ਇੰਦਰਾਣੀ ਨੂੰ ਦਿੱਤਾ ਗਿਆ ਸੀ ਜ਼ਹਿਰ

ਦੁਆਈ ਦੀ ਕਥਿਤ ਓਵਰ ਡੋਜ਼ ਕਾਰਨ ਜੇ ਜੇ ਹਸਪਤਾਲ 'ਚ ਭਰਤੀ ਸ਼ੀਨਾ ਬੋਰਾ ਕਤਲ ਕਾਂਡ ਦੀ ਦੋਸ਼ੀ ਇੰਦਰਾਣੀ ਮੁਖਰਜੀ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਅਧਿਕਾਰੀਆਂ ਨੇ ਇੰਦਰਾਣੀ ਮੁਖਰਜੀ ਨੂੰ ਜੇਲ੍ਹ 'ਚ ਜ਼ਹਿਰ ਦਿੱਤੇ ਜਾਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਈ ਜੀ ਜੇਲ੍ਹ ਵਿਪਨ ਕੁਮਾਰ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਉਨ੍ਹ ਅੱਜ ਇਸ ਮਾਮਲੇ 'ਚ ਸੰਬੰਧਤ ਜੇਲ੍ਹ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ। ਇਸ ਦੀ ਪੁਸ਼ਟੀ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਵੀ ਕੀਤੀ ਗਈ ਹੈ।
ਇਹ ਵੀ ਪਤਾ ਚੱਲਿਆ ਹੈ ਕਿ ਹੋਸ਼ 'ਚ ਆਉਣ ਮਗਰੋਂ ਇੰਦਰਾਣੀ ਮੁਖਰਜੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੋਈ ਦਵਾਈ ਨਹੀਂ ਖਾਧੀ ਸੀ।
ਪਤਾ ਚੱਲਿਆ ਹੈ ਕਿ ਜਾਂਚ ਅਧਿਕਾਰੀਆਂ ਵੱਲੋਂ ਜੇਲ੍ਹ 'ਚ ਕੈਦੀਆਂ, ਕੁੱਕ ਅਤੇ ਜੇਲ੍ਹ ਅਧਿਕਾਰੀਆਂ ਸਮੇਤ ਉਨ੍ਹਾਂ ਸਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹੜੇ ਜੇਲ੍ਹ 'ਚ ਇੰਦਰਾਣੀ ਮੁਖਰਜੀ ਦੇ ਸੰਪਰਕ 'ਚ ਆਏ ਸਨ। ਪਤਾ ਚਲਿਆ ਹੈ ਕਿ ਵਿਪਨ ਕੁਮਾਰ ਸਿੰਘ ਵੱਲੋਂ ਆਪਣੀ ਰਿਪੋਰਟ 9 ਅਕਤੂਬਰ ਸ਼ਾਮ ਤੱਕ ਮਹਾਰਾਸ਼ਟਰ ਗ੍ਰਹਿ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ।
ਜੇਲ੍ਹ ਸੂਤਰਾਂ ਅਨੁਸਾਰ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇੰਦਰਾਣੀ ਮੁਖਰਜੀ ਨੂੰ ਮਾਰਨ ਦੀ ਸਾਜ਼ਿਸ਼ ਤਹਿਤ ਉਨ੍ਹਾ ਨੂੰ ਜ਼ਾਹਿਰ ਤਾਂ ਨਹੀਂ ਦਿੱਤਾ ਗਿਆ। ਉਨ੍ਹਾ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।