ਡੇਰਾ ਮੁਖੀ ਦੀ ਮੁਆਫੀ ਨੂੰ ਲੈ ਕੇ ਤਖਤਾਂ ਦੇ ਜਥੇਦਾਰ ਸਕਤੇ 'ਚ

ਦੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ 24 ਸਤੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਭਾਵੇਂ ਆਮ ਮੁਆਫੀ ਦੇ ਦਿੱਤੀ ਗਈ, ਪਰ ਪੰਥਕ ਜਥੇਬੰਦੀਆਂ ਵਿੱਚ ਇਸ ਮੁਆਫੀ ਲੈ ਕੇ ਜਿਹੜਾ ਕੌਮਾਂਤਰੀ ਪੱਧਰ 'ਤੇ ਰੋਸ ਪ੍ਰਗਟਾਇਆ ਗਿਆ, ਉਸ ਨੇ ਤਖਤਾਂ ਦੇ ਜਥੇਦਾਰਾਂ ਤੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਤਖਤਾਂ ਦੇ ਜਥੇਦਾਰ ਦੁਬਿਧਾ ਵਿੱਚ ਹਨ ਤੇ ਆਮ ਸੰਗਤਾਂ ਨੂੰ ਮਿਲਣ ਤੋਂ ਕੰਨੀਂ ਕਤਰਾ ਰਹੇ ਹਨ, ਜਦ ਕਿ ਪੰਜਾਬ ਸਰਕਾਰ ਚਿੰਤਤ ਹੈ। ਡੇਰਾ ਮੁਖੀ ਨੂੰ ਮੁਆਫੀ ਦੇ ਫੈਸਲੇ ਦੀ ਕਾਪੀ ਹਾਲੇ ਪੱਤਰਕਾਰ ਭਾਈਚਾਰੇ ਕੋਲ ਪੁੱਜੀ ਹੀ ਸੀ ਕਿ ਵੱਟਸ ਅੱਪ ਨੇ ਤਖਤਾਂ ਦੇ ਜਥੇਦਾਰਾਂ ਨੂੰ ਪਾਣੀ ਪੀ-ਪੀ ਕੇ ਕੋਸਦਿਆਂ ਕੌਮਾਂਤਰੀ ਪੱਧਰ 'ਤੇ ਸਿੱਖ ਭਾਈਚਾਰੇ ਨੇ ਇਸ ਕਦਰ ਵਿਰੋਧ ਸ਼ੁਰੂ ਕਰ ਦਿੱਤਾ ਕਿ ਜਥੇਦਾਰਾਂ ਨੂੰ ਕਈ ਦਿਨ ਆਪਣੇ ਫੋਨ ਬੰਦ ਰੱਖਣੇ ਪਏ। ਤਖਤਾਂ ਦੇ ਜਥੇਦਾਰ ਕੁਝ ਸਮਾਂ ਗੁਪਤਵਾਸ ਵੀ ਰਹੇ ਤੇ ਪੰਜਾਬ ਸਰਕਾਰ ਦੇ ਗੁਪਤਚਰ ਵਿਭਾਗ ਨੇ ਇਹ ਵੀ ਸ਼ੰਕਾ ਪ੍ਰਗਟ ਕਰ ਦਿੱਤੀ ਕਿ ਜਥੇਦਾਰਾਂ 'ਤੇ ਕਿਸੇ ਵੀ ਪ੍ਰਕਾਰ ਦਾ ਹਮਲਾ ਹੋ ਸਕਦਾ ਹੈ। ਤਖਤਾਂ ਦੇ ਜਥੇਦਾਰਾਂ ਨੂੰ ਇੱਕ ਇੱਕ ਸਰਕਾਰੀ ਐਸਕਾਰਟ ਵਹੀਕਲ ਦੇ ਕੇ ਉਹਨਾਂ ਦੇ ਸੁਰੱਖਿਆ ਕਰਮਚਾਰੀਆ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਕਰ ਦਿੱਤਾ ਗਿਆ। 10 ਦਿਨ ਬੀਤ ਜਾਣ ਦੇ ਬਾਵਜੂਦ ਰੋਹ ਮੱਠਾ ਨਹੀਂ ਹੋਇਆ ਤੇ ਹਾਲੇ ਵੀ ਜਥੇਦਾਰਾਂ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।ਸਾਰੀ ਸਥਿਤੀ ਭਾਂਪਦਿਆਂ ਪੰਜਾਬ ਵਿਚਲੇ ਤਿੰਨ ਤਖਤਾਂ ਦੇ ਜਥੇਦਾਰਾਂ ਬਾਰੇ ਤਾਂ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਖੁਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਸਤੀਫੇ ਦੇਣ ਦੀ ਪੇਸ਼ਕਸ਼ ਕੀਤੀ ਹੈ, ਪਰ ਉਹਨਾਂ ਇਹ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਸਮੁੱਚੀ ਸਰਕਾਰ ਤੇ ਹੋਰ ਤਾਣਾ-ਬਾਣਾ ਉਹਨਾਂ ਦੇ ਨਾਲ ਲੋਹੇ ਦੀ ਲੱਠ ਵਾਂਗ ਖੜਾ ਹੈ। ਜਾਣਕਾਰੀ ਅਨੁਸਾਰ ਜਥੇਦਾਰਾਂ ਦੀ ਨੈਤਿਕਤਾ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਸ਼੍ਰੋਮÎਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਜਥੇਦਾਰਾਂ ਨਾਲ ਵਿਸ਼ੇਸ਼ ਮੀਟਿੰਗਾਂ ਕਰਕੇ ਉਹਨਾ ਨੂੰ ਹੌਸਲਾ ਦੇਣ ਲਈ ਕਿਹਾ, ਪਰ ਜਥੇਦਾਰ ਜਿੱਥੇ ਹੌਸਲਾ ਢਾਹੀ ਬੈਠੇ ਹਨ, ਉਥੇ ਉਹ ਅਸਤੀਫੇ ਦੇਣ ਨੂੰ ਲੈ ਕੇ ਦੁਚਿੱਤੀ ਵਿੱਚ ਹਨ। ਸ੍ਰੀ ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਡਿਊਟੀ ਲਾਈ ਹੈ ਕਿ ਉਹ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਕਿ ਉਹਨਾ ਦੀ ਕਿਹੜੇ-ਕਿਹੜੇ ਵਿਅਕਤੀ ਨਾਲ ਮੁਲਾਕਾਤ ਹੁੰਦੀ ਹੈ। ਇਸੇ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਸ੍ਰੀ ਬਾਦਲ ਨੇ ਉਹਨਾਂ ਦੇ ਸੱਜੇ ਲੈਫਟੀਨੈਂਟ ਮੰਨੇ ਜਾਂਦੇ ਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਹਦਾਇਤ ਕੀਤੀ ਹੈ। ਇਸੇ ਤਰ੍ਹਾਂ ਅਮਰਜੀਤ ਸਿੰਘ ਚਾਵਲਾ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ 'ਤੇ ਨਿਗ੍ਹਾ ਰੱਖਣ ਲਈ ਆਦੇਸ਼ ਜਾਰੀ ਕੀਤੇ ਗਏ ਹਨ।
ਸੰਗਤਾਂ ਦੇ ਵਿਰੋਧ ਨੂੰ ਲੈ ਕੇ ਜਿਥੇ ਜਥੇਦਾਰ ਕਸੂਤੇ ਫਸੇ ਮਹਿਸੂਸ ਕਰ ਰਹੇ ਹਨ, ਉਥੇ ਪੰਜਾਬ ਸਰਕਾਰ ਵੀ ਕਾਫੀ ਚਿੰਤਤ ਹੈ ਤੇ ਇਸ ਕੜੀ ਦੇ ਤਹਿਤ ਹੀ ਡੇਰਾ ਮੁਖੀ ਦੇ ਮੁੱਖ ਪ੍ਰਬੰਧਕ ਨੇ ਬਿਆਨ ਦਾਗ ਦਿੱਤਾ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਤੇ ਖਿਮਾ ਜਾਚਨਾ ਕਰਨ ਲਈ ਜਾਣਗੇ, ਜਿਸ ਨੂੰ ਲੈ ਕੇ ਸੰਗਤਾਂ ਵਿੱਚ ਨਵੀਂ ਚਰਚਾ ਛਿੜ ਗਈ ਹੈ, ਪਰ ਪੰਥਕ ਪੰਡਤਾਂ ਦਾ ਮੰਨਣਾ ਹੈ ਕਿ ਡੇਰਾ ਮੁਖੀ ਦੇ ਮੱਥਾ ਟੇਕਣ ਉਪਰੰਤ ਕੁਝ ਹੱਦ ਤੱਕ ਸ਼ਾਂਤੀ ਹੋ ਜਾਵੇਗੀ, ਕਿਉਂਕਿ ਜਦੋਂ ਰਾਧਾ ਸੁਆਮੀਆਂ ਵੱਲੋਂ ਇੱਕ ਗੁਰਦੁਆਰਾ ਢਾਹਿਆ ਗਿਆ ਸੀ ਤੇ ਮੱਕੜ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਬਿਆਨ ਦੇ ਦਿੱਤਾ ਸੀ ਕਿ ਇਹ ਇਤਿਹਾਸਕ ਗੁਰਦੁਆਰਾ ਨਹੀਂ ਹੈ, ਇਸ ਲਈ ਢਾਹਿਆ ਜਾ ਸਕਦਾ ਹੈ, ਜਿਸ ਦਾ ਸੰਗਤਾਂ ਨੇ ਡਟ ਕੇ ਵਿਰੋਧ ਕੀਤਾ ਸੀ ਤੇ ਪੰਥਕ ਜਥੇਬੰਦੀਆਂ ਨੇ ਵਿਰੋਧ ਜਾਰੀ ਰੱਖਿਆ। ਅਖੀਰ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੰਥਕ ਜਥੇਬੰਦੀਆਂ ਨਾਲ ਸਮਝੌਤਾ ਕਰ ਲਿਆ। ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕ ਕੇ ਸਾਰੀਆਂ ਉਹ ਸ਼ੰਕਾਵਾਂ ਦੂਰ ਕਰ ਦਿੱਤੀਆਂ, ਜਿਹੜੀਆਂ ਕੁਝ ਪੰਥਕ ਜਥੇਬੰਦੀਆਂ ਵਿੱਚ ਪਾਈਆ ਜਾ ਰਹੀਆਂ ਸਨ। ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਹੁਣ ਡਰਾ ਮੁਖੀ ਵੀ ਸਿੱਖ ਪੰਥ ਦੀ ਪਰੰਪਰਾ ਨੂੰ ਪ੍ਰਵਾਨ ਕਰਦਿਆਂ ਅਜਿਹੀ ਹੀ ਕੋਈ ਰਣਨੀਤੀ ਅਪਣਾਏਗਾ ਤੇ ਆਪਣੇ ਡੇਰੇ ਨੂੰ ਵਧਦਾ-ਫੁਲਦਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਆਪਣੇ ਡੇਰੇ ਵਿੱਚ ਲਾਗੂ ਕਰਕੇ ਨਵਾਂ ਇਤਿਹਾਸ ਸਿਰਜੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡੇਰਾ ਮੁਖੀ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਜਾਚਨਾ ਦੀ ਅਰਦਾਸ ਕਰਨ ਉਪਰੰਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਵੀ ਕਰੇਗਾ ਤੇ ਭਰੋਸਾ ਦਿਵਾਏਗਾ ਕਿ ਭਵਿੱਖ ਵਿੱਚ ਕੋਈ ਅਜਿਹੀ ਘਟਨਾ ਨਹੀਂ ਵਾਪਰੇਗੀ, ਜਿਹੜੀ ਪੰਥਕ ਰਵਾਇਤਾਂ ਨੂੰ ਠੇਸ ਪਹੁੰਚਾਉਣ ਵਾਲੀ ਹੋਵੇਗੀ। ਡੇਰਾ ਮੁਖੀ ਦੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਉਪਰੰਤ ਬਾਕੀ ਵਿਗੜੇ ਸਾਧਾਂ ਦੇ ਵੀ ਅਕਾਲ ਤਖਤ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਨ ਦੀ ਆਸ ਹੈ, ਜਿਹਨਾਂ ਵਿੱਚ ਨਿਰੰਕਾਰੀ ਸੰਪਰਦਾ ਦੇ ਲੋਕ ਵੀ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਦੀਆਂ ਨਲਾਇਕੀਆਂ ਕਾਰਨ ਸਾਧ ਲਾਣਾ ਪੈਦਾ ਹੋਇਆ ਸੀ ਤੇ ਅੱਜ ਇਹ ਲਾਣਾ ਸਿੱਖ ਸੰਗਤਾਂ ਦੇ ਵਿਰੋਧ ਨੂੰ ਲੈ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਰਿਹਾ ਹੈ। ਫਿਰ ਵੀ ਤਖਤਾਂ ਦੇ ਜਥੇਦਾਰਾਂ ਦੀ ਇਸ ਵੇਲੇ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ, ਜਿਹੜੀ ਕਿਸੇ ਵੇਲੇ ਵੀ ਸਰਕਾਰ ਲਈ ਕੋਈ ਨਵੀਂ ਸਿਰਦਰਦੀ ਖੜੀ ਕਰ ਸਕਦੀ ਹੈ।