸਨ ਅਤੇ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਦਿੱਲੀ ਤੋਂ ਜਾਰੀ ਨਹੀਂ ਸੀ ਹੋ ਰਹੀ। ਇਸ ਸੂਚੀ ਨੂੰ ਰੋਜ਼ ਫੋਲਾ-ਫਾਲੀ ਕਰ ਕੇ ਅਗਲੇ ਦਿਨ ਲਈ ਜਿਹੜਾ ਬੰਦਾ ਰੱਖ ਦੇਂਦਾ ਰਿਹਾ ਸੀ, ਪੰਜਾਬ ਕਾਂਗਰਸ ਦੀ ਹਾਰ ਓਸੇ ਨੇ ਯਕੀਨੀ ਬਣਾਈ ਸੀ। ਉਹ ਬੰਦਾ ਅੱਜ ਤੱਕ ਪੰਜਾਬ ਦੀ ਕਾਂਗਰਸ ਨੂੰ ਚੱਲਣ ਨਹੀਂ ਦੇ ਰਿਹਾ।
ਕੈਪਟਨ ਅਮਰਿੰਦਰ ਸਿੰਘ ਨੇ ਬਿਨਾਂ ਸ਼ੱਕ ਅਜੇ ਤੱਕ ਇਹ ਨਹੀਂ ਕਿਹਾ ਕਿ ਉਸ ਨੇ ਵੱਖਰੀ ਪਾਰਟੀ ਬਣਾ ਲੈਣੀ ਹੈ, ਪਰ ਇਹ ਗੱਲ ਰੱਦ ਵੀ ਕਦੇ ਨਹੀਂ ਕਰਦਾ। ਉਸ ਦੇ ਘਰ ਡਿਨਰ ਅਤੇ ਲੰਚ ਕਰਨ ਤੋਂ ਬਾਅਦ ਜਿਹੜੇ ਵਿਧਾਇਕ ਇਹ ਕਹਿੰਦੇ ਹਨ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਵੱਖਰੀ ਪਾਰਟੀ ਬਣਾ ਲਈ ਤਾਂ ਉਹ ਉਸ ਦਾ ਸਾਥ ਦੇਣਗੇ, ਉਹ ਬਿਨਾਂ ਕਾਰਨ ਏਦਾਂ ਨਹੀਂ ਕਹਿ ਸਕਦੇ। ਸਾਫ਼ ਹੈ ਕਿ ਕੁਝ ਨਾ ਕੁਝ ਗੱਲ ਓਥੇ ਲੰਚ ਕਰਨ ਦੇ ਵਕਤ ਚੱਲੀ ਹੋਵੇਗੀ। ਅਮਰਿੰਦਰ ਸਿੰਘ ਦੀ ਇੱਕ ਇੰਟਰਵਿਊ ਵੀ ਚਰਚਾ ਵਿੱਚ ਹੈ। ਉਸ ਨੇ ਪਿਛਲੇ ਦਿਨੀਂ ਜਦੋਂ ਵਿਦੇਸ਼ ਦੌਰੇ ਲਈ ਰਵਾਨਾ ਹੋਣਾ ਸੀ, ਇੱਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਦੇ ਬਾਰੇ ਕਹੀਆਂ ਸਨ, ਉਹ ਕਹਿਣ ਤੋਂ ਪਹਿਲਾਂ ਉਸ ਨੇ ਪਾਰਟੀ ਛੱਡਣ ਬਾਰੇ ਮਨ ਬਣਾ ਲਿਆ ਹੋਵੇਗਾ। ਮੀਡੀਆ ਉਸੇ ਦਿਨ ਦਾ ਇਹ ਮੰਨ ਕੇ ਚੱਲ ਰਿਹਾ ਹੈ ਕਿ ਨਵੀਂ ਪਾਰਟੀ ਉਸ ਨੇ ਬਣਾ ਲੈਣੀ ਹੈ।
ਤਾਜ਼ਾ ਖ਼ਬਰਾਂ ਇਹ ਕਹਿੰਦੀਆਂ ਹਨ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਇੱਕ ਮੀਟਿੰਗ ਹੋਰ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦਾ ਇੱਕ ਹੀਲਾ ਕਰਨ ਵਾਲੀ ਹੈ। ਹੀਲਾ ਤਾਂ ਉਹ ਕਰ ਸਕਦੀ ਹੈ, ਪਰ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਜਿਹੜੀ ਇੱਕ ਜੁੰਡੀ ਕਾਂਗਰਸ ਵਿੱਚ ਰਹਿ ਕੇ ਉਸ ਦੇ ਵਿਰੋਧੀਆਂ ਦਾ ਕੰਮ ਕਰਦੀ ਹੈ, ਉਸ ਜੁੰਡੀ ਤੋਂ ਪਾਸਾ ਵੱਟ ਕੇ ਸੋਨੀਆ ਗਾਂਧੀ ਕੋਈ ਫ਼ੈਸਲਾ ਨਹੀਂ ਕਰ ਸਕਦੀ। ਉਹ ਜੁੰਡੀ ਏਨੇ ਜ਼ੋਰ ਵਾਲੀ ਹੈ ਕਿ ਓਸੇ ਦੇ ਅੱਧੇ ਮੈਂਬਰ ਸੋਨੀਆ ਗਾਂਧੀ ਦੇ ਸਲਾਹਕਾਰ ਬਣੇ ਹੋਏ ਹਨ ਅਤੇ ਬਾਕੀ ਅੱਧੇ ਰਾਹੁਲ ਗਾਂਧੀ ਦੇ ਚਾਟੜੇ ਬਣ ਕੇ ਉਸ ਕੋਲੋਂ ਆਪਣੀ ਮਾਤਾ ਦੇ ਫ਼ੈਸਲੇ ਪਲਟਾ ਕੇ ਸਥਿਤੀ ਹਾਸੋਹੀਣੀ ਬਣਾ ਛੱਡਦੇ ਹਨ। ਸੋਨੀਆ ਤੇ ਰਾਹੁਲ ਦੋਵੇਂ ਮਾਂ-ਪੁੱਤਰ ਇਹ ਸਮਝਦੇ ਹਨ ਕਿ ਪਾਰਟੀ ਨੂੰ ਅਸੀਂ ਚਲਾਉਂਦੇ ਹਾਂ, ਅਸਲੀਅਤ ਇਹੀ ਹੈ ਕਿ ਉਹ ਦੋਵੇਂ ਹੁਣ ਇਸ ਪਾਰਟੀ ਨੂੰ ਨਹੀਂ ਚਲਾਉਂਦੇ, ਸਗੋਂ ਪਾਰਟੀ ਦੇ ਅੰਦਰਲੀ ਜੁੰਡੀ ਉਨ੍ਹਾਂ ਨੂੰ ਚਲਾ ਰਹੀ ਹੈ। ਪਾਰਲੀਮੈਂਟ ਚੋਣਾਂ ਵਿੱਚ ਪਾਰਟੀ ਦੀ ਹਰ ਰਣਨੀਤੀ ਅਤੇ ਹਰ ਪੈਂਤੜਾ ਭਾਜਪਾ ਕੋਲ ਅਗੇਤਾ ਚਲਾ ਜਾਂਦਾ ਸੀ ਤੇ ਪੰਜਾਬ ਨਾਲ ਸੰਬੰਧਤ ਹਰ ਰਣਨੀਤੀ ਪਾਸ ਹੋਣ ਤੋਂ ਪਹਿਲਾਂ ਚੰਡੀਗੜ੍ਹ ਨੂੰ ਫੋਨ ਘੁੰਮਾਏ ਜਾਂਦੇ ਸਨ।
ਇਹੋ ਜਿਹੇ ਹਾਲਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਵਕਤ ਨਵੀਂ ਪਾਰਟੀ ਬਣਾ ਸਕਦਾ ਹੈ ਤੇ ਇਸ ਤੋਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਉਸ ਤੋਂ ਸਪੱਸ਼ਟੀਕਰਨ ਮੰਗਣ ਵਾਲਿਆਂ ਦੇ ਆਪਣੇ ਪੱਲੇ ਕੁਝ ਨਹੀਂ ਲੱਗ ਰਿਹਾ। ਪਾਰਟੀ ਦਾ ਵੱਡਾ ਹਿੱਸਾ ਇਸ ਵੇਲੇ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜਾ ਹੈ। ਅਗਲੇ ਦਿਨਾਂ ਵਿੱਚ ਸੋਨੀਆ ਗਾਂਧੀ ਕੋਈ ਫ਼ੈਸਲਾ ਲੈ ਕੇ ਪੰਜਾਬ ਵਿੱਚ ਪਾਰਟੀ ਨੂੰ ਪਾਟਕ ਤੋਂ ਬਚਾ ਸਕਦੀ ਹੈ, ਪਰ ਇਹ ਫ਼ੈਸਲਾ ਲੈਣ ਦੀ ਹਿੰਮਤ ਉਸ ਤੋਂ ਨਹੀਂ ਕੀਤੀ ਜਾ ਸਕਣੀ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਇਹੋ ਤ੍ਰਾਸਦੀ ਹੈ। ਪਾਟਕ ਦੇ ਕੰਢੇ ਖੜੀ ਪਾਰਟੀ ਦਾ ਇਹ ਹਸ਼ਰ ਜੇ ਹੋ ਗਿਆ ਤਾਂ ਪੰਜਾਬ ਤੱਕ ਸੀਮਤ ਨਹੀਂ ਰਹਿ ਸਕਣਾ।