ਕੁਲ ਹਿੰਦ ਕਿਸਾਨ ਸਭਾ ਵੱਲੋਂ ਸਰਕਾਰ ਦੇ ਕਿਸਾਨ-ਮਾਰੂ ਵਤੀਰੇ ਦੀ ਨਿੰਦਾ, ਅੱਜ ਦੀ ਮੀਟਿੰਗ ਮੁਲਤਵੀ

ਕੁਲ-ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਭੁਪਿੰਦਰ ਸਾਂਬਰ ਅਤੇ ਜਨਰਲ ਸਕੱਤਰ ਸਾਥੀ ਬਲਦੇਵ ਸਿੰਘ ਨਿਹਾਲਗੜ੍ਹ ਨੇ ਪੰਜਾਬ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਦੋਵਾਂ ਆਗੂਆਂ ਨੇ ਜਾਰੀ ਬਿਆਨ 'ਚ ਕਿਹਾ ਕਿ ਅਜਿਹੀ ਭੜਕਾਊ ਘਟਨਾ ਦੇ ਬਹਾਨੇ ਹਿੰਸਾ, ਘਿਰਣਾ ਅਤੇ ਲਾਕਾਨੂੰਨੀ ਭੜਕਾਉਣਾ ਹੋਰ ਵੀ ਮਾੜੀ ਗੱਲ ਹੈ, ਜਿਨ੍ਹਾਂ ਦੇ ਸਿੱਟੇ ਵਜੋਂ ਤਸ਼ੱਦਦ, ਗੋਲੀਬਾਰੀ ਅਤਿਅੰਤ ਨਿੰਦਣਯੋਗ ਘਟਨਾਵਾਂ ਵਾਪਰ ਰਹੀਆਂ ਹਨ। ਜਦ ਪੰਜਾਬ ਦੀ ਕਿਸਾਨੀ ਗੰਭੀਰ ਸੰਕਟ ਵਿਚ ਹੈ, ਖੁਦਕਸ਼ੀਆਂ ਵਧ ਰਹੀਆਂ ਹਨ, ਕਿਸਾਨ ਜ਼ਬਰਦਸਤ ਅੰਦੋਲਨ ਵਿਚ ਕੁੱਦ ਰਹੇ ਹਨ, ਉਸ ਸਮੇਂ ਸਰਕਾਰ ਉਹਨਾਂ ਦੀ ਮਦਦ ਕਰਨ ਵਿਚ ਨਾਕਾਮ ਰਹੀ ਹੈ। ਸਰਕਾਰ ਨਾਲ ਗੱਲਬਾਤ ਟੁੱਟਣ ਤੋਂ ਅਕਾਲੀ ਆਗੂਆਂ ਵੱਲੋਂ ਤਸੱਲੀ ਪ੍ਰਗਟ ਕਰਨਾ ਅੱਲ੍ਹੇ ਜ਼ਖਮਾਂ ਉਤੇ ਲੂਣ ਛਿੜਕਣਾ ਹੈ। ਕੁਲ-ਹਿੰਦ ਕਿਸਾਨ ਸਭਾ ਇਸ ਨਿਰਦਈ ਵਤੀਰੇ ਦੀ ਨਿੰਦਾ ਕਰਦੇ ਹੋਏ ਘੋਲ ਜਾਰੀ ਰੱਖਣ ਦਾ ਐਲਾਨ ਕਰਦੀ ਹੈ। ਦੋਵਾਂ ਕਿਸਾਨ ਆਗੂਆਂ ਨੇ ਕਿਹਾ ਕਿ ਤਾਜ਼ਾ ਹਿੰਸਕ ਘਟਨਾਵਾਂ ਅਤੇ ਗੋਲੀਬਾਰੀ ਦੀਆਂ ਅਫਸੋਸਨਾਕ ਵਾਰਦਾਤਾਂ ਨੂੰ ਵੇਖਦੇ ਹੋਏ ਕੁਲ-ਹਿੰਦ ਕਿਸਾਨ ਸਭਾ ਪੰਜਾਬ ਦੀ 15 ਅਕਤੂਬਰ ਦੀ ਲੁਧਿਆਣਾ ਮੀਟਿੰਗ ਪਿੱਛੇ ਪਾਈ ਜਾਂਦੀ ਹੈ।