ਭਾਜਪਾ ਆਗੂ ਗਊਆਂ ਨਹੀਂ ਕੁੱਤੇ ਪਾਲਦੇ ਹਨ : ਯਾਦਵ

ਗਊ ਹੱਤਿਆ ਅਤੇ ਗਾਂ ਦੇ ਮੀਟ ਬਾਰੇ ਪਿਛਲੇ ਦਿਨੀਂ ਵਿਵਾਦਗ੍ਰਸਤ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਆਰ ਜੇ ਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਟਵਿਟਰ 'ਤੇ ਸਫ਼ਾਈ ਦਿੰਦਿਆਂ ਭਾਜਪਾ 'ਤੇ ਕਰਾਰਾ ਹਮਲਾ ਕੀਤਾ ਹੈ।
ਸਿਲਸਿਲੇਵਾਰ ਟਵੀਟਸ 'ਚ ਲਾਲੂ ਪ੍ਰਸਾਦ ਯਾਦਵ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਅਧਾਰਹੀਣ, ਲੀਡਰਸ਼ਿਪ ਤੋਂ ਰਹਿਤ, ਅਰਥਹੀਨ, ਕਰਮਹੀਨ, ਆਦਰਸ਼ਹੀਨ ਲੋਕਾਂ ਦਾ ਝੁੰਡ ਹੈ ਅਤੇ ਬਿਹਾਰ 'ਚ ਭਾਜਪਾ ਕੋਲ ਇੱਕ ਵੀ ਚਿਹਰਾ ਨਹੀਂ ਹੈ।
ਇੱਕ ਟਵੀਟ 'ਚ ਲਾਲੂ ਨੇ ਕਿਹਾ ਕਿ ਕੁੱਤੇ ਪਾਲਣ ਵਾਲੇ ਸਾਨੂੰ ਗਊਆਂ ਪਾਲਣ ਵਾਲਿਆਂ ਨੂੰ ਨਾ ਸਿਖਾਉਣ। ਉਨ੍ਹਾ ਕਿਹਾ ਕਿ ਭਾਜਪਾ ਆਗੂਆਂ ਦੇ ਘਰਾਂ 'ਚ ਗਾਂ ਨਹੀਂ ਕੁੱਤੇ ਬੱਝੇ ਹੁੰਦੇ ਹਨ ਅਤੇ ਘਰ ਦੇ ਬਾਹਰ ਲਿਖਿਆ ਹੁੰਦਾ ਹੈ ਕੁੱਤਿਆਂ ਤੋਂ ਸਾਵਧਾਨ।
ਇੱਕ ਹੋਰ ਟਵੀਟ 'ਚ ਲਾਲੂ ਨੇ ਲਿਖਿਆ ਕਿ ਸਾਡੀ ਪਵਿੱਤਰ ਗਊ ਮਾਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਹਨਾਂ ਪਖੰਡੀਆਂ ਤੋਂ ਪੁੱਛੋ ਗਊ ਸੇਵਾ ਕਰਨ ਲਈ ਇਹਨਾਂ 'ਚੋਂ ਕਿੰਨਿਆਂ ਕੋਲ ਗਊਸ਼ਾਲਾ ਹੈ। ਉਨ੍ਹਾ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਮੇਰੀ ਗਊਸ਼ਾਲਾ 'ਚ ਹਰ ਵੇਲੇ 100 ਤੋਂ 500 ਗਊਆਂ ਹੁੰਦੀਆਂ ਹਨ। ਸਾਡੇ ਕੁਲ ਦੇਵਤਾ ਤੋਂ ਲੈ ਕੇ ਹੁਣ ਤੱਕ ਸਾਡਾ ਗਊਆਂ ਪਾਲਣ ਦਾ ਮਾਣਮੱਤਾ ਇਤਿਹਾਸ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲਾਲੂ ਨੇ ਕਿਹਾ ਸੀ ਕਿ ਜਿਹੜੇ ਹਿੰਦੂ ਅਤੇ ਭਾਰਤੀ ਵਿਦੇਸ਼ਾਂ 'ਚ ਰਹਿੰਦੇ ਹਨ, ਉਹ ਵੀ ਬੀਫ਼ ਖਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਮੀਟ ਸਭਿਅਕ ਲੋਕਾਂ ਦਾ ਭੋਜਨ ਨਹੀਂ। ਲਾਲੂ ਦੇ ਇਸ ਬਿਆਨ 'ਤੇ ਰੌਲਾ ਪੈ ਗਿਆ ਤਾਂ ਉਨ੍ਹਾ ਨੂੰ ਅਹਿਸਾਸ ਹੋਇਆ ਕਿ ਬੀਫ਼ ਵਾਲਾ ਬਿਆਨ ਦੇ ਕੇ ਉਨ੍ਹਾ ਸਹੀ ਨਹੀਂ ਕੀਤਾ ਅਤੇ ਸਫ਼ਾਈ ਦਿੰਦਿਆਂ ਕਿਹਾ ਕਿ ਬੀਫ਼ ਵਾਲੀ ਗੱਲ ਸ਼ੈਤਾਨ ਨੇ ਉਨ੍ਹਾ ਦੇ ਮੂੰਹੋਂ ਕਢਵਾਈ ਸੀ।