ਭੜਕਿਆ ਮਾਲਵਾ; ਝੜਪਾਂ 'ਚ ਦੋ ਮੌਤਾਂ, ਕਈ ਜ਼ਖ਼ਮੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਪੁਲਸ ਦਰਮਿਆਨ ਝੜਪ 'ਚ 2 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ।ਇਸ ਗੱਲ ਦੀ ਪੁਸ਼ਟੀ ਖੁਦ ਇਕ ਸੀਨੀਅਰ ਅਫਸਰ ਨੇ ਕਰਦਿਆਂ ਕੀਤੀ ਤੇ ਦੱਸਿਆ ਕਿ 70 ਤੋਂ ਵੱਧ ਹੋਰ ਜ਼ਖਮੀ ਵੀ ਹੋਏ ਹਨ, ਜਦਕਿ ਇਕ ਗੰਭੀਰ ਜ਼ਖਮੀ ਨੂੰ ਲੁਧਿਆਣਾ ਦੇ ਡੀ ਐੱਮ ਸੀ ਭੇਜਿਆ ਗਿਆ ਹੈ।ਪਿੰਡ ਬਹਿਬਲ ਕਲਾਂ ਪੁਲਸ ਫਾਈਰਿੰਗ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਗੁਰਜੀਤ ਸਿੰਘ ਪਿੰਡ ਸਰਾਵਾਂ ਅਤੇ ਪ੍ਰੀਤ ਭਗਵਾਨ ਸਿੰਘ ਪਿੰਡ ਨਿਮਾਮੀਵਾਲਾ ਦੇ ਨਾਂਅ ਸ਼ਾਮਲ ਹਨ। ਇਸ ਘਟਨਾ ਵਿਚ ਬੇਅੰਤ ਸਿੰਘ 21 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ ਹੈ, ਜਿਸ ਦੇ ਪੇਟ ਅਤੇ ਪੱਟ 'ਤੇ ਗੋਲੀ ਲੱਗੀ ਹੈ।ਪੁਲਸ ਨੇ 200 ਤੋਂ ਉਪਰ ਫਾਇਰ ਕੀਤੇ। ਮੁਜ਼ਾਹਰਾਕਾਰੀਆਂ ਨੇ ਸੜਕ 'ਤੇ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ।
ਇਸ ਤੋਂ ਪਹਿਲਾਂ ਸਵੇਰੇ ਕੋਟਕਪੂਰਾ 'ਚ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ਤੇ ਪੁਲਸ ਦਰਮਿਆਨ ਝੜਪ ਹੋ ਗਈ। ਇਸ ਦੌਰਾਨ ਜਿਥੇ ਪੁਲਸ ਵੱਲੋਂ ਬਲ ਪ੍ਰਯੋਗ ਕਰਦਿਆਂ ਪਾਣੀ ਦੀਆਂ ਵਾਛੜਾਂ ਛੱਡੀਆਂ ਗਈਆਂ, ਉਥੇ ਹਵਾਈ ਫਾਈਰਿੰਗ ਨਾਲ ਲਾਠੀਚਾਰਜ ਵੀ ਕੀਤਾ ਗਿਆ।
ਇਕੱਤਰ ਜਾਣਕਾਰੀ ਅਨੁਸਾਰ ਧਰਨੇ ਦੇ ਤੀਜੇ ਦਿਨ ਅੱਜ ਸਵੇਰੇ ਕਰੀਬ 6 ਵਜੇ ਪੁਲਸ ਤੇ ਸਿੱਖ ਜਥੇਬੰਦੀਆਂ ਦੀ ਖੂਨੀ ਝੜਪ ਹੋ ਗਈ। ਪੁਲਸ ਨੇ ਧਰਨਾਕਾਰੀਆਂ ਨੂੰ ਭਜਾਉਣ ਲਈ ਹਵਾਈ ਫਾਇਰ ਤੋਂ ਇਲਾਵਾ ਪਾਣੀ ਦੀ ਬੋਛਾੜ ਤੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਸਿੱਖ ਜਥੇਬੰਦੀਆਂ ਪੁਲਸ ਦੀ ਇਸ ਕਾਰਵਾਈ 'ਤੇ ਭੜਕ ਉੱਠਆਂ, ਉਨ੍ਹਾਂ ਗੁੱਸੇ ਵਿੱਚ ਇੱਟਾਂ ਰੋੜਿਆਂ ਨਾਲ ਗੱਡੀਆਂ ਦੀ ਭੰਨਤੋੜ ਕਰ ਦਿੱਤੀ ਅਤੇ ਇੱਕ ਗੱਡੀ ਨੂੰ ਅੱਗ ਲਾ ਦਿੱਤੀ। ਸਿੱਖ ਜਥੇਬੰਦੀਆਂ ਵਲੋਂ ਇਹ ਇੱਟਾਂ, ਰੋੜੇ ਪਹਿਲਾਂ ਹੀ ਟਰਾਲੀਆਂ ਵਿਚ ਭਰ ਕੇ ਲਿਆਂਦੇ ਗਏ ਸਨ, ਜਿਸ ਨਾਲ ਪੀ ਆਰ ਟੀ ਸੀ ਦੀਆਂ ਦੋ ਬੱਸਾਂ, ਪੁਲਸ ਦੀਆਂ ਗੱਡੀਆਂ ਦੇ ਅਤੇ ਹੋਰ ਪ੍ਰਾਈਵੇਟ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਅਤੇ ਇੱਕ ਛੋਟੇ ਹਾਥੀ ਨੂੰ ਅੱਗ ਲਾ ਦਿੱਤੀ। ਇਸ ਕਾਰਵਾਈ ਦੌਰਾਨ ਪੁਲਸ ਦੇ 17 ਤੋਂ ਵੱਧ ਮੁਲਾਜ਼ਮ ਵੀ ਫੱਟੜ ਹੋਏ, ਜਿਨ੍ਹਾਂ ਵਿਚ ਐਸ ਐਚ ਓ ਭੱਲਾ ਸਿੰਘ, ਹੌਲਦਾਰ ਅਵਿਨਾਸ਼ ਰਾਏ ਲੁਧਿਆਣਾ, ਰਛਪਾਲ ਸਿੰਘ, ਜਸਵਿੰਦਰ ਸਿੰਘ ਤਰਨ ਤਾਰਨ, ਹੌਲਦਾਰ ਸੁਖਜਿੰਦਰ ਸਿੰਘ, ਰਾਮ ਲਾਲ, ਹਰਚਰਨ ਸਿੰਘ, ਗੁਲਾਬ ਸਿੰਘ, ਸਾਹਿਬ ਸਿੰਘ, ਰਣਜੀਤ ਸਿੰਘ, ਨਿਰਮਲ ਰਾਏ, ਅੰਗਰੇਜ ਸਿੰਘ, ਅਸ਼ਵਨੀ ਕੁਮਾਰ ਜਲੰਧਰ, ਤਰਸੇਮ ਲਾਲ 4 ਆਈ ਆਰ ਪੀ ਕਪੂਰਥਲਾ ਸ਼ਾਮਲ ਸਨ। ਜਿਨ੍ਹਾਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਹੋਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤੇ ਗਏ ਹਨ। ਇੱਥੇ ਪ੍ਰੈਸ ਕਵਰੇਜ ਕਰਨ ਆਏ ਨਵਾਂ ਜ਼ਮਾਨਾ ਦੇ ਪੱਤਰਕਾਰ ਸ਼ਾਮ ਲਾਲ ਚਾਵਲਾ ਵੀ ਫੱਟੜ ਹੋ ਗਏ। ਕੋਟਕਪੂਰਾ ਦੇ ਡੀ. ਐਸ. ਪੀ. ਬਲਜੀਤ ਸਿੰਘ ਸਿੱਧੂ ਅਤੇ ਥਾਣਾ ਸਿਟੀ ਦੇ ਐਸ. ਐਚ. ਓ. ਗੁਰਦੀਪ ਸਿੰਘ ਪੰਧੇਰ ਨਾਲ ਮੋਬਾਇਲ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ।
ਸਿੱਖ ਜਥੇਬੰਦੀਆਂ ਦੇ ਆਤਮਾ ਸਿੰਘ ਕੋਟਕਪੂਰਾ, ਸਰਵਨ ਸਿੰਘ ਜ਼ੀਰਾ, ਬੂਟਾ ਸਿੰਘ ਤੇ ਸੋਹਣ ਸਿੰਘ ਸੰਤੂਵਾਲਾ ਦੇ ਕਰੀਬ ਛੇ ਵਿਅਕਤੀ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਜ਼ੇਰੇ ਇਲਾਜ ਹਨ। ਸਿਵਲ ਹਸਪਤਾਲ ਦੇ ਐਸ. ਐਮ. ਓ. ਡਾ. ਗਾਜ਼ੀ ਊਜੈਰ, ਡਾ. ਕੁਲਦੀਪ ਧੀਰ ਵੀ ਫੱਟੜਾਂ ਨੂੰ ਹਸਪਤਾਲ ਵਿਖੇ ਲੈ ਕੇ ਜਾਂਦੇ ਦੇਖੇ ਗਏ। ਜੱਥੇਦਾਰ ਗੁਰਮੀਤ ਸਿੰਘ ਸੇਵਾਦਾਰ ਗੁਰੂ ਗ੍ਰੰਥ ਸਾਹਿਬ ਸਾਂਭ-ਸੰਭਾਲ ਨੇ ਦੱਸਿਆ ਕਿ ਪਵਿੱਤਰ ਗੁਰੂ ਗੰਥ ਸਾਹਿਬ ਦੀ ਬੇਅਦਬੀ ਕਰਨ ਦੇ ਰੋਸ ਵਿੱਚ ਸਿੱਖ ਸੰਗਤ ਭੜਕਾਹਟ ਵਿੱਚ ਆ ਗਈ ਤੇ ਉਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਰੋਸ ਧਰਨੇ ਲਗਾਏ। ਉਨ੍ਹਾਂ ਨੇ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਵੇਰੇ ਛੇ ਵਜੇ ਦੇ ਕਰੀਬ ਸ਼ਾਂਤ ਮਈ ਪਾਠ ਕਰ ਰਹੀਆਂ ਸੰਗਤਾਂ 'ਤੇ ਪੁਲਸ ਨੇ ਅੰਨ੍ਹੇਵਾਹ ਤਸ਼ੱਦਦ ਕਰ ਦਿੱਤਾ, ਗੋਲੀਆਂ ਦੀ ਬੋਛਾੜ ਕਰ ਦਿੱਤੀ ਜਿਸ ਨਾਲ ਸਿੱਖ ਸੰਗਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ । ਜੋ ਵੱਖ-ਵੱਖ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਮੰਦ ਭਾਗੀ ਘਟਨਾ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਰੀਬ ਇੱਕ ਸੌ ਤੋਂ ਉਪਰ ਵਿਅਕਤੀ ਫੱਟੜ ਹੋਏ। ਜੋ ਕਿ ਸਰਕਾਰੀ, ਪ੍ਰਾਈਵੇਟ ਹਸਪਤਾਲਾਂ ਵਿਚ ਜ਼ੇਰੇ ਇਲਾਜ ਦਾਖਲ ਹਨ।
ਬਾਕੀ ਫੱਟੜਾਂ ਨੂੰ ਵੀ ਪੁਲਸ ਐਂਬੂਲੈਂਸ ਰਾਹੀਂ ਭੇਜਿਆ ਜਾਂਦਾ ਦੇਖਿਆ ਗਿਆ। ਪੁਲਸ ਵੱਲੋਂ ਦੋ ਬੱਸਾਂ ਵਿਚ ਕਰੀਬ ਸੌ ਤੋਂ ਉਪਰ ਸਿੱਖ ਜਥੇਬੰਦੀਆਂ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਮਨ-ਸ਼ਾਂਤੀ ਕਾਇਮ ਰੱਖਣ ਦੇ ਮਨੋਰਥ ਨਾਲ ਸਥਾਨਕ ਸਕੂਲ, ਕਾਲਜ ਬੰਦ ਕਰ ਦਿਤੇ ਗਏ। ਸ਼ਹਿਰ ਦੇ ਆਸੇ ਪਿੰਡਾਂ ਵਿਚ ਅਫਵਾਹਾਂ ਦਾ ਮਾਹੌਲ ਗਰਮ ਹੈ। ਕੁੱਲ ਮਿਲਾ ਕੇ ਸ਼ਹਿਰ ਵਿਚ ਤਨਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਸ਼ਾਂਤੀ ਹੈ। ਲੋਕ ਗਲੀਆਂ, ਚੌਰਾਹਾਂ ਤੇ ਖੜ ਕੇ ਤਾਜਾ ਘਟਨਾ ਦੀ ਜਾਣਕਾਰੀ ਲੈ ਰਹੇ ਹਨ। ਕਈ ਲੋਕ ਸੋਸ਼ਲ ਸਾਈਟਾਂ 'ਤੇ ਅਫਵਾਹਾਂ ਫੈਲਾ ਕੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਤੇ ਅਫਵਾਹ ਫੈਲਾਈ ਜਾ ਰਹੀ ਕਿ ਝੜਪਾਂ 'ਚ ਦੋ ਵਿਅਕਤੀ ਮਾਰੇ ਗਏ ਹਨ ਤੇ ਕਿਤਿਓਂ ਖਬਰ ਆ ਰਹੀ ਹੈ ਕਿ ਪੂਰੇ ਸ਼ਹਿਰ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ 'ਚ ਨਾ ਪੈਣ ਤੇ ਅਮਨ-ਸ਼ਾਂਤੀ ਰੱਖਣ ਦੀ ਅਪੀਲ ਕੀਤੀ।
ਸਮਾਣਾ (ਇਕਬਾਲ ਸਿੰਘ ਸਮਾਣਾ) : ਸਮਾਣਾ ਦਰਦੀ ਚੌਕ ਵਿਚ ਕੱਲ੍ਹ ਸਵੇਰ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋ ਦਰਦੀ ਚੌਕ ਵਿਖੇ ਜਾਮ ਲਾਇਆ ਗਿਆ ਸੀ। ਇਹ ਜਾਮ ਅੱਜ ਦੂਜੇ ਦਿਨ ਵਿਚ ਤਬਦੀਲ ਹੋ ਗਿਆ ਸੀ ਅਤੇ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਸਿੱਖ ਜਥੇਬੰਦੀਆਂ ਵੱਲੋਂ ਇਹ ਜਾਮ ਨਹੀਂ ਖੋਲ੍ਹਿਆ ਗਿਆ ਅਤੇ ਲੱਗਭੱਗ 5 ਵਜੇ ਦੇ ਕਰੀਬ ਸਮਾਣਾ ਦੇ ਐੱਸ.ਡੀ.ਐੱਮ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਅਤੇ ਉਸ ਤਂੋ ਬਾਅਦ ਅਰਦਾਸ ਕਰਕੇ ਇਹ ਜਾਮ ਖੋਲ੍ਹਿਆ ਗਿਆ।
ਜਗਰਾਉਂ (ਸੰਜੀਵ ਅਰੋੜਾ) : ਪਿੰਡ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮਾਮਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਹਰ ਇਲਾਕੇ 'ਚ ਸਿੱਖਾਂ ਵੱਲੋਂ ਰੋਸ ਵਜੋਂ ਮਾਰਚ ਅਤੇ ਧਰਨੇ ਲਗਾਏ ਜਾ ਰਹੇ ਹਨ, ਪਰ ਸਾਡੀ ਅਖੌਤੀ ਪੰਥਕ ਸਰਕਾਰ ਇਸ ਮਾਮਲੇ ਨੂੰ ਸੁਲਝਾਉਣ ਦੀ ਬਜਾਇ ਉਲਝਾਅ ਰਹੀ ਹੈ, ਜਿਸ ਕਾਰਨ ਅੱਜ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ। ਜਗਰਾਉਂ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਇਲਾਕੇ ਭਰ ਦੇ ਪਿੰਡਾਂ ਤੋਂ ਪਹੁੰਚੇ ਸਿੱਖਾਂ ਵੱਲੋਂ ਵਿਸ਼ਾਲ ਰੋਸ ਮਾਰਚ ਗੁਰਦੁਆਰਾ ਸਿੰਘ ਸਭਾ ਤਹਿਸੀਲ ਰੋਡ ਤੋਂ ਕੱਢਿਆ ਗਿਆ, ਜਿਹੜਾ ਕਿ ਝਾਂਸੀ ਚੌਕ, ਕਮਲ ਚੌਕ, ਨਹਿਰੂ ਮਾਰਕੀਟ, ਲਾਜਪਤ ਰਾਏ ਰੋਡ ਤੇ ਰੇਲਵੇ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ 'ਚ ਸਮਾਪਤ ਹੋਇਆ। ਰੋਸ ਮਾਰਚ 'ਚ ਵੱਡੀ ਗਿਣਤੀ 'ਚ ਪਹੁੰਚੇ ਸਿੱਖਾਂ ਦਾ ਗੁੱਸਾ ਦਸਵੇਂ ਅਸਮਾਨ 'ਤੇ ਸੀ ਤੇ ਹਰ ਇਕ ਸਿੱਖ ਪੰਜਾਬ ਸਰਕਾਰ ਨੂੰ ਕੋਸ ਰਿਹਾ ਸੀ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸੌਦਾ ਸਾਧ ਦੇ ਖਿਲਾਫ਼ ਜ਼ਬਰਦਸਤ ਨਾਅਰੇ ਲਗਾ ਰਹੇ ਸਨ। ਇਸ ਤੋਂ ਇਲਾਵਾ 'ਸਿੱਖ ਪੰਥ ਦੇ ਦੋਖੀਆਂ ਨੂੰ ਗ੍ਰਿਫ਼ਤਾਰ ਕਰੋ', 'ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਫਾਹੇ ਟੱਗੋ' ਦੇ ਨਾਅਰੇ ਵੀ ਜਗਰਾਉਂ ਦੀ ਧਰਤੀ 'ਤੇ ਗੂੰਜੇ।
ਇਸ ਮੌਕੇ ਗੁਰਪ੍ਰੀਤ ਸਿੰਘ ਭਜੜਗੜ੍ਹ, ਦਰਸ਼ਨ ਸਿੰਘ ਚਾਵਲਾ, ਗ੍ਰੰਥੀ ਮਨਪ੍ਰੀਤ ਸਿੰਘ, ਰਾਗੀ ਤਰਲੋਕ ਸਿੰਘ, ਅਮਰਜੀਤ ਸਿੰਘ ਓਬਰਾਏ, ਸੁਖਦੇਵ ਸਿੰਘ ਨਸਰਾਲੀ, ਕੁਲਦੀਪ ਸਿੰਘ ਰਣੀਆ, ਰਾਜਪਾਲ ਸਿੰਘ ਰੋਸ਼ਨ, ਬਲਵਿੰਦਰ ਸਿੰਘ ਮੱਲ੍ਹਾ, ਸੁਖਦੇਵ ਸਿੰਘ ਲੋਪੋ, ਜਗਮੋਹਣ ਸਿੰਘ ਮਨਸੀਹਾਂ, ਸੁਰਜੀਤ ਸਿੰਘ ਰਾਊਵਾਲ, ਅਵਤਾਰ ਸਿੰਘ ਰਾਮਗੜ੍ਹ, ਸੁਖਵਿੰਦਰ ਸਿੰਘ ਹਾਂਸ, ਗੁਰਜੀਤ ਸਿੰਘ, ਸੁਖਪਾਲ ਸਿੰਘ, ਸਤਨਾਮ ਸਿੰਘ ਸ਼ੇਰਪੁਰੀ, ਉਕਾਰ ਸਿੰਘ, ਗੁਰਮੇਲ ਸਿੰਘ ਬੰਸੀ, ਸੇਵਕ ਸਿੰਘ, ਪ੍ਰਗਟ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ ਦਲੇਰ, ਨਛੱਤਰ ਸਿੰਘ ਮੱਲ੍ਹਾ, ਸੁਖਵਿੰਦਰ ਸਿੰਘ ਢਾਡੀ, ਸਤਨਾਮ ਸਿੰਘ ਸ਼ੇਰਪੁਰੀ, ਦਾਨਾ ਸਿੰਘ ਸ਼ੇਰਪੁਰੀ, ਗੁਰਜੰਟ ਸਿੰਘ, ਅਮਰਜੀਤ ਸਿੰਘ, ਦਮਸ਼ੇਸ਼ ਨੌਜਵਾਨ ਸਭਾ ਦੇ ਸਮੂਹ ਅਹੁਦੇਦਾਰ, ਲਖਵੀਰ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਜਸਵੰਤ ਸਿੰਘ ਖਾਲਸਾ, ਮਹਿੰਦਰ ਸਿੰਘ ਭੰਮੀਪੁਰਾ, ਗਗਨਦੀਪ ਸਿੰਘ ਸਰਨਾ, ਸ਼ੇਰ ਸਿੰਘ ਰਾਏਵਾਲ, ਏਕਮਕਾਰ ਸਿੰਘ ਖਾਲਸਾ, ਗ੍ਰੰਥੀ ਸੁਖਮਿੰਦਰ ਸਿੰਘ, ਨਿਰਭੈ ਸਿੰਘ ਜੋਤੀ, ਬੂਟਾ ਸਿੰਘ, ਨਿਰਮਲ ਸਿੰਘ ਡੇਅਰੀ ਵਾਲੇ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਦੇ ਸਿੰਘ ਹਾਜ਼ਰ ਸਨ।
ਇਸੇ ਦੌਰਾਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਦੋਸ਼ੀ ਅਨਸਰਾਂ ਖਿਲਾਫ਼ ਕਤਲ ਦਾ ਪਰਚਾ ਦਰਜ ਕਰਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਫ਼ੈਡਰੇਸ਼ਨ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਮਾਨਵਤਾ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹਰ ਸਿੱਖ ਲਈ ਸਰਵੋਤਮ ਹੈ ਅਤੇ ਇਸਦੀ ਬਹਾਲੀ ਲਈ ਹਰ ਸਿੱਖ ਆਪਾ ਕੁਰਬਾਨ ਕਰਨ ਲਈ ਤੱਤਪਰ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਘਿਨਾਉਣੇ ਕਾਰੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਦਿਖਾਈ ਦੇ ਰਹੀ ਹ,ੈ ਜਿਸ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ, ਇਸ ਲਈ ਸਰਕਾਰ ਆਪਣਾ ਬਣਦਾ ਫਰਜ਼ ਅਦਾ ਕਰਦਿਆਂ ਜਿੱਥੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਇਸ ਸਾਜ਼ਿਸ਼ ਨੂੰ ਬੇਪਰਦਾ ਕਰੇ, ਉੱਥੇ ਸ਼ਾਂਤਮਈ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਸੰਗਤਾਂ 'ਤੇ ਗੋਲੀ ਚਲਾਉਣ ਅਤੇ ਜਬਰ ਢਾਹੁਣ ਵਾਲੇ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਖਿਲਾਫ਼ ਕਾਰਵਾਈ ਵੀ ਕਰੇ।
ਮੋਗਾ (ਇਕਬਾਲ ਸਿੰਘ) : ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਣ ਦੀ ਘਿਨਾਉਣੀ ਹਰਕਤ ਪਿੱਛੋਂ ਸਿੱਖ ਸ਼ਰਧਾਲੂਆਂ ਵਿੱਚ ਭਾਰੀ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਮਾਲਵਾ ਇਲਾਕੇ ਵਿੱਚ ਧਰਨੇ ਲਗਾ ਕੇ ਰਸਤੇ ਜਾਮ ਕੀਤੇ ਜਾ ਰਹੇ ਹਨ। ਅੱਜ ਮੋਗਾ-ਬਰਨਾਲਾ ਕੌਮੀ ਸ਼ਾਹ ਮਾਰਗ 'ਤੇ ਪਿੰਡ ਹਿੰਮਤਪੁਰਾ ਨੇੜੇ ਮੋਗਾ ਜ਼ਿਲ੍ਹੇ ਦੀ ਹੱਦ 'ਤੇ ਇਲਾਕੇ ਦੇ ਸਿੱਖ ਸ਼ਰਧਾਲੂਆਂ ਵੱਲੋਂ ਸੜਕਾਂ ਬੰਦ ਕਰਕੇ ਧਰਨਾ ਦਿੱਤਾ ਗਿਆ ਅਤੇ ਬੁਲਾਰਿਆਂ ਨੇ ਅਣਮਿਥੇ ਸਮੇਂ ਦੇ ਧਰਨੇ ਦਾ ਐਲਾਨ ਕਰ ਦਿੱਤਾ।