ਮੋਦੀ ਕਲਯੁਗੀ ਧ੍ਰਿਤਰਾਸ਼ਟਰ : ਲਾਲੂ

ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਤੇਵਰ ਹਮਲਾਵਰ ਹੁੰਦੇ ਜਾ ਰਹੇ ਹਨ। ਉਹ ਚੋਣ ਰੈਲੀਆ ਦੇ ਨਾਲ-ਨਾਲ ਟਵਿਟਰ 'ਤੇ ਵੀ ਲਗਾਤਾਰ ਭਾਜਪਾ ਉੱਪਰ ਹਮਲੇ ਕਰ ਰਹੇ ਹਨ। ਆਪਣੇ ਤਾਜ਼ਾ ਟਵੀਟ 'ਚ ਲਾਲੂ ਨੇ ਕਿਸੇ ਦਾ ਨਾਂਅ ਲਏ ਬਗੈਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲਯੁੱਗੀ ਧ੍ਰਿਤਰਾਸ਼ਟਰ ਅਤੇ ਅਮਿਤ ਸ਼ਾਹ ਨੂੰ ਦੁਰਯੋਧਨ ਆਖਿਆ ਹੈ। ਲਾਲੂ ਨੇ ਸੋਮਵਾਰ ਨੂੰ ਇੱਕ ਤੋਂ ਬਾਅਦ ਇੱਕ ਕਰਕੇ ਤਿੰਨ ਟਵੀਟ ਕੀਤੇ ਕਿ ਹਸਤਿਨਾਪੁਰ 'ਚ ਬੈਠਿਆ ਧ੍ਰਿਤਰਾਸ਼ਟਰ ਨਾ ਕੇਵਲ ਅੰਨ੍ਹਾ ਹੈ, ਸਗੋਂ ਗੁੰਗਾ ਤੇ ਬੋਲਾ ਵੀ ਹੈ ਅਤੇ ਉਨ੍ਹਾ ਦੁਰਯੋਧਨ ਨੂੰ ਸਮਾਜ ਤੋੜਣ ਲਈ ਨੰਗਾ ਨਾਚ ਕਰਨ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਉਨ੍ਹਾ ਕਿਹਾ ਕਿ ਇਹ ਧ੍ਰਿਤਰਾਸ਼ਟਰ ਅੰਦਰੋ ਡਰਪੋਕ ਅਤੇ ਕੇਵਲ ਦਿਖਾਉਣ ਲਈ ਹੀ ਚਾਂਗਰਾਂ ਮਾਰ ਰਿਹਾ ਹੈ। ਉਨ੍ਹਾ ਕਿਹਾ ਕਿ ਜਦੋਂ ਬੋਲਣ ਦੀ ਲੋੜ ਹੁੰਦੀ ਹੈ ਤਾਂ ਮੋਨ ਧਾਰਨ ਕਰਕੇ ਲੁਕ ਕੇ ਬੈਠ ਜਾਂਦਾ ਹੈ।
ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਨੇ ਕਿਹਾ ਕਿ ਭਾਜਪਾ ਦਾ ਵਿਕਾਸ ਦਾ ਏਜੰਡਾ ਝੂਠਾ ਹੈ ਅਤੇ ਇਹ ਵਿਨਾਸ਼ ਦਾ ਏਜੰਡਾ ਹੈ। ਲਾਲੂ ਨੇ ਕਿਹਾ ਕਿ ਅਸਲ 'ਚ ਭਾਜਪਾ ਦਾ ਨਾਹਰਾ ਹੈ, 'ਕੁਝ ਦਾ ਸਾਥ, ਸਭ ਦਾ ਵਿਨਾਸ਼।' ਪਹਿਲੇ ਟਵੀਟ 'ਚ ਲਾਲੂ ਨੇ ਕਿਹਾ ਕਿ ਉਹ ਪ੍ਰਵਾਸੀ ਗੁਜਰਾਤੀਆਂ ਨੂੰ ਬਿਹਾਰ ਦਾ ਵਿਨਾਸ਼ ਨਹੀਂ ਕਰਨ ਦੇਣਗੇ।
ਸੋਨੀਆ-ਰਾਹੁਲ ਨਾਲ ਮੰਚ ਸਾਂਝਾ ਨਹੀਂ ਕਰਾਂਗੇ
ਦੂਜੇ ਪਾਸੇ ਲਾਲੂ ਆਪਣੇ ਪੁੱਤਰ ਤੇਜ ਪ੍ਰਤਾਪ ਦਾ ਨਾਮਜ਼ਦਗੀ ਪਰਚਾ ਭਰਵਾਉਣ ਲਈ ਮਊ ਪਹੁੰਚੇ। ਸੋਨੀਆ-ਰਾਹੁਲ ਨਾਲ ਮੰਚ ਸਾਂਝਾ ਕਰਨ ਬਾਰੇ ਰਾਸ਼ਟਰੀ ਜਨਤਾ ਦਲ ਦੇ ਆਗੂ ਨੇ ਕਿਹਾ ਕਿ ਸਾਰੇ ਆਗੂ ਵੱਖਰੇ-ਵੱਖਰੇ ਚੋਣ ਜਲਸੇ ਕਰਨਗੇ। ਲਾਲੂ ਦੇ ਗਊ ਮਾਸ ਬਾਰੇ ਬਿਆਨ ਤੋਂ ਕਾਂਗਰਸ ਹਾਈ ਕਮਾਨ ਨਰਾਜ਼ ਹੈ। ਇਸੇ ਕਾਰਨ ਸੋਨੀਆ ਤੇ ਰਾਹੁਲ ਨੇ ਲਾਲੂ ਨਾਲ ਮੰਚ ਸਾਂਝਾ ਨਾ ਕਰਨ ਦਾ ਫ਼ੈਸਲਾ ਲਿਆ ਹੈ।