ਅਖਲਾਕ ਦੇ ਪਰਵਾਰ ਨੇ ਬਿਸੇਹੜਾ ਛੱਡਿਆ

ਦਾਦਰੀ ਕਾਂਡ 'ਚ ਪੀੜਤ ਪਰਵਾਰ ਨੇ ਆਪਣਾ ਜੱਦੀ ਪਿੰਡ ਬਿਸੇਹੜਾ ਛੱਡ ਦਿੱਤਾ ਹੈ। ਪੂਰੇ ਪਰਵਾਰ ਨੇ ਦਿੱਲੀ ਦੇ ਸੁਬਰਤੋ ਪਾਠਕ ਸਥਿਤ ਏਅਰ ਫੋਰਸ ਦੇ ਪੱਛਮੀ ਕਮਾਨ ਹੈੱਡਕੁਆਟਰ 'ਚ ਸ਼ਿਫਟ ਕਰ ਲਿਆ ਹੈ। ਪਰਵਾਰ ਦੀ ਸੁਰੱਖਿਆ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਡਰ ਅਤੇ ਸਹਿਮ ਕਾਰਨ ਕਈ ਪਰਵਾਰ ਪਿੰਡ ਛੱਡ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਖਲਾਕ ਦਾ ਬੇਟਾ ਸਰਤਾਜ ਭਾਰਤੀ ਹਵਾਈ ਫੌਜ 'ਚ ਹੈ। ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਹਵਾਈ ਫੌਜ ਦੇ ਕਈ ਸੀਨੀਅਰ ਅਫਸਰ ਉਹਨਾ ਦੇ ਘਰ ਆਏ ਸਨ। ਇਸ ਦੇ ਨਾਲ ਹੀ ਭਾਰਤੀ ਹਵਾਈ ਫੌਜ ਦੇ ਮੁਖੀ ਅਰੂਪ ਰਾਹਾ ਨੇ ਵੀ ਕਿਹਾ ਸੀ ਕਿ ਸਰਤਾਜ ਦੇ ਪਰਵਾਰ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾ ਪਰਵਾਰ ਨੂੰ ਏਅਰ ਫੋਰਸ ਦੀ ਕਾਲੋਨੀ 'ਚ ਕਵਾਟਰ ਦੇਣ ਦਾ ਸੰਕੇਤ ਵੀ ਦਿੱਤਾ ਸੀ।
ਦੱਸਣਯੋਗ ਹੈ ਕਿ 28 ਸਤੰਬਰ ਦੀ ਰਾਤ ਨੂੰ ਗਾਂ ਦਾ ਮੀਟ ਖਾਣ ਦੀ ਅਫਵਾਹ ਕਾਰਨ ਭੀੜ ਨੇ ਅਖਲਾਕ ਨੂੰ ਕੁੱਟ=ਕੁੱਟ ਕੇ ਮਾਰ ਦਿੱਤਾ ਸੀ ਅਤੇ ਇਸ ਹਮਲੇ 'ਚ ਉਹਨਾ ਦਾ ਇੱਕ ਪੁੱਤਰ ਗੰਭੀਰ 'ਚ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਨੇ ਪੂਰੇ ਦੇਸ਼ 'ਚ ਤੂਲ ਫੜ ਲਈ ਸੀ। ਬਹੁਤੇ ਆਗੂ ਵਿਵਾਦਪੂਰਨ ਬਿਆਨ ਦੇ ਰਹੇ ਹਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਤਣਾਅ ਹੈ ਅਤੇ ਸਾਰੇ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।