ਮੰਗਲ ਸਿੰਘ ਸੰਧੂ ਮੁਅੱਤਲ

ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦਿੱਤੀਆਂ ਹਨ ਅਤੇ ਡਿਪਟੀ ਡਾਇਰੈਕਟਰ (ਕਾਟਨ ਐਕਸਟੈਂਸ਼ਨ) ਸ੍ਰੀ ਪਰਮਿੰਦਰ ਸਿੰਘ ਤੇ ਜਾਇੰਟ ਡਾਇਰੈਕਟਰ ਖੇਤੀਬਾੜੀ ਸ੍ਰੀ ਬਲਵਿੰਦਰ ਸਿੰਘ ਸੋਹਲ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਸਿਵਲ ਸੇਵਾਵਾਂ (ਦੰਡ ਤੇ ਅਪੀਲ) ਰੂਲਜ਼, 1970 ਦੇ ਹੇਠ ਕੀਤੀ ਗਈ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਅੱਜ ਸ਼ਾਮ ਪੇਸ਼ ਕੀਤੀ ਗਈ ਜਾਂਚ ਰਿਪੋਰਟ ਦੇ ਅਧਾਰ 'ਤੇ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਡਾਇਰੈਕਟਰ ਵੱਲੋਂ ਕੀਟਨਾਸ਼ਕਾਂ ਦੀ ਖਰੀਦ ਵਿੱਚ ਗੰਭੀਰ ਬੇ-ਨਿਯਮੀਆਂ/ਉਲੰਘਣਾਵਾਂ ਕੀਤੀਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ਇਸ ਮਾਮਲੇ ਵਿੱਚ ਅਜਿਹੀਆਂ ਬੇਨਿਯਮੀਆਂ ਲਈ ਵਿਸ਼ੇਸ਼ ਕਾਰਨਾਂ ਦੀ ਹੋਰ ਜਾਂਚ ਕਰਨ ਦੀ ਜ਼ਰੂਰਤ ਹੈ। ਇਸ ਸਮੁੱਚੀ ਰਿਪੋਰਟ ਨੂੰ ਅੱਗੇ ਜਾਂਚ ਲਈ ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ) ਪੰਜਾਬ ਨੂੰ ਭੇਜ ਦਿੱਤਾ ਹੈ, ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਸੂਬੇ ਵਿੱਚ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਦੇ ਮਾਮਲੇ ਨੂੰ ਘੋਖਣ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਗਠਿਤ ਕੀਤੀ ਹੈ।
ਇਸ ਰਿਪੋਰਟ ਦੀ ਵਿਸਥਾਰਤ ਵਿੱਚ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਅਧਿਕਾਰੀਆਂ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਪਾਇਆ ਗਿਆ ਕਿ ਡਾਇਰੈਕਟਰ ਖੇਤੀਬਾੜੀ ਨੇ ਆਪਣੇ ਪੱਧਰ 'ਤੇ ਓਬਰੇਨ ਕੀਟਨਾਸ਼ਕ ਦੀ ਖਰੀਦ ਕਰਨ ਨੂੰ ਤਰਜੀਹ ਦਿੱਤੀ ਅਤੇ ਇਸ ਸੰਬੰਧ ਵਿੱਚ ਖੇਤੀਬਾੜੀ ਮੰਤਰੀ ਦੇ ਹੁਕਮਾਂ ਦੀ ਅਣਦੇਖੀ ਕੀਤੀ। ਅਜਿਹਾ ਤਕਨੀਕੀ ਤੌਰ 'ਤੇ ਵਾਚਣ ਅਤੇ ਈ-ਟੈਂਡਰਿੰਗ ਦੀ ਪ੍ਰਕ੍ਰਿਆ ਅਪਣਾਉਣ ਤੋਂ ਬਗੈਰ ਕੀਤਾ ਗਿਆ। ਇਸ ਤੋਂ ਇਲਾਵਾ ਸਮਰੱਥ ਅਥਾਰਟੀ ਤੋਂ ਪ੍ਰਵਾਨਗੀ ਵੀ ਪ੍ਰਾਪਤ ਨਹੀਂ ਕੀਤੀ ਗਈ, ਜੋ ਉਸ ਦੀਆਂ ਵਿੱਤੀ ਸ਼ਕਤੀਆਂ ਤੋਂ ਵੱਧ ਸੀ। ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਹਰ ਕੀਮਤ 'ਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਠੋਸ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।