ਕਪਤਾਨੀ ਨਾ ਮਿਲਣ ਦੀ ਸੂਰਤ 'ਚ ਕੈਪਟਨ ਬਣਾ ਸਕਦੇ ਹਨ ਵੱਖਰੀ ਫੌਜ

ਭਾਵੇਂ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾ ਦੀ ਇੱਛਾ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਇਸ਼ਾਰਾ ਮਾਤਰ ਦੇ ਦਿੱਤਾ ਹੈ, ਪਰ ਹਾਲੇ ਵੀ ਕੈਪਟਨ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਵਿੱਚ ਅਨਿਸਚਿਤਤਾ ਬਣੇ ਰਹਿਣ ਕਾਰਨ ਕਾਂਗਰਸ ਦੇ ਆਗੂ ਸਕਤੇ ਵਿੱਚ ਹਨ, ਕਿਉਂਕਿ ਹਾਲੇ ਤੱਕ ਦੋਵਾਂ ਧਿਰਾਂ ਦਰਮਿਆਨ ਪ੍ਰਧਾਨਗੀ ਨੂੰ ਲੈ ਕੇ ਕੋਈ ਸਾਰਥਕ ਸਮਝੌਤਾ ਨਹੀਂ ਹੋ ਸਕਿਆ। ਵਰਕਰਾਂ ਵਿੱਚ ਖਦਸ਼ਾ ਪਾਇਆ ਜਾ ਰਿਹਾ ਹੈ ਕਿ ਕੈਪਟਨ ਤੇ ਹਾਈ ਕਮਾਂਡ ਵਿੱਚ ਹੋਣ ਵਾਲੀ ਮੀਟਿੰਗ ਜੇਕਰ ਆਖਰੀ ਹੋਈ ਤੇ ਕੈਪਟਨ ਨੂੰ ਪ੍ਰਧਾਨ ਨਾ ਬਣਾਏ ਜਾਣ ਦੀ ਸੂਰਤ ਵਿੱਚ ਉਹਨਾ ਕੋਲ ਵੱਖਰੀ ਪਾਰਟੀ ਬਣਾ ਕੇ ਪੰਜਾਬ ਵਿੱਚ ਵਿਚਰਨ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਰਹਿ ਜਾਵੇਗਾ, ਜਿਸ ਦੀਆਂ ਕਈ ਸਿਆਸੀ ਪੰਡਤਾਂ ਨੇ ਵੀ ਭਵਿੱਖਬਾਣੀਆਂ ਕੀਤੀਆਂ ਹਨ। ਅਜਿਹੀ ਸਥਿਤੀ ਵਿੱਚ ਕੈਪਟਨ ਪੱਖੀ ਵਿਧਾਇਕ, ਸਾਬਕਾ ਵਿਧਾਇਕ ਤੇ ਪਾਰਟੀ ਅਹੁਦੇਦਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਕਾਂਗਰਸ ਦੀ ਮੰਝਧਾਰ ਵਿੱਚ ਫਸੀ ਡੁੱਬਦੀ ਬੇੜੀ ਨੂੰ ਹੋਰ ਵੀ ਡੂੰਘੇ ਖਾਰੇ ਪਾਣੀ ਵਿੱਚ ਧੱਕ ਸਕਦੇ ਹਨ। ਪੰਜਾਬ ਨੂੰ ਦੇਸ਼ ਦੀ ਖੜਗ-ਭੁਜਾ ਜਾਣਿਆ ਜਾਂਦਾ ਹੈ। ਇੱਥੋਂ ਦੇ ਚੋਣ ਨਤੀਜਿਆਂ ਦਾ ਅਸਰ ਘੱਟੋ-ਘੱਟ ਛੇ ਹੋਰ ਸੂਬਿਆਂ 'ਤੇ ਪੈਂਦਾ ਹੈ, ਜਿਹਨਾਂ ਵਿੱਚ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਦਿੱਲੀ ਸ਼ਾਮਲ ਹਨ। ਕੈਪਟਨ ਦੇ ਹਮਾਇਤੀਆਂ ਨੇ ਕਾਂਗਰਸ ਪਾਰਟੀ ਛੱਡਣ ਜਾਂ ਨਾ ਛੱਡਣ ਨੂੰ ਲੈ ਕੇ ਵਿਚਾਰ-ਵਟਾਂਦਰੇ ਸ਼ੁਰੂ ਕਰ ਦਿੰਦੇ ਹਨ ਅਤੇ ਬਹੁਤ ਸਾਰੇ ਆਗੂ ਦੁਚਿੱਤੀ ਵਿੱਚ ਹਨ, ਕਿਉਂਕਿ ਉਹ ਸਮਝਦੇ ਹਨ ਕਿ ਵਿਅਕਤੀ ਨਾਲੋਂ ਪਾਰਟੀ ਹਮੇਸ਼ਾ ਵੱਡੀ ਤੇ ਮਜ਼ਬੂਤ ਹੁੰਦੀ ਹੈ, ਜਦ ਕਿ ਇੱਕ ਵਿਅਕਤੀ ਵਿਸ਼ੇਸ਼ ਦਾ ਅਧਾਰ ਸੀਮਤ ਦਾਇਰੇ ਤੱਕ ਹੀ ਹੁੰਦਾ ਹੈ।
ਬਹੁਤੇ ਕਾਂਗਰਸੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਕੈਪਟਨ ਇੱਕ ਸੁਲਝੇ ਹੋਏ ਵਿਅਕਤੀ ਹਨ ਤੇ ਪੰਜਾਬ ਵਿੱਚ ਅਕਾਲੀ ਦਲ ਦੇ ਧੁਨੰਤਰ ਪ੍ਰਕਾਸ਼ ਸਿੰਘ ਬਾਦਲ ਨੂੰ ਲੰਮੇ ਹੱਥੀਂ ਟੱਕਰ ਦੇਣ ਦੀ ਸਮਰੱਥਾ ਰੱਖਦੇ ਹਨ ਤਾਂ ਉਹ ਸਿਰਫ ਕੈਪਟਨ ਹੀ ਹਨ ਅਤੇ ਬਾਦਲ ਸਿਵਾਏ ਕੈਪਟਨ ਤੋਂ ਬਾਕੀ ਵਿਰੋਧੀ ਧਿਰ ਦੇ ਆਗੂਆਂ ਨੂੰ ਟਿੱਚ ਜਾਣਦੇ ਹਨ। ਕਾਂਗਰਸੀ ਆਗੂ ਇੱਕ-ਦੂਜੇ ਨੂੰ ਪਾਰਟੀ ਛੱਡਣ ਜਾਂ ਛੱਡਣ ਤੋਂ ਪਹਿਲਾਂ ਭੂਤਕਾਲ ਸਮੇਂ ਪਾਰਟੀ ਛੱਡਣ ਵਾਲੇ ਆਗੂਆਂ ਦੀ ਹੋਣੀ ਵੱਲ ਵੀ ਗਹੁ ਨਾਲ ਵੇਖ ਰਹੇ ਹਨ ਕਿ ਹਰਿਆਣਾ ਦੇ ਚੌਧਰੀ ਬੰਸੀ ਲਾਲ, ਚੌਧਰੀ ਭਜਨ ਲਾਲ, ਮਹਾਰਾਸ਼ਟਰ ਦੇ ਵਾਈ ਬੀ ਚਵਾਨ, ਆਸਾਮ ਦੇ ਪੀ ਏ ਸੰਗਮਾ (ਸਾਬਕਾ ਲੋਕ ਸਭਾ ਸਪੀਕਰ), ਬਿਹਾਰ ਦੇ ਚੌਧਰੀ ਜਗਜੀਵਨ ਰਾਮ, ਪੰਜਾਬ ਦੇ ਸਵਰਨ ਸਿੰਘ, ਬੂਟਾ ਸਿੰਘ ਅਤੇ ਕਰਨਾਟਕ ਦੇ ਡੀ ਕੇ ਬਰੂਆ ਤੋਂ ਇਲਾਵਾ ਹੋਰ ਕਈ ਪਾਰਟੀ ਛੱਡਣ ਵਾਲੇ ਆਗੂਆਂ ਦੀ ਹੋਂਦ ਸਿਆਸੀ ਹਾਸ਼ੀਏ ਤੋਂ ਬਾਹਰ ਚਲੀ ਗਈ ਸੀ ਤੇ ਉਹ ਕੱਖੋਂ ਹੌਲੇ ਹੋ ਗਏ ਸਨ। ਬਹੁਤੇ ਆਗੂਆਂ ਨੂੰ ਵਾਪਸੀ ਕਰਨੀ ਪਈ, ਪਰ ਉਹਨਾਂ ਨੂੰ ਪਹਿਲਾਂ ਵਾਲਾ ਪਾਰਟੀ ਵੱਲੋਂ ਮਾਣ-ਸਤਿਕਾਰ ਨਹੀ ਮਿਲ ਸਕਿਆ ਸੀ। ਕੈਪਟਨ ਅਮਰਿੰਦਰ ਸਿੰਘ ਵੀ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਪਾਰਟੀ ਛੱਡ ਗਏ ਸਨ ਤੇ ਉਹਨਾ ਵੀ ਵੇਖ ਲਿਆ ਸੀ ਕਿ ਪਾਰਟੀ ਤੋਂ ਬਾਹਰ ਜਾ ਕੇ ਬੰਦੇ ਦੀ ਕਿੰਨੀ ਕੁ ਵੁਕਤ ਰਹਿੰਦੀ ਹੈ।
ਕੈਪਟਨ ਦੀ ਕਪਤਾਨੀ ਵਿੱਚ ਰੋੜਾ ਅਟਕਾਉਣ ਵਾਲੇ ਕੌਮੀ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਆਪਣਾ ਵਤੀਰਾ ਹੁਣ ਬਦਲ ਲਿਆ ਹੈ ਤੇ ਉਹ ਪਹਿਲਾਂ ਨਾਲੋਂ ਨਰਮ ਪੈ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਦੋ ਦਰਜਨ ਤੋਂ ਵੱਧ ਵਿਧਾਇਕਾਂ ਤੇ ਤਿੰਨ ਦਰਜਨ ਸਾਬਕਾ ਵਿਧਾਇਕਾਂ ਦੀ ਹਮਇਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵੱਖਰੀ ਪਾਰਟੀ ਬਣਾਉਣ ਉਪਰੰਤ ਹੀ ਅਸਲੀਅਤ ਸਾਹਮਣੇ ਆ ਸਕੇਗੀ ਕਿ ਕੈਪਟਨ ਦੇ ਬਿਨਾਂ ਖੰਭਾਂ ਤੋਂ ਉੱਡਣ ਖਟੋਲੇ ਵਿੱਚ ਕੌਣ-ਕੌਣ ਸਵਾਰ ਹੁੰਦਾ ਹੈ।
ਪੰਥਕ ਹਲਕਿਆਂ ਵਿੱਚ ਵੀ ਕੈਪਟਨ ਵੱਲੋਂ ਵੱਖਰੀ ਪਾਰਟੀ ਬਣਾ ਕੇ ਮੈਦਾਨ ਵਿੱਚ ਨਿਤਰਨ ਵੱਲ ਵੇਖਿਆ ਜਾ ਰਿਹਾ ਹੈ ਤੇ ਬਹੁਤ ਸਾਰੇ ਪੰਥਕ ਆਗੂ ਵੀ ਕੈਪਟਨ ਦੇ ਸੰਪਰਕ ਵਿੱਚ ਹਨ, ਜਿਹੜੇ ਕਾਂਗਰਸ ਪਾਰਟੀ ਨੂੰ ਤਾਂ ਪਸੰਦ ਨਹੀਂ ਕਰਦੇ, ਪਰ ਕੈਪਟਨ ਉਹਨਾਂ ਦੇ ਹਰਮਨ-ਪਿਆਰੇ ਆਗੂ ਹਨ, ਕਿਉਂਕਿ ਉਹ ਜਿਹੜਾ ਵੀ ਵਾਅਦਾ ਕਰਦੇ ਹਨ, ਉਸ ਨੂੰ ਵਫਾ ਕਰਨ ਵਿੱਚ ਯਕੀਨ ਰੱਖਦੇ ਹਨ। ਗੁਪਤਚਰ ਏਜੰਸੀਆਂ ਮੁਤਾਬਕ ਪੰਜਾਬ ਦੀ ਮੌਜੂਦਾ ਹਾਕਮ ਧਿਰ ਦੇ ਵਿਧਾਇਕ ਵੀ ਕੈਪਟਨ ਦੇ ਸੰਪਰਕ ਵਿੱਚ ਹਨ ਤੇ ਉਹ ਵੀ ਬਾਦਲਾਂ ਦੀ ਡੁੱਬਦੀ ਬੇੜੀ ਵਿੱਚੋਂ ਕਿਸੇ ਸਮੇਂ ਵੀ ਛਾਲ ਮਾਰ ਕੇ ਕੈਪਟਨ ਦੇ ਉੱਡਣ ਖਟੋਲੇ ਵਿੱਚ ਸਵਾਰ ਹੋ ਸਕਦੇ ਹਨ। ਕੈਪਟਨ ਤੇ ਕਾਂਗਰਸੀਆਂ ਲਈ ਅਗਲੇ ਕੁਝ ਦਿਨ ਪ੍ਰੀਖਿਆ ਵਾਲੇ ਹੋਣਗੇ ਤੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਤੋ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਉੱਘੇ ਇਤਿਹਾਸਕਾਰ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾ ਕੇ ਚੋਣ ਲੜਨਗੇ ਤੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਉਪਰੰਤ ਪੰਜਾਬ ਦੇ ਲੀਹੋਂ ਲੱਥੇ ਵਿਕਾਸ ਨੂੰ ਲੀਹ 'ਤੇ ਲਿਆਉਣ ਦੇ ਯਤਨ ਕਰਨਗੇ, ਕਿਉਕਿ ਭਾਜਪਾ ਦੇ ਥੰਮ੍ਹ ਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਹੋਈ ਹਾਰ ਅਕਾਲੀ-ਭਾਜਪਾ ਗਠਜੋੜ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋ ਸਕਦੀ ਹੈ।
ਪੰਜਾਬ ਦਾ ਮੌਜੂਦਾ ਘਟਨਾਕ੍ਰਮ ਵੀ ਸਿਆਸਤ ਦਾ ਇੱਕ ਹਿੱਸਾ ਹੈ ਤੇ ਨੈਪੋਲੀਅਨ ਬੋਨਾਪਾਰਟ ਦਾ ਕਹਿਣਾ ਹੈ, ' ਜਦੋਂ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹਟਾਉਣਾ ਹੋਵੇ ਤਾਂ ਉਹਨਾਂ ਨੂੰ ਕਿਸੇ ਧਾਰਮਿਕ ਮਸਲੇ ਵਿੱਚ ਉਲਝਾ ਦਿਓ।'