ਸਿੱਖ ਜਥੇਬੰਦੀਆਂ ਵੱਲੋਂ ਕੋਟਕਪੂਰਾ 'ਚ ਦੂਜੇ ਦਿਨ ਵੀ ਵਿਖਾਵੇ

ਪਿਛਲੇ ਚਾਰ ਮਹੀਨਿਆਂ ਤੋਂ ਲਾਪਤਾ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਦੇ 113 ਅੰਗ (ਵਰਕੇ) ਪਾੜ ਕੇ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਨੇੜੇ ਸੁੱਟਣ ਦੇ ਰੋਸ ਵਜੋਂ ਗੁਰਮਤਿ ਸੇਵਾ ਲਹਿਰ ਦੇ ਮੁਖੀ ਪੰਥ ਪ੍ਰੀਤ ਸਿੰਘ ਖਾਲਸਾ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ 'ਚ ਅੱਜ ਸਥਾਨਕ ਬੱਤੀਆਂ ਵਾਲੇ ਚੌਂਕ ਵਿਖੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੇ ਦੂਜੇ ਦਿਨ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਅਤੇ ਐਲਾਨ ਕੀਤਾ ਕਿ ਜਿੰਨੀ ਦੇਰ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਓਨੀ ਦੇਰ ਤੱਕ ਸ਼ਾਂਤਮਈ ਰੋਸ ਧਰਨਾ ਜਾਰੀ ਰੱਖਿਆ ਜਾਵੇਗਾ।ਇਸ ਰੋਸ ਧਰਨੇ ਵਿੱਚ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਸੰਤ ਬਲਜੀਤ ਸਿੰਘ ਦਾਦੂਵਾਲ, ਰਣਜੀਤ ਸਿੰਘ ਢੰਡਰੀਆਂ, ਧਿਆਨ ਸਿੰਘ ਮੰਡ, ਦਲੇਰ ਸਿੰਘ ਡੋਡ, ਪੁਸ਼ਪਿੰਦਰ ਸਿੰਘ ਜੰਗੂ, ਹਰਜਿੰਦਰ ਸਿੰਘ ਮਾਝੀ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਅਵਤਾਰ ਸਿੰਘ ਬਿਧੀਚੰਦ ਸੰਪਰਦਾਇ, ਸਤਨਾਮ ਸਿੰਘ ਚੰਦੜ, ਹਰਜੀਤ ਸਿੰਘ ਢਪਾਲੀ, ਪ੍ਰੋਂ ਸਰਬਜੀਤ ਸਿੰਘ ਧੂੰਦਾ, ਕੇਵਲ ਸਿੰਘ, ਬਾਬਾ ਰੇਸ਼ਮ ਸਿੰਘ, ਚਮਕੌਰ ਸਿੰਘ ਭਾਈ ਰੂਪਾ ਸਮੇਤ ਹੋਰ ਕਈ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਅੱਜ ਸਵੇਰੇ 3:30 ਵਜੇ ਗੁਰਬਾਣੀ ਦਾ ਪਾਠ ਕਰ ਰਹੇ ਸਿੱਖ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਵੱਖ–ਵੱਖ ਥਾਣਿਆ ਵਿੱਚ ਬੰਦ ਕਰ ਦਿੱਤਾ ਤੇ ਸਵੇਰੇ 9 ਵਜੇ ਛੱਡਿਆ। ਪਿੰਡ ਦੀਆਂ ਸੰਗਤਾਂ ਵੱਲਂੋ ਧਰਨੇ ਵਿੱਚ ਬੈਠੇ ਸ਼ਰਧਾਲੂਆਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਸ਼ਹਿਰ ਵਿੱਚ ਬੰਦ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਚਾਰ ਚੁਫੇਰੇ ਸਿੱਖ ਸੰਗਤਾਂ ਹੀ ਦਿਖਾਈ ਦਿੱਤੀਆਂ। ਧਰਨੇ ਵਿੱਚ ਬੈਠੇ ਸ਼ਰਧਾਲੂ ਗੁਰਬਾਣੀ ਦਾ ਜਾਪ ਕਰ ਰਹੇ ਸਨ। ਪੁਲਸ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਵੱਡੀ ਪੱਧਰ 'ਤੇ ਤਾਇਨਾਤ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਕਰੀਬ ਚਾਰ ਮਹੀਨੇ ਪਹਿਲਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਚੁਰਾ ਲਈ ਸੀ, ਜਿਸ ਦੀ ਅਜੇ ਤੱਕ ਭਾਲ ਨਹੀਂ ਹੋ ਸਕੀ। ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਪਵਿੱਤਰ ਬੀੜ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਇਹ ਰੋਸ ਧਰਨਾ ਲਗਾਤਾਰ ਜਾਰੀ ਰਹੇਗਾ।
ਮੋਗਾ/ ਬੱਧਨੀ ਕਲਾਂ (ਇਕਬਾਲ ਸਿੰਘ, ਰਜਿੰਦਰ ਬੱਬੀ) : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਿੰਡ ਬਰਗਾੜੀ ਦੀਆਂ ਗਲੀਆਂ 'ਚ ਖ਼ਿਲਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਘੋਰ ਬੇਅਦਬੀ ਖਿਲਾਫ ਸਿੱਖ ਜਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਬੁੱਟਰ ਕਲਾਂ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਮੋਗਾ-ਬਰਨਾਲਾ ਮੁੱਖ ਮਾਰਗ ਦੀ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ। 9 ਵਜੇ ਦੇ ਕਰੀਬ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਵੱਲੋਂ ਸ਼ਾਂਤਮਈ ਧਰਨਾ ਦੇ ਕੇ ਸਤਿਨਾਮ-ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ ਕਿ ਅਚਾਨਕ ਧਰਨਾਕਾਰੀਆਂ 'ਤੇ ਪੁਲਸ ਵੱਲੋਂ ਧਰਨਾ ਚੁੱਕਣ ਲਈ ਮਜਬੂਰ ਕੀਤਾ ਗਿਆ, ਜਿਸ 'ਤੇ ਸਿੱਖ ਸੰਗਤ ਵੱਲੋਂ ਮਨ੍ਹਾ ਕਰਨ 'ਤੇ ਮੋਗਾ, ਬੱਧਨੀ ਕਲਾਂ ਦੀ ਪੁਲਸ ਵੱਲੋਂ ਅੰਨ੍ਹੇਵਾਹ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਰੋਹ ਵਿਚ ਆਈ ਸਿੱਖ ਸੰਗਤ ਵੱਲੋਂ ਪੁਲਸ ਵਾਲਿਆਂ 'ਤੇ ਪਥਰਾਅ ਕਰ ਦਿੱਤਾ ਤੇ ਪੁਲਸ ਵੱਲੋਂ ਲਾਠੀਚਾਰਜ ਕੀਤਾ ਤੇ ਪੁਲਸ ਵੱਲੋਂ ਧਰਨਾਕਾਰੀਆਂ ਨੂੰ ਖਦੇੜਣ ਲਈ ਹਵਾਈ ਫਾਈਰਿੰਗ ਵੀ ਕੀਤੀ ਗਈ। ਹਿੰਸਕ ਝੜਪ 'ਚ ਪੰਜਾਬ ਪੁਲਸ ਦੇ ਕਈ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਏ.ਐੱਸ.ਆਈ ਸੁਖਮੰਦਰ ਸਿੰਘ, ਏ.ਐੱਸ.ਆਈ ਬਲਵਿੰਦਰ ਸਿੰਘ, ਏ.ਐੱਸ.ਆਈ ਹਰਦਿਆਲ ਸਿੰਘ, ਏ.ਐੱਸ.ਆਈ ਮੇਜਰ ਸਿੰਘ, ਹੌਲਦਾਰ ਜਤਿੰਦਰ ਸਿੰਘ, ਗੁਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਭਰਤੀ ਕਰਵਾਇਆ ਗਿਆ। ਰੋਹ ਵਿਚ ਆਈ ਸੰਗਤ ਵੱਲੋਂ ਜਿੱਥੇ ਪੁਲਸ ਦੀ ਬੱਸ ਨੂੰ ਪਲਟ ਕੇ ਸ਼ੀਸ਼ੇ ਤੋੜ ਦਿੱਤੇ ਗਏ, ਉਥੇ ਹੀ ਇਕ ਥਾਣਾ ਅਜੀਤਵਾਲ ਦੀ ਸਕਾਰਪਿਓ ਤੇ ਪੁਲਸ ਲਾਈਨ ਮੋਗਾ ਦੀ ਮਿੰਨੀ ਬੱਸ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਸਥਿਤੀ ਤਣਾਅਪੂਰਨ ਹੁੰਦਿਆਂ ਦੇਖ ਮੌਕੇ 'ਤੇ ਡਿਪਟੀ ਕਮਿਸ਼ਨਰ ਮੋਗਾ ਪਰਮਿੰਦਰ ਸਿੰਘ ਗਿੱਲ ਅਤੇ ਐਸ.ਐਸ.ਪੀ. ਮੋਗਾ ਪੁੱਜੇ ਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਘਟਨਾ ਵਿਚ ਪ੍ਰਸ਼ਾਸਨ ਦਾ ਨੁਕਸਾਨ ਹੋਇਆ ਹੈ, ਉਸ ਸੰਬੰਧ ਵਿਚ ਕਿਸੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਪਿੰਡ ਬੁੱਟਰ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਨੇ ਕਿਹਾ ਕਿ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਉਣ 'ਤੇ ਸੰਗਤ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਦੋਸ਼ੀਆਂ ਖਿਲਾਫ ਜਲਦ ਕੋਈ ਕਾਰਵਾਈ ਅਮਲ ਵਿਚ ਨਾ ਲਿਆਂਦੀ ਗਈ ਤਾਂ ਉਨ੍ਹਾਂ ਵੱਲੋਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਸਥਿਤੀ ਤਣਾਅਪੂਰਨ ਹੋਣ ਕਾਰਨ ਸਮੁੱਚਾ ਬੁੱਟਰ ਕਲਾਂ ਪਿੰਡ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ।
ਢੱਡਰੀਆਂ ਵਾਲੇ ਸਮੇਤ ਕਈ ਆਗੂ ਹਿਰਾਸਤ 'ਚ ਲੈ ਕੇ ਛੱਡੇ
ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ/ਪਰਮਜੀਤ ਸਿੰਘ)
ਅੱਜ ਸਵੇਰੇ ਮੁਕਤਸਰ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਪੁਲਸ ਵੱਲੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ, ਅਮਰੀਕ ਸਿੰਘ ਅਜਨਾਲਾ, ਜਸਕਰਨ ਸਿੰਘ, ਨਿਰਵੈਲ ਸਿੰਘ ਖਾਲਸਾ ਫਹਿਤਗੜ੍ਹ ਪੰਜ ਤੂਰ, ਕੁਲਵੰਤ ਸਿੰਘ, ਹਰਜਿੰਦਰ ਸਿੰਘ ਏਕਨੂਰ ਖਾਲਸਾ, ਰਣਜੀਤ ਸਿੰਘ ਵਾਂਦਰ, ਰਣਜੀਤ ਸਿੰਘ ਕੋਟ ਈਸੇ ਖਾਂ ਸਮੇਤ ਹੋਰ ਪੰਥਕ ਆਗੂਆਂ ਨੂੰ ਕੋਟਕਪੂਰਾ ਤੋਂ ਹਿਰਾਸਤ ਵਿਚ ਲੈ ਲਿਆ, ਜਿਥੋਂ ਉਨ੍ਹਾਂ ਨੂੰ ਮੁਕਤਸਰ ਥਾਣਾ ਸਦਰ ਵਿਖੇ ਲਿਆਂਦਾ ਗਿਆ। ਇਸ ਦੌਰਾਨ ਉਥੇ ਜ਼ਿਲ੍ਹਾ ਪੁਲਸ ਕਪਤਾਨ ਕੁਲਦੀਪ ਸਿੰਘ ਚਾਹਲ, ਐੱਸ.ਪੀ.ਐੱਸ ਨਰਿੰਦਰਪਾਲ ਸਿੰਘ ਸੰਧੂ ਮੌਕੇ 'ਤੇ ਪਹੁੰਚ ਗਏ। ਸਵੇਰੇ ਕਰੀਬ 5 ਵਜੇ ਜਿਵੇਂ ਹੀ ਇਸ ਦੀ ਸੂਚਨਾ ਸਿੱਖ ਜਥੇਬੰਦੀਆਂ ਨੂੰ ਮਿਲੀ ਤਾਂ ਉਹ ਵੱਡੀ ਗਿਣਤੀ ਵਿਚ ਥਾਣਾ ਸਦਰ ਜਮ੍ਹਾ ਹੋਣੇ ਸ਼ੁਰੂ ਹੋ ਗਏ। ਸਿੱਖ ਜਥੇਬੰਦੀਆਂ ਵਿਚ ਪੁਲਸ ਖਿਲਾਫ਼ ਰੋਹ ਵੱਧਦਾ ਜਾ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਪੁਲਸ ਨੇ ਰਣਜੀਤ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਰਿਹਾਅ ਕਰ ਦਿੱਤਾ। ਦੂਜੇ ਪਾਸੇ ਥਾਣਾ ਸਦਰ ਇੰਚਾਰਜ ਜਤਿੰਦਰਪਾਲ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਤੁਸੀਂ ਉਚ ਅਧਿਕਾਰੀਆਂ ਨਾਲ ਗੱਲ ਕਰੋ। ਦੂਜੇ ਪਾਸੇ ਜ਼ਿਲ੍ਹਾ ਪੁਲਸ ਕਪਤਾਨ ਕੁਲਦੀਪ ਸਿੰਘ ਚਾਹਲ ਦਾ ਕਹਿਣਾ ਸੀ ਕਿ ਅਸੀਂ ਤਾਂ ਕਿਸੇ ਨੂੰ ਵੀ ਗ੍ਰਿਫਤਾਰ ਕਰਕੇ ਨਹੀਂ ਲਿਆਂਦਾ, ਬਲਕਿ ਸੰਤ ਰਣਜੀਤ ਸਿੰਘ ਆਪਣੇ ਸਾਥੀਆਂ ਸਮੇਤ ਖੁਦ ਹੀ ਉਥੇ ਆਏ ਸਨ, ਪਰ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਸੰਤ ਰਣਜੀਤ ਸਿੰਘ ਨੂੰ ਥਾਣਾ ਵਿਚ ਆ ਕੇ ਰਹਿਣ ਦੀ ਕੀ ਜ਼ਰੂਰਤ ਹੈ, ਉਸਨੂੰ ਤਾਂ ਸਿੱਖ ਸੰਗਤ ਅਤੇ ਗੁਰਦੁਆਰਾ ਸਾਹਿਬ ਰੱਖਣ ਲਈ ਤਿਆਰ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਦੋਹਰੀ ਨੀਤੀ 'ਤੇ ਕੰਮ ਕਰ ਰਹੀ ਹੈ ਅਤੇ ਇਸ ਵਿਚ ਰਾਜਨੀਤੀ ਕੰਮ ਕਰ ਰਹੀ ਹੈ।