ਏਮਜ਼ ਪ੍ਰਾਜੈਕਟ; ਇੱਕ ਹੋਰ ਝੂਠ ਫੜਿਆ ਗਿਆ

ਏਮਜ਼ ਪ੍ਰਾਜੈਕਟ ਬਾਰੇ ਪੰਜਾਬ ਸਰਕਾਰ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ। ਕੇਂਦਰੀ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਇੱਕ ਆਰ ਟੀ ਆਈ ਦੇ ਜਵਾਬ ਵਿੱਚ ਖੁਲਾਸਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਕੇਵਲ ਬਠਿੰਡਾ ਲਈ ਹੀ ਏਮਜ਼ ਪ੍ਰਾਜੈਕਟ ਮੰਗਿਆ ਸੀ ਅਤੇ ਭੇਜੀ ਗਈ ਤਜਵੀਜ਼ 'ਚ ਕਿਸੇ ਹੋਰ ਸ਼ਹਿਰ ਜਾਂ ਸਥਾਨ ਦਾ ਜ਼ਿਕਰ ਨਹੀਂ ਸੀ। ਜਵਾਬ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਏਮਜ਼ ਲਈ ਸਥਾਨ ਦੀ ਚੋਣ ਜਾਂ ਸ਼ਨਾਖਤ ਕਰਨਾ ਪੰਜਾਬ ਸਰਕਾਰ ਦੀ ਸਮੁੱਚੀ ਜ਼ਿੰਮੇਵਾਰੀ ਅਤੇ ਅਧਿਕਾਰ ਹੈ ਅਤੇ ਇਸ ਸੰਬੰਧ ਵਿੱਚ ਪੰਜਾਬ ਸਰਕਾਰ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਸਿਹਤ ਮੰਤਰਾਲੇ ਨੇ ਆਪਣੇ ਜਵਾਬ ਵਿੱਚ 'ਚ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਏਮਜ਼ ਪ੍ਰਾਜੈਕਟ ਲਈ ਸਿਰਫ ਬਠਿੰਡਾ ਦੀ ਹੀ ਤਜਵੀਜ਼ ਲਿਖ ਕੇ ਭੇਜੀ ਸੀ। ਨਕੋਦਰ ਤੋਂ ਵਕੀਲ ਅਤੇ ਆਰ ਟੀ ਆਾਈ ਕਾਰਕੁਨ ਐਡਵੋਕੇਟ ਜਗਦੀਪ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਦਫਤਰ ਤੋਂ ਜਾਣਕਾਰੀ ਮੰਗੀ ਸੀ ਕਿ ਏਮਜ਼ ਨੂੰ ਰਮੀਦੀ (ਕਪੂਰਥਲਾ) ਤੋਂ ਬਠਿੰਡਾ ਬਦਲਣ ਦੇ ਕੀ ਕਾਰਨ ਹਨ ਅਤੇ ਪੰਜਾਬ ਸਰਕਾਰ ਵੱਲੋਂ ਏਮਜ਼ ਪ੍ਰਾਜੈਕਟ ਦੀ ਤਜਵੀਜ਼ ਬਾਰੇ ਲਿਖੀ ਗਈ ਚਿੱਠੀ ਦੀ ਨਕਲ ਦਿੱਤੀ ਜਾਵੇ। ਪ੍ਰਧਾਨ ਮੰਤਰੀ ਦਫਤਰ ਨੇ ਇਹ ਆਰ ਟੀ ਆਈ ਕੇਂਦਰੀ ਸਿਹਤ ਤੇ ਪਰਵਾਰ ਭਲਾਈ ਮਹਿਕਮੇ ਨੂੰ ਰੈਫਰ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਰਮੀਦੀ 'ਚ 200 ਏਕੜ ਰਕਬੇ ਵਿੱਚ ਏਮਜ਼ ਪ੍ਰਾਜੈਕਟ ਲਾਉਣ ਦਾ ਪ੍ਰਸਤਾਵ ਤਿਆਰ ਕਰ ਲਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਏਮਜ਼ ਪ੍ਰਾਜੈਕਟ ਸਥਾਪਤ ਕਰਨ ਲਈ ਰਮੀਦੀ 'ਚ ਜ਼ਮੀਨ ਦੀ ਸ਼ਨਾਖਤ ਕਰ ਲਈ ਹੈ ਅਤੇ ਰਮੀਦੀ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਮੁਫਤ ਜ਼ਮੀਨ ਦੇਣ ਦੇ ਮਤੇ ਪਾਸ ਕਰ ਦਿੱਤੇ ਹਨ।
ਉਨ੍ਹਾ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਸਿਹਤ ਮੰਤਰੀ ਹਰਸ਼ ਬਰਧਨ ਨਾਲ ਗੱਲਬਾਤ ਹੋ ਗਈ ਹੈ ਅਤੇ ਇਸ ਸੰਬੰਧੀ ਤਜਵੀਜ਼ ਬਣਾ ਕੇ ਉਨ੍ਹਾਂ ਨੂੰ ਭੇਜ ਦਿੱਤੀ ਗਈ ਹੈ। ਆਰ ਟੀ ਆਈ ਦੇ ਖੁਲਾਸੇ ਨਾਲ ਇਹ ਵੀ ਸਾਬਤ ਹੋ ਗਿਆ ਹੈ ਕਿ ਪੰਜਾਬ ਸਰਕਾਰ ਝੂਠ ਬੋਲ ਰਹੀ ਹੈ ਕਿ ਬਠਿੰਡਾ ਵਿੱਚ ਏਮਜ਼ ਖੋਲ੍ਹਣ ਦਾ ਫੈਸਲਾ ਕੇਂਦਰ ਦਾ ਹੈ।
ਇਸ ਤੋਂ ਪਹਿਲਾਂ ਜਲੰਧਰ ਸੰਸਦੀ ਹਲਕੇ ਦੇ 9 ਵਿਧਾਇਕ ਬੇਪਰਦ ਹੋ ਗਏ ਸਨ, ਜੋ ਕਿ ਲੋਕਾਂ ਦਾ ਦਿੱਲ ਰੱਖਣ ਲਈ ਏਮਜ਼ ਜਲੰਧਰ ਵਿੱਚ ਸਥਾਪਤ ਕਰਨ ਬਾਰੇ ਧੂੰਆਂਧਾਰ ਬਿਆਨਬਾਜ਼ੀ ਕਰ ਰਹੇ ਸਨ, ਪਰ ਉਨ੍ਹਾਂ ਨੇ ਲਿਖਤੀ ਤੌਰ 'ਤੇ ਇਤਰਾਜ਼ ਵਜੋਂ ਜਾਂ ਮੰਗ ਪੱਤਰ ਵਜੋਂ ਪੰਜਾਬ ਸਰਕਾਰ ਨੂੰ ਕੋਈ ਚਿੱਠੀ ਪੱਤਰ ਨਹੀਂ ਦਿੱਤਾ ਸੀ ਅਤੇ ਨਾ ਹੀ ਸੀਨੀਅਰ ਲੀਡਰਸ਼ਿਪ ਨੂੰ ਮਿਲ ਕੇ ਆਪਣੀ ਗੱਲ ਰੱਖੀ ਸੀ। ਪੰਜਾਬ ਸਰਕਾਰ ਦਾ ਏਮਜ਼ ਨੂੰ ਬਠਿੰਡਾ ਲਿਜਾਣ ਦਾ ਫੈਸਲਾ ਦੁਆਬੇ ਦੇ ਲੋਕਾਂ ਦੇ ਅਜੇ ਤੱਕ ਗਲੇ 'ਚ ਨਹੀਂ ਉੱਤਰ ਸਕਿਆ। ਜਲੰਧਰ ਜਾਂ ਕਪੂਰਥਲਾ ਪੰਜਾਬ ਦੇ ਸੈਂਟਰ ਹੋਣ ਕਰਕੇ ਪੂਰੇ ਸੂਬੇ ਦੇ ਲੋਕਾਂ ਨੂੰ ਇਹੋ ਜਿਹੀ ਵਾਟ ਤੇ ਵਧੀਆ ਸਹੂਲਤਾਂ ਮਿਲਣੀਆਂ ਸਨ ਅਤੇ ਗੁਆਂਢੀ ਸੂਬੇ ਹਿਮਾਚਲ ਤੇ ਜੰਮੂ-ਕਸ਼ਮੀਰ ਨੂੰ ਵੀ ਇਸ ਦਾ ਵੱਡਾ ਲਾਭ ਮਿਲਣਾ ਸੀ। ਏਮਜ਼ ਨੂੰ ਸੂਬੇ ਦੇ ਇੱਕ ਖੂੰਜੇ ਵਿੱਚ ਲਿਜਾਣ ਕਾਰਨ ਦੁਆਬੇ ਦੇ ਲੋਕਾਂ ਵਿੱਚ ਗੁੱਸਾ ਅਤੇ ਨਰਾਜ਼ਗੀ ਅਜੇ ਤੱਕ ਬਣੀ ਹੋਈ ਹੈ।