ਪ੍ਰਦਰਸ਼ਨ ਕਾਰਨ ਰੋਕੀ ਗਈ ਸਮਝੌਤਾ ਐਕਸਪ੍ਰੈੱਸ; ਭਾਰਤ ਨੇ ਪਾਕਿ ਨੂੰ ਦੱਸਿਆ

ਸਮਝੌਤਾ ਐਕਸਪ੍ਰੈਸ ਨੂੰ ਰੋਕਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਸਥਾਨਕ ਧਰਨੇ ਪ੍ਰਦਰਸ਼ਨਾਂ ਕਾਰਨ ਸਮਝੌਤਾ ਐਕਸਪ੍ਰੈਸ ਨੂੰ ਰੱਦ ਕੀਤਾ ਗਿਆ ਅਤੇ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਪਹਿਲਾਂ ਹੀ ਇਸ ਬਾਰੇ ਸੂਚਨਾ ਦੇ ਦਿੱਤੀ ਸੀ।
ਭਾਰਤ ਨੇ ਇਹ ਸਪੱਸ਼ਟੀਕਰਨ ਉਸ ਵੇਲੇ ਦਿੱਤਾ, ਜਦੋਂ ਪਾਕਿਸਤਾਨ ਨੇ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਐਸ ਰਘੁਰਾਮ ਨੂੰ ਤਲਬ ਕਰਕੇ ਭਾਰਤ 'ਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕੱਲ੍ਹ ਸਮਝੌਤਾ ਐਕਸਪ੍ਰੈਸ ਦੀ ਆਵਾਜਾਈ ਰੱਦ ਕਰਨ 'ਤੇ ਚਿੰਤਾ ਪ੍ਰਗਟ ਕੀਤੀ। ਸਮਝੌਤਾ ਐਕਸਪ੍ਰੈਸ ਰੱਦ ਹੋਣ ਕਾਰਨ ਦੋਹਾਂ ਦੇਸ਼ਾਂ ਦੇ ਤਕਰੀਬਨ 200 ਮੁਸਾਫ਼ਰ ਫਸੇ ਰਹੇ।
ਕੱਲ੍ਹ ਭਾਰਤ ਵੱਲੋਂ ਸਮਝੌਤਾ ਐਕਸਪ੍ਰੈਸ ਰੱਦ ਕਰਨ ਬਾਰੇ ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਤ ਖ਼ਬਰਾਂ ਬਾਰੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਕਿਹਾ ਕਿ ਸਮਝੌਤਾ ਐਕਸਪ੍ਰੈਸ ਪੰਜਾਬ 'ਚੋਂ ਲੰਘਣ ਵਾਲੀਆਂ 75 ਗੱਡੀਆਂ 'ਚੋਂ ਸੀ, ਜਿਨ੍ਹਾਂ ਨੂੰ ਰੇਲ ਆਵਾਜਾਈ ਰੋਕਣ ਕਾਰਨ ਰੱਦ ਕੀਤਾ ਗਿਆ ਸੀ। ਵਿਕਾਸ ਸਵਰੂਪ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਪਹਿਲਾਂ ਹੀ ਪਾਕਿਸਤਾਨੀ ਅਧਿਕਾਰੀਆਂ ਨੂੰ ਦੱਸ ਦਿੱਤਾ ਸੀ ਕਿ ਟਰੇਨ ਅਜਿਹੇ ਹਾਲਾਤ 'ਚ ਨਹੀਂ ਚਲਾਈ ਜਾ ਸਕਦੀ।
ਸਵਰੂਪ ਨੇ ਕਿਹਾ ਕਿ ਕਿਉਂਕਿ ਵੱਡੀ ਗਿਣਤੀ 'ਚ ਭਾਰਤੀ ਪਾਕਿਸਤਾਨ ਤੋਂ ਭਾਰਤ ਦਾ ਸਫ਼ਰ ਨਾ ਕਰ ਸਕੇ, ਜਿਸ ਕਰਕੇ ਭਾਰਤੀ ਹਾਈ ਕਮਿਸ਼ਨਰ ਪਾਕਿਸਤਾਨ ਸਰਕਾਰ ਦੇ ਸੰਪਰਕ 'ਚ ਹੈ ਤਾਂ ਜੋ ਉਨ੍ਹਾ ਦੀ ਗਿਣਤੀ ਦਾ ਪਤਾ ਲੱਗ ਸਕੇ ਅਤੇ ਉਨ੍ਹਾ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਰੇਲ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਅਧਿਕਾਰੀਆਂ ਨਾਲ ਮਿਲ ਕੇ ਹਾਲਾਤ ਛੇਤੀ ਤੋਂ ਛੇਤੀ ਆਮ ਵਰਗੇ ਕੀਤੇ ਜਾਣ ਅਤੇ ਮੁਸਾਫ਼ਰਾਂ ਦੀ ਸਹੂਲਤ ਲਈ ਰੇਲ ਗੱਡੀਆਂ 'ਚ ਵਾਧੂ ਡੱਬੇ ਲਾਏ ਜਾਣ।