ਲੁਟੇਰਿਆਂ ਨੇ ਹਮੀਰਾ ਮਿੱਲ ਦੀ ਕੈਸ਼ ਵੈਨ ਲੁੱਟੀ

ਹਮੀਰਾ ਸਥਿਤ ਸ਼ਰਾਬ ਬਣਾਉਣ ਵਾਲੀ ਪ੍ਰਸਿੱਧ ਕੰਪਨੀ ਹਮੀਰਾ ਮਿੱਲ ਦੀ ਕੈਸ਼ ਵੈਨ ਨੂੰ ਸੋਮਵਾਰ ਸਵੇਰੇ ਲੁਟੇਰਿਆਂ ਨੇ ਲੁੱਟ ਲਿਆ। ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਲੁਟੇਰਿਆਂ ਨੇ ਗੋਲੀਆਂ ਵੀ ਚਲਾਈਆਂ। ਮਿੱਲ ਦੇ ਕੈਸ਼ੀਅਰ ਨੇ ਨਗਦ ਰਾਸ਼ੀ ਲੈ ਕੇ ਝਾੜੀਆਂ 'ਚ ਲੁਕਣ ਦਾ ਯਤਨ ਕੀਤਾ, ਪ੍ਰੰਤੂ ਲੁਟੇਰਿਆਂ ਨੇ ਉਸ ਦੇ ਸਿਰ 'ਤੇ ਪਿਸਤੌਲ ਦਾ ਬੱਟ ਮਾਰ ਕੇ 1.80 ਲੱਖ ਰੁਪਏ ਖੋਹ ਲਏ, ਜਦੋਂ ਕਿ 20 ਹਜ਼ਾਰ ਰੁਪਏ ਦੀ ਭਾਨ ਲੁਟੇਰੇ ਕੈਸ਼ ਵੈਨ 'ਚੋਂ ਲੈ ਕੇ ਜਾਣ 'ਚ ਅਸਫ਼ਲ ਰਹੇ। ਜਾਣਕਾਰੀ ਅਨੁਸਾਰ ਜਗਤਜੀਤ ਇੰਡਸਟਰੀ ਹਮੀਰਾ ਦੀ ਕੈਸ਼ ਵੈਨ ਕਰਤਾਰਪੁਰ ਦੀ ਐੱਚ ਡੀ ਐੱਫ਼ ਸੀ ਬੈਂਕ 'ਚੋਂ 2 ਲੱਖ ਰੁਪਿਆ ਕਢਵਾ ਕੇ ਹਮੀਰਾ ਲੈ ਕੇ ਜਾ ਰਹੀ ਸੀ ਕਿ ਜੀ ਟੀ ਰੋਡ ਸਥਿਤ ਵ੍ਹਾਈਟ ਸਪੋਰਟ ਹੋਟਲ ਦੇ ਨੇੜੇ ਇੱਕ ਸਕਾਰਪੀਓ ਕਾਰ ਅਤੇ ਇੱਕ ਮੋਟਰ ਬਾਈਕ 'ਤੇ ਸਵਾਰ ਕੁੱਲ ਛੇ ਲੁਟੇਰਿਆਂ ਨੇ ਇਸ ਨੂੰ ਘੇਰ ਲਿਆ ਅਤੇ ਹਵਾ 'ਚ ਗੋਲੀਆਂ ਚਲਾਈਆਂ।
ਜਿਉਂ ਹੀ ਡਰਾਈਵਰ ਨੇ ਕੈਸ਼ ਵੈਨ ਰੋਕੀ, ਕੈਸ਼ੀਅਰ ਰਮਨ ਕੁਮਾਰ ਰਕਮ ਵਾਲੇ ਲਿਫ਼ਾਫ਼ੇ ਸਮੇਤ ਵੈਨ 'ਚੋਂ ਛਾਲ ਮਾ ਕੇ ਝਾੜੀਆਂ 'ਚ ਲੁਕਣ ਲਈ ਦੌੜਿਆ, ਪ੍ਰੰਤੂ ਮੋਟਰਸਾਇਕਲ 'ਤੇ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਸਿਰ 'ਤੇ ਪਿਸਤੌਲ ਦਾ ਬੱਟ ਮਾਰ ਕੇ ਨਗਦੀ ਖੋਹ ਕੇ ਅੰਮ੍ਰਿਤਸਰ ਵਾਲੇ ਪਾਸੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਮੀਰਾ ਮਿੱਲ ਦੇ ਮੈਨੇਜਰ 'ਤੇ ਹਮਲਾ ਹੋਇਆ ਸੀ।