ਕਿਸਾਨਾਂ ਦੇ ਸਮੱਰਥਨ 'ਚ 12 ਦਾ ਐਕਸ਼ਨ ਆਖਰੀ ਨਹੀਂ : ਅਰਸ਼ੀ

ਸੀ.ਪੀ.ਆਈ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਵੱਲੋਂ ਜਾਰੀ ਕੀਤੇ ਗਏ ਆਪਣੇ ਇਕ ਬਿਆਨ ਰਾਹੀਂ ਸੀ.ਪੀ.ਆਈ. ਦੇ ਜ਼ਿਲ੍ਹਾ ਆਗੂਆਂ ਤੇ ਸਰਗਰਮ ਵਰਕਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਚਾਰ ਖੱਬੀਆਂ ਪਾਰਟੀਆਂ ਵੱਲੋਂ ਚਿੱਟੀ ਮੱਖੀ ਨਾਲ ਤਬਾਹ ਹੋਏ ਨਰਮੇ ਦੇ ਪੂਰੇ ਮੁਆਵਜ਼ੇ, ਬਾਸਮਤੀ 1509 ਦਾ ਵਾਜਬ ਭਾਅ ਲੈਣ ਤੇ ਗੰਨੇ ਦੇ ਬਕਾਏ ਦਾ ਭੁਗਤਾਨ ਕੀਤੇ ਜਾਣ ਆਦਿ ਦੀ ਮੰਗ ਨੂੰ ਲੈ ਕੇ 12 ਅਕਤੂਬਰ ਨੂੰ ਜ਼ਿਲ੍ਹਾ ਪੱਧਰ 'ਤੇ ਕੀਤੇ ਜਾ ਰਹੇ ਵਿਸ਼ਾਲ ਧਰਨਿਆਂ ਅਤੇ ਮੁਜ਼ਾਰਿਆਂ ਦੀ ਸਫਲਤਾ ਲਈ ਪੂਰੀ ਤਾਕ ਝੋਕ ਦਿੱਤੀ ਜਾਵੇ। ਕਮਿਊਨਿਸਟ ਆਗੂ ਨੇ ਕਿਹਾ ਕਿ ਇਸ ਸਮੇਂ ਕਿਸਾਨੀ ਤੇ ਖੇਤ ਮਜ਼ਦੂਰ ਵਰਗ ਡੂੰਘੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮਾਂ ਫਸਲ ਦੀ ਹੋਈ ਬਰਬਾਦੀ ਤੇ ਬਾਸਮਤੀ ਦੇ ਨਾਮਾਤਰ ਭਾਅ ਨੇ ਉਸ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੰਜਾਬ ਦੇ ਕਿਸਾਨ ਇਸ ਸਮੇਂ ਸਰਕਾਰ ਨਾਲ ਫੈਸਲਾਕੁਨ ਲੜਾਈ ਲੜ ਰਹੇ ਹਨ। ਸੀ.ਪੀ.ਆਈ. ਪੂਰੀ ਤਰ੍ਹਾਂ ਕਿਸਾਨਾਂ ਦੇ ਸੰਘਰਸ਼ ਨਾਲ ਖੜੀ ਹੈ।
ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਬੇਸ਼ਰਮੀ ਨਾਲ ਮੂਕ ਦਰਸ਼ਕ ਬਣੀਆਂ ਹੋਈਆਂ ਹਨ। ਐਲਾਨੇ ਗਏ 8000 ਰੁਪਏ ਪ੍ਰਤੀ ਏਕੜ ਦੇ ਨਾਮਾਤਰ ਮੁਆਵਜ਼ੇ ਨਾਲ ਕਿਸਾਨਾਂ ਨੂੰ ਬਚਾਇਆ ਨਹੀਂ ਜਾ ਸਕਦਾ। ਕਮਿਊਨਿਸਟ ਆਗੂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਮੁੱਖ ਚਿੰਤਾ ਕਿਸਾਨਾਂ-ਮਜ਼ਦੂਰਾਂ ਨੂੰ ਬਚਾਉਣ ਦੇ ਸਥਾਨ 'ਤੇ 33 ਕਰੋੜੀ ਕੀਟਨਾਸ਼ਕ ਘਪਲੇ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਵੱਧ ਹੈ।
ਕਮਿਊਨਿਸਟ ਆਗੂ ਨੇ ਸਪੱਸ਼ਟ ਕੀਤਾ ਕਿ 12 ਅਕਤੂਬਰ ਦੇ ਐਕਸ਼ਨ ਆਖਰੀ ਨਹੀਂ ਹੋਣਗੇ। ਜੇਕਰ ਸਰਕਾਰ ਨੇ ਕਿਸਾਨ ਮੰਗਾਂ ਨੂੰ ਸਵੀਕਾਰ ਕਰਨ ਤੋਂ ਟਾਲ-ਮਟੋਲ ਕੀਤੀ ਤਾਂ ਖੱਬੀਆਂ ਪਾਰਟੀਆਂ ਸੰਘਰਸ਼ ਨੂੰ ਹੋਰ ਤੇਜ਼ ਕਰਨਗੀਆਂ।