ਪਹਿਲੀ ਵਾਰ ਕਿਸੇ ਕੇਂਦਰੀ ਮੰਤਰੀ ਨੇ ਕੀਤੀ ਸਖਤ ਸੰਦੇਸ਼ ਦੀ ਗੱਲ

ਦਾਦਰੀ ਕਾਂਡ ਤੋਂ ਬਾਅਦ ਸ਼ਾਇਦ ਸਰਕਾਰ ਦੇ ਕਿਸੇ ਮੰਤਰੀ ਨੇ ਸਖਤ ਸੰਦੇਸ਼ ਦਿੱਤਾ ਹੈ। ਘੱਟ ਗਿਣਤੀਆਂ ਬਾਰੇ ਭਲਾਈ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਸਾਕਸ਼ੀ ਮਹਾਰਾਜ ਵਰਗੇ ਲੋਕਾਂ ਨੂੰ ਸਖਤ ਸੰਦੇਸ਼ ਦਿੱਤਾ ਗਿਆ ਹੈ। ਨਕਵੀ ਨੇ ਕਿਹਾ ਕਿ ਇਸ ਜ਼ਹਿਰੀਲੇ ਮਾਹੌਲ ਵਿੱਚ ਲੋਕਾਂ ਦੇ ਜ਼ਖਮਾਂ ਉਪਰ ਮਰਹਮ ਲਾਏ ਜਾਣ ਦੀ ਲੋੜ ਹੈ। ਉਨ੍ਹਾ ਗੁਲਾਮ ਅਲੀ ਦੇ ਪ੍ਰੋਗਰਾਮ 'ਚ ਸਹਿਯੋਗੀ ਪਾਰਟੀ ਸ਼ਿਵ ਸੈਨਾ ਦੇ ਵਿਰੋਧ ਬਾਰੇ ਕਿਹਾ ਕਿ ਅਜਿਹੀਆਂ ਗੱਲਾਂ ਨੂੰ ਸਰਹੱਦਾਂ ਤੋਂ ਪਰ੍ਹੇ ਰੱਖਣ ਦੀ ਜ਼ਰੂਰਤ ਹੈ। ਨਕਵੀ ਨੇ ਕਿਹਾ ਕਿ ਗੁਲਾਮ ਅਲੀ ਆਪਣੀ ਕਲਾ ਅਤੇ ਗੀਤਾਂ ਰਾਹੀਂ ਅਮਨ ਦਾ ਪੈਗਾਮ ਦਿੰਦੇ ਹਨ। ਉਨ੍ਹਾ ਕਿਹਾ ਕਿ ਅਮਨ ਦਾ ਪੈਗਾਮ ਦੇਣ ਵਾਲਿਆਂ ਲਈ ਸਰਹੱਦਾਂ ਤੈਅ ਨਹੀਂ ਹੋਣੀਆ ਚਾਹੀਦੀਆਂ। ਇਸੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਤੇਜ਼-ਤਰਾਰ ਆਗੂ ਸਾਧਵੀ ਪ੍ਰਾਚੀ ਨੂੰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਬਿਸੇਹੜਾ ਪਿੰਡ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਪੁਲਸ ਨੇ ਪਰਾਚੀ ਨੂੰ ਕੁਝ ਸਮੇਂ ਲਈ ਰਿਹਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ। ਰੋਕੇ ਜਾਣ ਤੋਂ ਨਰਾਜ਼ ਪ੍ਰਾਚੀ ਨੇ ਕਿਹਾ ਕਿ ਹੋਰਨਾਂ ਲੋਕਾਂ ਨੂੰ ਪਿੰਡ ਜਾਣ ਤੋਂ ਕਿÀਂ ਨਹੀਂ ਰੋਕਿਆ ਗਿਆ। ਸਾਧਵੀ ਨੇ ਕਿਹਾ ਕਿ ਉਹ ਪਿੰਡ ਵਿੱਚ ਜਾਣ ਦੀ ਮੁੜ ਕੋਸ਼ਿਸ਼ ਕਰੇਗੀ। ਸਾਧਵੀ ਨੇ ਇਸ ਪਿੱਛੇ ਸਾਜ਼ਿਸ਼ ਦਾ ਦੋਸ਼ ਲਾਉਂਦਿਆਂ ਸਵਾਲ ਕੀਤਾ ਕਿ ਏ ਆਈ ਐੱਸ ਆਈ ਐੱਮ ਦੇ ਆਗੂ ਅਸਦੁਦੀਨ ਓਵੈਸੀ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਕਿਉਂ ਨਹੀਂ ਰੋਕਿਆ ਗਿਆ।