Latest News
ਡੇਰਾ ਮੁਖੀ ਬਾਰੇ ਹੁਕਮਨਾਮਾ ਵਾਪਸ
By ਅੰਮ੍ਰਿਤਸਰ (ਜਸਬੀਰ ਸਿੰਘ)

Published on 16 Oct, 2015 11:47 AM.

ਸ੍ਰੀ ਅਕਾਲ ਤਖਤ ਸਾਹਿਬ ਨੇ ਸਿਰਸਾ ਦੇ ਡੇਰਾ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰ ਦੇਣ ਵਾਲਾ ਮਤਾ ਆਖਿਰਕਾਰ ਰੱਦ ਕਰ ਦਿੰਦਾ ਹੈ। ਡੇਰਾ ਮੁਖੀ ਨੂੰ ਮੁਆਫ ਕੀਤੇ ਜਾਣ ਤੋਂ ਸਿੱਖ ਹਲਕਿਆਂ ਵਿੱਚ ਭਾਰੀ ਗੁੱਸਾ ਪਾਇਆ ਹੈ ਅਤੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬਾਨ ਨੂੰ ਭਾਰੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਨਾਲ ਪੰਥਕ ਸਫਾਂ ਨੂੰ ਰਾਹਤ ਪਹੁੰਚਾਈ ਅਤੇ ਸਿੰਘ ਸਾਹਿਬਾਨ ਵੀ ਆਪਣੇ ਆਪ ਨੂੰ ਸੁਰਖਰੂ ਮਹਿਸੂਸ ਕਰ ਰਹੇ ਹਨ।
ਸ਼ੁੱਕਰਵਾਰ ਸਵੇਰੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਰੀਬ ਤਿੰਨ ਘੰਟੇ ਚੱਲੀ ਲੰਮੀ ਮੀਟਿੰਗ ਵਿੱਚ ਪੰਥਕ ਸਫਾਂ ਵਿੱਚ ਵਿਰੋਧ ਪਾਏ ਜਾਣ 'ਤੇ 24 ਸਤੰਬਰ ਨੂੰ ਡੇਰਾ ਮੁਖੀ ਦੀ ਮੁਆਫੀ ਦਾ ਕੀਤਾ ਹੁਕਮਨਾਮਾ ਰੱਦ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੰਥਕ ਸਫਾਂ ਵਿੱਚ ਰੋਸ ਪਾਏ ਜਾਣ ਉਪਰੰਤ ਡੇਰਾ ਮੁਖੀ ਦੀ ਮੁਆਫੀ ਦਾ ਹੁਕਮਨਾਮਾ ਰੱਦ ਕੀਤਾ ਜਾਂਦਾ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਫੈਸਲੇ ਦੀ ਕਾਪੀ ਪੜ੍ਹ ਕੇ ਸੁਣਾਉਂਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 'ਡੇਰਾ ਸਿਰਸਾ ਮੁਖੀ ਸੌਦਾ ਸਾਧ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਖਿਮਾ ਜਾਚਨਾ ਸਪੱਸ਼ਟੀਕਰਨ 'ਤੇ ਵਿਚਾਰ ਕਰਕੇ ਜੋ ਹੁਕਮਨਾਮਾ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 24 ਸਤੰਬਰ ਨੂੰ ਕੀਤਾ ਗਿਆ ਸੀ, ਉਸ ਹੁਕਮਨਾਮੇ ਨੂੰ ਗੁਰੂ-ਪੰਥ ਵਿਚ ਪ੍ਰਵਾਨ ਨਹੀਂ ਕੀਤਾ ਗਿਆ। ਸਮੂਹ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਬੜੀ ਬਾਰੀਕੀ ਨਾਲ ਵਿਚਾਰਦਿਆਂ ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 16 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੇ ਹੰਗਾਮੀ ਮੀਟਿੰਗ ਸੱਦ ਕੇ (ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਜਲਦੀ ਨਾ ਆ ਸਕਣ ਕਰਕੇ ਜਥੇਦਾਰ ਸਾਹਿਬ ਨਾਲ ਟੈਲੀਫੋਨ 'ਤੇ ਵਿਚਾਰ-ਵਟਾਂਦਰਾ ਕਰਕੇ ਸਹਿਮਤੀ ਬਣੀ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸ਼ਾਮਿਲ ਕਰਕੇ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 24 ਸਤੰਬਰ ਨੂੰ ਸੌਦਾ ਸਾਧ ਡੇਰਾ ਸਿਰਸਾ ਮੁਖੀ ਦੇ ਸੰਬੰਧ ਵਿਚ ਜੋ ਫੈਸਲਾ ਕੀਤਾ ਗਿਆ ਸੀ, ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 16 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਰੱਦ ਕੀਤਾ ਜਾਂਦਾ ਹੈ। ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਖ਼ਾਲਸਾ ਪੰਥ ਦੇ ਮਾਣ-ਸਨਮਾਨ ਵਾਸਤੇ ਹਮੇਸ਼ਾ ਤੱਤਪਰ ਹਨ।'' ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਕੀ ਪਹਿਲਾਂ ਵੀ ਕਦੇ ਅਜਿਹਾ ਅਕਾਲ ਤਖਤ ਸਾਹਿਬ ਤਂੋ ਹੁਕਮਨਾਮਾ ਵਾਪਸ ਹੋਇਆ ਹੈ? ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦਾ ਕੋਈ ਹੁਕਮਨਾਮਾ ਜਾਂ ਆਦੇਸ਼ ਜਾਰੀ ਨਹੀਂ ਕੀਤਾ ਗਿਆ ਸੀ, ਸਗੋਂ ਗੁਰਮੱਤਾ ਜਾਰੀ ਕੀਤਾ ਗਿਆ ਸੀ ਅਤੇ ਪੰਥਕ ਰਵਾਇਤਾਂ ਮੁਤਾਬਿਕ ਗੁਰਮੱਤਾ ਵਾਪਸ ਹੋ ਸਕਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸੌਦੇ ਸਾਧ ਨਾਲੋਂ ਪੰਥਕ ਹਿੱਤ ਵਧੇਰੇ ਪਿਆਰੇ ਹਨ।
ਵਰਨਣਯੋਗ ਹੈ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਉਪਰੰਤ ਪੰਥਕ ਸਫਾਂ ਵਿੱਚ ਇੱਕ ਤਰ੍ਹਾ ਜਥੇਦਾਰਾਂ ਵਿਰੁੱਧ ਤੂਫਾਨ ਜਿਹਾ ਆ ਗਿਆ ਸੀ ਤੇ ਹਰ ਕੋਈ ਭਰਿਆ ਪੀਤਾ ਜਥੇਦਾਰਾਂ ਨੂੰ ਕੋਸ ਰਿਹਾ ਸੀ। ਕਈ ਨੌਜਵਾਨਾਂ ਨੇ ਤਾਂ ਜਥੇਦਾਰਾਂ ਨੂੰ ਸਬਕ ਸਿਖਾਉਣ ਦੇ ਵਟਸਅੱਪ ਸੁਨੇਹੇ ਵੀ ਭੇਜੇ ਸਨ ਤੇ ਪੰਜਾਬ ਸਰਕਾਰ ਨੇ ਪਹਿਲਾਂ ਇੱਕ ਇੱਕ ਪਾਇਲਟ ਗੱਡੀ ਤੇ ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੇ ਇੱਕ ਨੌਜਵਾਨ ਵੱਲੋਂ ਹਮਲਾ ਕਰ ਦੇਣ ਉਪਰੰਤ ਪਾਇਲਟ ਗੱਡੀਆਂ ਦੀ ਗਿਣਤੀ ਵਧਾ ਕੇ ਦੋ-ਦੋ ਕਰ ਦਿੱਤੀ ਗਈ ਸੀ। ਜਥੇਦਾਰ ਉਸ ਦਿਨ ਤੋ ਸੰਗੀਨਾ ਛਾਂ ਹੇਠ ਹੀ ਦਿਨ ਕੱਟੀ ਕਰ ਰਹੇ ਸਨ ਤੇ ਸੌਦਾ ਸਾਧ ਦੀ ਮੁਆਫੀ ਵਾਲਾ ਹੁਕਮਨਾਮਾ ਰੱਦ ਕਰਨ ਉਪਰੰਤ ਜਿਥੇ ਪੰਥਕ ਹਲਕਿਆਂ ਵਿੱਚ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ, ਉਥੇ ਜਥੇਦਾਰਾਂ ਵੀ ਪਹਿਲਾਂ ਨਾਲੋਂ ਤਰੋਤਾਜ਼ਾ ਵੇਖੇ ਗਏ। ਇਸ ਹੁਕਮਨਾਮੇ ਨੂੰ ਲੈ ਕੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਸਤੀਫੇ ਵੀ ਦੇ ਦਿੱਤੇ ਤੇ ਰੋਸ ਪ੍ਰਗਟ ਕਰਦਿਆਂ ਜਥੇਦਾਰਾਂ ਨੂੰ ਫੈਸਲਾ ਵਾਪਸ ਲੈਣ ਲਈ ਕਿਹਾ ਸੀ।
ਇਸੇ ਤਰ੍ਹਾਂ ਅੱਜ ਦੀ ਮੀਟਿੰਗ ਵਿੱਚ ਪਿਛਲੇ ਸਮੇਂ ਵਿਚ ਗੁਰੂ ਪੰਥ ਦੇ ਦੋਖੀਆਂ ਵੱਲੋਂ ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੋਰੀ ਕਰਨ ਉਪਰੰਤ ਧਮਕੀ ਭਰੇ ਪੱਤਰ ਕੰਧਾਂ ਉਤੇ ਚਿਪਕਾ ਕੇ (ਖ਼ਾਲਸਾ ਪੰਥ ਨੂੰ ਚੁਣੌਤੀ) ਦੇਣ ਦਾ ਵੀ ਕਰੜਾ ਨੋਟਿਸ ਲੈਂਦਿਆਂ ਜਥੇਦਾਰਾਂ ਨੇ ਫੈਸਲਾ ਕੀਤਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਸਰਕਾਰ ਨੂੰ ਤਾੜਨਾ ਵੀ ਕੀਤੀ। ਇਸ ਬਾਰੇ ਵੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੁਝ ਪੰਥ ਦੋਖੀਆਂ ਨੇ ਗੁਰੂ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰ ਕੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ ਅਤੇ ਇਸ ਗੰਭੀਰ ਮਸਲੇ ਪ੍ਰਤੀ ਪ੍ਰਸ਼ਾਸਨ ਨੂੰ ਵਾਰ-ਵਾਰ ਜਾਣੂ ਕਰਵਾਇਆ ਗਿਆ, ਪ੍ਰੰਤੂ ਪ੍ਰਸ਼ਾਸਨ ਨੇ ਇਸ ਗੰਭੀਰ ਮਸਲੇ ਪ੍ਰਤੀ ਅਣਗਹਿਲੀ ਭਰਿਆ ਵਤੀਰਾ ਅਪਣਾਈ ਰੱਖਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ। ਚਾਹੀਦਾ ਤਾਂ ਇਹ ਸੀ ਕਿ ਪ੍ਰਸ਼ਾਸਨ ਸਮੇਂ ਸਿਰ ਢੁੱਕਵੀਂ ਕਾਰਵਾਈ ਕਰਕੇ ਇਸ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ, ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਲਈ ਬਾਣੀ ਦਾ ਜਾਪ ਕਰ ਰਹੀਆਂ ਸ਼ਾਂਤਮਈ ਸੰਗਤਾਂ ਉਤੇ ਪੁਲਸ ਨੇ ਗੋਲੀਆਂ ਤੇ ਡਾਂਗਾਂ ਚਲਾ ਕੇ ਨਾਦਰਸ਼ਾਹੀ ਜ਼ੁਲਮਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਪ੍ਰਸ਼ਾਸਨ ਦੇ ਸਿੱਖਾਂ ਨਾਲ ਇਸ ਵਧੀਕੀ ਅਤੇ ਅੱਤਿਆਚਾਰੀ ਰਵੱਈਏ ਦੀ ਪੰਜ ਸਿੰਘ ਸਾਹਿਬਾਨ ਵੱਲੋਂ ਘੋਰ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਗ੍ਰਿਫਤਾਰ ਕੀਤੇ ਗਏ ਸਾਰੇ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਕੇ ਅੱਤਿਆਚਾਰ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਡਿਸਮਿਸ ਕਰਕੇ ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਤੇ ਜ਼ਖ਼ਮੀ ਕਰਨ ਦੇ ਕੇਸ ਚਲਾਏ ਜਾਣ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਨੇ ਹੁਣ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਫਿਰ ਪੰਥਕ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹ ਹੱਥ 'ਤੇ ਹੱਥ ਰੱਖ ਕੇ ਨਾ ਬੈਠੇ, ਸਗੋਂ ਕੇਸਾਂ ਦੀ ਪੈਰਵੀ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਏ।
ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਹੀਦ ਹੋਏ ਸਿੰਘਾਂ ਦੇ ਪਰਵਾਰਾਂ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਤੇ ਗੰਭੀਰ ਜ਼ਖ਼ਮੀ ਹੋਏ ਸਿੰਘਾਂ ਦੇ ਇਲਾਜ ਦਾ ਸਾਰਾ ਖਰਚਾ ਅਦਾ ਕਰੇ। ਉਹਨਾਂ ਕਿਹਾ ਕਿ ਫੱਟੜ ਹੋਏ ਸਿੰਘਾਂ ਨੂੰ ਵੀ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਪਰਵਾਰਾਂ ਦਾ ਗੁਜ਼ਾਰਾ ਹੋ ਸਕੇ। ਉਹਨਾਂ ਕਿਹਾ ਕਿ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਤਂੋ ਕਈ ਵਾਰੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਗੁਰੂ ਘਰਾਂ ਦੇ ਬਾਹਰ ਪਹਿਰੇਦਾਰ ਖੜੇ ਕੀਤੇ ਜਾਣ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਹਨਾਂ ਕਿਹਾ ਕਿ ਹਰ ਪਿੰਡ ਦੇ ਗੁਰਦੁਆਰੇ ਦੀ ਜਾਣਕਾਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਦਿੱਤੀ ਜਾਵੇ ਤਾਂ ਕਿ ਸਾਰਿਆਂ ਦੀ ਲਿਸਟ ਤਿਆਰ ਕਰਕੇ ਰੱਖੀ ਜਾ ਸਕੇ। ਉਹਨਾਂ ਕਿਹਾ ਕਿ ਜਿਹੜਾ ਵੀ ਗ੍ਰੰਥੀ ਜਾਂ ਗੁਰਦੁਆਰਾ ਕਮੇਟੀ ਉਲੰਘਣਾ ਕਰੇਗੀ ਅਤੇ ਕੋਈ ਵੀ ਘਟਨਾ ਵਾਪਰਨ ਲਈ ਗ੍ਰੰਥੀ ਤੇ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਣਗੀਆਂ ਤੇ ਸਭ ਤਂੋ ਪਹਿਲਾਂ ਪਰਚਾ ਉਹਨਾਂ ਖਿਲਾਫ ਹੀ ਦਰਜ ਕਰਵਾਇਆ ਜਾਵੇਗਾ।
ਚੀਫ ਖਾਲਸਾ ਦੀਵਾਨ ਵੱਲੋਂ ਸੁਆਗਤ
ਅੱਜ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਇੱਕਤਰਤਾ‘ ਦੌਰਾਨ ਚੀਫ ਖਾਲਸਾ ਦੀਵਾਨ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋ ਅੰਜਾਮ ਦਿੱਤੇ ਗਏ ਅਜਿਹੇ ਸ਼ਰਮਨਾਕ ਵਰਤਾਰੇ ਕਾਰਨ ਸਮੁੱਚੇ ਜਗਤ ਦੀ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਤਨੋ-ਮਨੋ ਸਮਰਪਿਤ ਕਿਸੇ ਵੀ ਸਿੱਖ ਲਈ ਆਪਣੇ ਗੁਰੂ ਦਾ ਅਜਿਹਾ ਅਨਾਦਰ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੈ, ਜਿਸ ਨਾਲ ਸਿੱਖੀ ਭਾਵਨਾ ਅਤੇ ਸਿੱਖ ਪੰਥ ਦੇ ਮਾਣ-ਸਤਿਕਾਰ ਨੂੰ ਡੂੰਘੀ ਸੱਟ ਵੱਜੀ ਹੈ, ਜਿਸ ਨਾਲ ਸਿੱਖ ਸੰਗਤਾਂ ਦਾ ਵਿਰੋਧ ਵਿਚ ਉਤਰਨਾ ਸੁਭਾਵਿਕ ਹੈ। ਉਹਨਾਂ ਪ੍ਰਦਸ਼ਨ ਦੌਰਾਨ ਜ਼ਖਮੀ ਅਤੇ ਸ਼ਹੀਦ ਹੋਏ ਸਿੱਖਾਂ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਉਹਨਾਂ ਦੇ ਪਰਵਾਰਾਂ ਨਾਲ ਸ਼ੋਕ ਦਾ ਪ੍ਰਗਟਾਵਾ ਕੀਤਾ।
ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਾਨਵਤਾ ਦੇ ਥੰਮ੍ਹ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਮਾਣ ਮਰਿਯਾਦਾ ਲਈ ਉਤਰੇ ਜ਼ਖਮੀ ਅਤੇ ਸ਼ਹੀਦ ਸਿੱਖ‘ ਦੇ ਪਰਵਾਰ‘ ਨੂੰ ਸਰਕਾਰ ਵੱਲੋਂ ਚੰਗਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਉਤੇ ਜਬਰ ਢਾਹੁਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗਿਰਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਪੰਥ ਦੋਖੀ ਮੁੜ ਅਜਿਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੀ ਜੁਰੱਅਤ ਨਾ ਕਰ ਸਕੇ।
ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨਾਂ ਵੱਲੋ ਸੰਤ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਖਬਰ ਦਾ ਵੀ ਸੁਆਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ੍ਰੀ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਇਸ ਨਾਜ਼ੁਕ ਘੜੀ ਵਿੱਚ ਸਿੱਖਾਂ ਦੀਆਂ ਵਲੂੰਧਰੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਪੰਜ ਸਾਹਿਬਾਨਾਂ ਵੱਲੋਂ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ, ਜਿਹੜਾ ਕਿ ਸਿੱਖ ਕੌਮ ਦੀ ਏਕਤਾ, ਸ਼ਾਨ, ਸਤਿਕਾਰ ਬਰਕਰਾਰ ਰੱਖਣ ਵਿੱਚ ਸਹਾਇਕ ਸਿੱਧ ਹੋਵੇਗਾ।
ਇਸ ਮੌਕੇ ਮੀਤ ਪ੍ਰਧਾਨ ਸ. ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ, ਆਨਰੇਰੀ ਸੱਕਤਰ ਸ. ਨਰਿੰਦਰ ਸਿੰਘ ਖੁਰਾਣਾ, ਸ. ਸਰਬਜੀਤ ਸਿੰਘ, ਸ. ਹਰਮਿੰਦਰ ਸਿੰਘ, ਸ. ਸਵਿੰਦਰ ਸਿੰਘ ਕੱਥੁਨੰਗਲ, ਸ. ਹਰਜੀਤ ਸਿੰਘ ਤਰਨ ਤਾਰਨ, ਸ. ਚਰਨਜੀਤ ਸਿੰਘ ਕੋਠੀ ਵਾਲੇ ਹਾਜ਼ਰ ਸਨ।
ਜਥੇਦਾਰਾਂ ਵੱਲੋਂ ਫੈਸਲਾ ਰੱਦ ਕਰਨ ਨਾਲ ਪੰਥ ਨੂੰ ਰਾਹਤ ਮਿਲੀ : ਸਰਨਾ ਭਰਾ
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਨੇ ਡੇਰਾ ਮੁਖੀ ਨੂੰ ਪੰਜ ਸਿੰਘ ਸਾਹਿਬਾਨ ਵੱਲਂੋ 24 ਸਤੰਬਰ ਨੂੰ ਬਿਨਾਂ ਪੇਸ਼ ਹੋਇਆਂ ਮੁਆਫੀ ਦੇਣ ਸੰਬੰਧੀ ਅੱਜ ਗੁਰਮਤਾ ਵਾਪਸ ਲੈਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜਥੇਦਾਰਾਂ ਦੇ ਇਸ ਫੈਸਲੇ ਨਾਲ ਪੰਥ ਨੂੰ ਰਾਹਤ ਜ਼ਰੂਰ ਮਿਲੀ ਹੈ, ਪਰ ਸੰਤੁਸ਼ਟੀ ਉਸ ਵੇਲੇ ਹੋਵੇਗੀ, ਜਦਂੋ ਜਥੇਦਾਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣਗੇ।
ਜਾਰੀ ਇੱਕ ਬਿਆਨ ਰਾਹੀਂ ਸਰਨਾ ਭਰਾਵਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਪੇਸ਼ ਹੋਏ ਬਗੈਰ ਅਕਾਲ ਤਖਤ ਸਾਹਿਬ ਤੋਂ ਮੁਆਫੀ ਨਹੀਂ ਦਿੱਤੀ ਜਾ ਸਕਦੀ, ਪਰ ਜਥੇਦਾਰਾਂ ਨੇ ਸਿਆਸੀ ਦਬਾਅ ਹੇਠ ਡੇਰਾ ਮੁਖੀ ਦੇ ਇੱਕ ਸਾਦੇ ਕਾਗਜ਼ 'ਤੇ ਅਸਪੱਸ਼ਟ ਸਪੱਸ਼ਟੀਕਰਨ ਨੂੰ ਪ੍ਰਵਾਨ ਕਰਕੇ ਆਮ ਮੁਆਫੀ ਦੇ ਦਿੱਤੀ, ਜਿਸ ਦਾ ਦੁਨੀਆ ਭਰ ਦੇ ਸਿੱਖਾਂ ਵਿੱਚ ਵਿਰੋਧ ਹੋਇਆ ਅਤੇ ਪੰਥਕ ਰੋਹ ਅੱਗੇ ਝੁਕਦਿਆਂ ਜਥੇਦਾਰਾਂ ਨੂੰ ਮੁਆਫੀ ਵਾਲਾ ਗੁਰਮਤਾ ਅੱਜ ਰੱਦ ਕਰਨਾ ਪਿਆ। ਉਹ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ, ਜਿਹਨਾਂ ਜਥੇਦਾਰਾਂ ਵੱਲੋਂ ਲਏ ਗਏ ਫੈਸਲੇ ਦਾ ਡਟ ਕੇ ਵਿਰੋਧ ਕੀਤਾ, ਜਿਸ ਨਾਲ ਜਥੇਦਾਰਾਂ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ। ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਥੇਦਾਰਾਂ ਦੇ ਨਾਲ-ਨਾਲ ਮੱਕੜ ਵੀ ਬਰਾਬਰ ਦਾ ਦੋਸ਼ੀ ਹੈ ਤੇ ਉਸ ਨੂੰ ਹੁਣ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਜੇਕਰ ਮੱਕੜ ਤੇ ਜਥੇਦਾਰ ਆਪਣੇ ਅਸਤੀਫੇ ਨਹੀਂ ਦਿੰਦੇ ਤਾਂ ਸਿੱਖਾਂ ਸੰਗਤਾਂ ਉਸ ਵੇਲੇ ਤੱਕ ਸੰਘਰਸ਼ ਜਾਰੀ ਰੱਖਣਗੀਆਂ, ਜਦੋਂ ਤੱਕ ਇਹਨਾਂ ਨੂੰ ਅਹੁਦੇ ਛੱਡਣ ਲਈ ਮਜਬੂਰ ਨਹੀਂ ਕਰ ਦਿੰਦੀਆਂ।
ਦਿੱਲੀ ਕਮੇਟੀ ਵੱਲੋਂ ਫੈਸਲੇ ਦਾ ਸਵਾਗਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਅੱਜ ਡੇਰਾ ਮੁਖੀ ਦੇ ਮਸਲੇ 'ਤੇ ਬੀਤੇ ਦਿਨੀਂ ਲਏ ਗਏ ਫੈਸਲੇ ਨੂੰ ਵਾਪਸ ਲੈਣ ਦਾ ਸਵਾਗਤ ਕਰਦੇ ਹੋਏ ਤਖ਼ਤ ਸਾਹਿਬ ਤੋਂ ਆਏ ਹਰ ਫੈਸਲੇ 'ਤੇ ਪੂਰਨ ਤੌਰ 'ਤੇ ਸਮਰਪਿਤ ਹੋਣ ਦੀ ਗੱਲ ਕਹੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜ ਸਿੰਘ ਸਾਹਿਬਾਨਾਂ ਦੇ ਮੌਜੂਦਾ ਫੈਸਲੇ ਨਾਲ ਕੌਮ 'ਚ ਪਿਛਲੇ ਫੈਸਲੇ ਨਾਲ ਪੈਦਾ ਹੋਇਆ ਗੁੱਸਾ ਸ਼ਾਂਤ ਹੋਣ ਦਾ ਵੀ ਦਾਅਵਾ ਕੀਤਾ ਹੈ।
ਸ੍ਰੀ ਜੀ ਕੇ ਨੇ ਕਿਹਾ ਕਿ ਦਿੱਲੀ ਦੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਦਿੱਲੀ ਦੇ ਗੁਰਧਾਮਾਂ 'ਚ ਲਾਗੂ ਕਰਨ ਲਈ 2013 ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਸੌਂਪੀ ਸੀ, ਉਸੇ ਦਾ ਸਨਮਾਨ ਕਰਦੇ ਹੋਏ ਕਮੇਟੀ ਅਕਾਲ ਤਖ਼ਤ ਸਾਹਿਬ ਤੋਂ ਲਏ ਗਏ ਹਰ ਫੈਸਲੇ ਦਾ ਸਮਰਥਨ ਕਰਦੀ ਹੈ ਤੇ ਇਸੇ ਕਾਰਨ ਹੀ ਬੀਤੀ 24 ਸਤੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਲਏ ਗਏ ਫੈਸਲੇ ਦਾ ਕਮੇਟੀ ਵੱਲੋਂ ਪੂਰਨ ਸਮਰਥਨ ਕੀਤਾ ਗਿਆ ਸੀ ਤੇ ਅੱਜ ਵੀ ਉਸੇ ਤਰਜ਼ 'ਤੇ ਮੌਜੂਦਾ ਫੈਸਲੇ ਨੂੰ ਵੀ ਕਮੇਟੀ ਵੱਲੋਂ ਨਕਾਰੇ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।ਸ੍ਰੀ ਸਿਰਸਾ ਨੇ ਪੰਜ ਸਿੰਘ ਸਾਹਿਬਾਨਾਂ ਦੇ ਅੱਜ ਦੇ ਫੈਸਲੇ ਨੂੰ ਬਾਕੀ ਹੁਕਮਨਾਮਿਆਂ ਵਾਂਗ ਆਪਣੇ ਲਈ ਇਲਾਹੀ ਹੁਕਮ ਦੱਸਦੇ ਹੋਏ ਆਪਣੇ ਜੀਵਨ ਦੇ ਆਖਰੀ ਸੁਆਸ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਏ ਹਰ ਫੈਸਲੇ ਦੀ ਪ੍ਰੋੜ੍ਹਤਾ ਕਰਨ ਦਾ ਦਾਅਵਾ ਕੀਤਾ। ਦਿੱਲੀ ਕਮੇਟੀ ਵੱਲੋਂ ਪਹਿਲੇ ਦੀ ਤਰ੍ਹਾਂ ਡੇਰਾ ਮੁਖੀ ਦੇ ਵਿਰੋਧ ਦਾ ਮਸਲਾ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵੀ ਸ੍ਰੀ ਸਿਰਸਾ ਨੇ ਸਿੰਘ ਸਾਹਿਬਾਨ ਨੂੰ ਭਰੋਸਾ ਦਿੱਤਾ ਹੈ।

1138 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper