ਚਾਰ ਖੱਬੀਆਂ ਪਾਰਟੀਆਂ ਦੀ ਸੂਬਾਈ ਤਾਲਮੇਲ ਕਮੇਟੀ ; 12 ਨੂੰ ਜ਼ਿਲ੍ਹਾ ਪੱਧਰੀ ਮੁਜ਼ਾਹਰਿਆਂ ਦਾ ਐਲਾਨ

ਚਾਰ ਖੱਬੀਆਂ ਪਾਰਟੀਆਂ ਦੀ ਸੂਬਾਈ ਤਾਲਮੇਲ ਕਮੇਟੀ ਨੇ ਤਬਾਹ ਹੋਏ ਨਰਮਾ, ਬਾਸਮਤੀ, ਗੰਨਾ ਉਤਪਾਦਕਾਂ ਪ੍ਰਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਠੋਰ ਅਤੇ ਜ਼ਲਾਲਤ ਭਰੇ ਵਤੀਰੇ ਦੀ ਸਖਤ ਨਿੰਦਾ ਕਰਦਿਆਂ ਅਤੇ ਨਾਲ ਹੀ ਉਚਿਤ ਮੁਆਵਜ਼ੇ ਤੇ ਲਾਹੇਵੰਦ ਭਾਅ ਲਈ ਸੰਘਰਸ਼ਸ਼ੀਲ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਸਾਨੀ ਖਾਸ ਕਰ ਨਰਮਾ, ਬਾਸਮਤੀ ਤੇ ਗੰਨਾਂ ਉਤਪਾਦਕਾਂ ਦੀਆਂ ਮੰਗਾਂ ਲਈ 12 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਧਰਨੇ ਤੇ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ। ਚਾਰ ਖੱਬੀਆਂ ਪਾਰਟੀਆਂ- ਸੀ.ਪੀ.ਆਈ, ਸੀ.ਪੀ.ਆਈ (ਐੱਮ) ਸੀ.ਪੀ.ਐੱਮ ਪੰਜਾਬ ਅਤੇ ਸੀ.ਪੀ.ਆਈ (ਐੱਮ.ਐੱਲ) ਲਿਬਰੇਸ਼ਨ ਦੀ ਸੂਬਾਈ ਤਾਲਮੇਲ ਕਮੇਟੀ ਦੀ ਮੀਟਿੰਗ ਚੀਮਾ ਭਵਨ ਵਿਖੇ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਦੀ ਪ੍ਰਧਾਨਗੀ ਹੈਠ ਹੋਈ।
ਇਸ ਮੀਟਿੰਗ ਵਿੱਚ ਸੀ.ਪੀ.ਆਈ ਵੱਲੋਂ ਸਰਵ ਸਾਥੀ ਹਰਦੇਵ ਸਿੰਘ ਅਰਸ਼ੀ, ਡਾਕਟਰ ਜੋਗਿੰਦਰ ਦਿਆਲ, ਭੁਪਿੰਦਰ ਸਾਂਬਰ, ਬੰਤ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ, ਸੀ.ਪੀ.ਆਈ (ਐੱਮ) ਵੱਲੋਂ ਚਰਨ ਸਿੰਘ ਵਿਰਦੀ, ਵਿਜੈ ਮਿਸ਼ਰਾ, ਰਘੁਨਾਥ ਸਿੰਘ ਅਤੇ ਰਣਵੀਰ ਸਿੰਘ ਵਿਰਕ, ਸੀ.ਪੀ.ਐੱਮ ਪੰਜਾਬ ਵੱਲੋਂ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਸੀ.ਪੀ. ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਗੁਰਮੀਤ ਸਿੰਘ ਬਖਤਪੁਰ, ਸੁਖਦਰਸ਼ਨ ਨੱਤ ਅਤੇ ਬਲਕਰਨ ਸਿੰਘ ਸ਼ਾਮਲ ਹੋਏ। ਮੋਦੀ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਖਾਸ ਕਰ ਕਿਸਾਨਾਂ ਤੇ ਨੌਜਵਾਨਾਂ ਵਿੱਚ ਵੱਧ ਰਹੀ ਤੰਗੀ ਅਤੇ ਬੇਚੈਨੀ ਉਪਰ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸੂਬਾਈ ਤਾਲਮੇਲ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸ ਵੱਲੋਂ 15 ਨੁਕਾਤੀ ਮੰਗ ਪੱਤਰ ਦੀ ਪ੍ਰਾਪਤੀ ਲਈ ਚਲਾਏ ਜਾ ਰਹੇ ਸੰਘਰਸ-ਮਿਸ਼ਨ 2016 ਨੂੰ ਹੋਰ ਵਿਸ਼ਾਲ ਅਧਾਰ ਵਾਲਾ ਤੇ ਤਿੱਖਾ ਕੀਤਾ ਜਾਵੇ। ਇਸ ਨੇ ਫੈਸਲਾ ਕੀਤਾ ਹੈ ਕਿ 6 ਨਵੰਬਰ 2015 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਸੂਬਾਈ ਕਨਵੈਨਸ਼ਨ ਕੀਤੀ ਜਾਵੇ, ਜਿਹੜੀ ਇਸ ਪੜਾਅਵਾਰ ਸੰਘਰਸ਼-ਮਿਸ਼ਨ 2016 ਦਾ ਅਗਲਾ ਪ੍ਰੋਗਰਾਮ ਤੈਅ ਕਰੇ, ਜਿਸ ਵਿੱਚ ਗ੍ਰਿਫਤਾਰੀਆਂ ਦੇਣ ਆਦਿ ਵਾਸਤੇ ਵਾਲੰਟੀਅਰ ਭਰਤੀ ਕਰਨਾ ਵੀ ਸ਼ਮਲ ਹੋਵੇਗਾ। ਲੋਕਾਂ ਦੀਆਂ ਭਖਦੀਆ ਮੰਗਾਂ 'ਤੇ ਮੁੱਦੇ ਜ਼ਰੂਰੀ ਵਸਤਾਂ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੂੰ ਕਾਬੂ ਕਰਨਾ, ਬੇਰੁਜ਼ਗਾਰੀ, ਡਰੱਗ ਮਾਫੀਆ ਸਮੇਤ ਰੇਤ, ਬੱਜਰੀ, ਕੇਬਲ, ਟਰਾਂਸਪੋਰਟ ਤੇ ਭੂਮੀ ਹੜੱਪ ਮਾਫੀਏ ਨੂੰ ਨੱਥ ਪਾਉਣ, ਖੇਤੀ ਸੰਕਟ ਤੇ ਵਧ ਰਹੀਆਂ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ, ਬੇਘਰਿਆਂ ਲਈ ਘਰਾਂ ਲਈ 10 ਮਰਲੇ ਦੇ ਪਲਾਟ, ਮਨਰੇਗਾ ਮਜ਼ਦੂਰਾਂ ਦੇ ਬਕਾਏ ਅਦਾ ਕਰਨਾ, ਸਸਤੀਆਂ ਸਿਹਤ ਸਹੂਲਤਾਂ, ਬੁਢਾਪਾ ਪੈਨਸ਼ਨ ਘੱਟੋ-ਘੱਟ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨਾ ਅਤੇ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ ਕਰਨਾ ਆਦਿ ਹਨ।
ਤਾਲਮੇਲ ਕਮੇਟੀ ਨੇ ਕੋਲਕਤਾ ਵਿਖੇ ਪਹਿਲੀ ਅਕਤੂਬਰ ਨੂੰ ਖੱਬੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਉਪਰ ਵਹਿਸ਼ੀ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ ਜਿਹੜੇ ਕਿ ਪਛਮੀ ਬੰਗਾਲ ਵਿੱਚ ਜਮਹੂਰੀ ਅਧਿਕਾਰਾਂ ਦੀ ਬਹਾਲੀ ਲਈ ਪੁਰਅਮਨ ਰੋਸ ਪਰਦਸ਼ਨ ਕਰ ਰਹੇ ਸਨ, ਜਿਸ ਵਿੱਚ 200 ਤੋਂ ਵੱਧ ਜ਼ਖਮੀ ਹੋ ਗਏ ਸਨ।
ਤਾਲਮੇਲ ਕਮੇਟੀ ਨੇ ਦਾਦਰੀ (ਯੂ-ਪੀ) ਵਿੱਚ ਵਾਪਰੀ ਹੌਲਨਾਕ ਘਟਨਾ ਦੀ ਵੀ ਸਖਤ ਨਿੰਦਾ ਕੀਤੀ ਹੈ, ਜਿਸ ਵਿੱਚ ਮੁਹੰਮਦ ਇਖਲਾਕ ਕਤਲ ਕਰ ਦਿੱਤਾ ਗਿਆ ਅਤੇ ਉਸਦਾ ਲੜਕਾ ਅਤਿ ਗੰਭੀਰ ਰੂਪ'ਚ ਜ਼ਖ਼ਮੀ ਕਰ ਦਿੱਤਾ। ਮੁਸਲਮਾਨ ਘਰ ਵਿੱਚ ਗਊ ਦਾ ਮਾਸ ਹੋਣ ਦਾ ਬਹਾਨਾ ਬਣਾ ਕੇ ਘਰ ਉਪਰ ਫਿਰਕੂ ਜਨੂੰਨੀ ਹਜ਼ੂਮ ਵੱਲੋਂ ਕੀਤੇ ਇਸ ਹਮਲੇ ਦਾ ਘਿਨਾਉਣਾ ਮੰਤਵ ਫਿਰਕੂ ਧਰੁਵੀਕਰਨ ਤੇਜ਼ ਕਰਨਾ ਹੈ।