ਚਿੱਟੇ ਮੱਛਰ ਦੇ ਡੰਗੇ ਕਿਸਾਨ ਵੱਲੋਂ ਖੁਦਕੁਸ਼ੀ

ਨੇੜਲੇ ਪਿੰਡ ਖੀਵਾ ਖੁਰਦ ਵਿਖੇ ਇੱਕ ਕਿਸਾਨ ਨੇ ਨਰਮੇ ਦੀ ਖ਼ਰਾਬ ਹੋਈ ਫ਼ਸਲ ਕਾਰਨ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਕਿਸਾਨ ਬਿੱਕਰ ਸਿੰਘ (55) ਪੁੱਤਰ ਕਿਹਰ ਸਿੰਘ ਨੇ ਆਰਥਕ ਤੰਗੀ ਕਾਰਨ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਤਨੀ ਦਿੱਵਿਆ ਦੇਵੀ ਨੇ ਦੱਸਿਆ ਕਿ ਨਰਮੇ 'ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਸਾਡਾ ਡੇਢ ਕਿੱਲਾ ਬਿਲਕੁਲ ਤਬਾਹ ਹੋ ਗਿਆ, ਜਿਸ 'ਤੇ ਅਸੀਂ ਸਪਰੇਹਾਂ ਤੇ ਹੋਰ ਖਰਚੇ ਕੀਤੇ, ਪਰ ਚਿੱਟੇ ਮੱਛਰ ਦੇ ਹਮਲੇ ਨੇ ਮੇਰਾ ਘਰ ਉਜਾੜ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਤਿੰਨ ਧੀਆਂ ਤੇ ਇੱਕ ਪੁੱਤਰ ਹੈ। ਬੀਤੇ ਦੋ ਸਾਲ ਪਹਿਲਾਂ ਉਸ ਦਾ ਲੜਕਾ ਵੀ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਗਿਆ ਸੀ। ਉਨ੍ਹਾ ਕੋਲ ਜ਼ਮੀਨ ਦੇ ਦੋ ਕਿੱਲੇ ਸਨ, ਪਰ ਕੁੜੀਆਂ ਦੇ ਵਿਆਹ ਕਰਨ ਵਿੱਚ ਉਨ੍ਹਾ ਦਾ ਅੱਧਾ ਕਿੱਲਾ ਵਿਕ ਗਿਆ ਤੇ ਹੋਰ ਕਰਜ਼ਾ ਵੀ ਸਿਰ ਚੜ੍ਹ ਗਿਆ। ਇਸ ਕਾਰਨ ਕਿਸਾਨ ਬਿੱਕਰ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ।
ਬੀਤੇ ਕੱਲ੍ਹ ਉਹ ਖੇਤ ਗੇੜਾ ਮਾਰਨ ਦੀ ਗੱਲ ਕਹਿ ਕੇ ਘਰੋਂ ਗਿਆ ਤੇ ਵਾਪਸ ਨਹੀਂ ਪਰਤਿਆ। ਉਸ ਦੀ ਲਾਸ਼ ਹੀ ਘਰ ਆਈ। ਭੀਖੀ ਥਾਣੇ ਦੇ ਐੱਸ ਐੱਚ ਓ ਜਸਵੀਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟ-ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਭੋਲਾ ਸਿੰਘ ਸਮਾਓਂ, ਗੁਲਾਬ ਸਿੰਘ ਖੀਵਾ ਤੇ ਅਮੋਲਕ ਖੀਵਾ ਨੇ ਕਿਹਾ ਕਿ ਹੁਕਮਰਾਨਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲੱਗਾ ਹੈ। ਜੇਕਰ ਸੂਬਾ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਖੇਤੀ ਅਧਾਰਤ ਸੂਬਾ ਕੰਗਾਲ ਹੋ ਜਾਵੇਗਾ। ਆਗੂਆਂ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਖੁਦਕੁਸ਼ੀ ਕਰ ਗਏ ਕਿਸਾਨ ਬਿੱਕਰ ਸਿੰਘ ਲਈ 10 ਲੱਖ ਰੁਪਏ ਮੁਆਵਜ਼ੇ ਤੇ ਉਸ ਦੀ ਵਿਧਵਾ ਲਈ ਨੌਕਰੀ ਦੀ ਮੰਗ ਕੀਤੀ ਹੈ।